ਗਰੀਬ ਵਰਗ ਨਾਲ ਕੀਤਾ ਜਾ ਰਿਹਾ ਇਹ ਧੱਕਾ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ : ਬਲਬੀਰ ਸਿੱਧੂ
ਐਸ.ਏ.ਐਸ.ਨਗਰ, 10 ਅਕਤੂਬਰ 2025 : ਸੀਨੀਅਰ ਕਾਂਗਰਸੀ ਆਗੂ ਤੇ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਹਲਕਾ ਵਿਧਾਇਕ ਕੁਲਵੰਤ ਸਿੰਘ ਉੱਤੇ ਹਲਕੇ ਦੇ ਪਿੰਡਾਂ ਵਿਚ ਬੇਘਰੇ ਲੋਕਾਂ ਨੂੰ ਕਾਂਗਰਸ ਸਰਕਾਰ ਵੱਲੋਂ ਪੰਜ-ਪੰਜ ਮਰਲੇ ਦੇ ਦਿੱਤੇ ਗਏ ਪਲਾਟਾਂ ਉੱਤੇ ਮਕਾਨ ਬਣਾਉਣ ਵਿਚ ਅੜਿੱਕੇ ਖੜੇ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਹੈ ਕਿ ਗ਼ਰੀਬ ਵਰਗ ਨਾਲ ਕੀਤਾ ਜਾ ਰਿਹਾ ਇਹ ਧੱਕਾ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਸ਼੍ਰੀ ਸਿੱਧੂ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਲਕਾ ਵਿਧਇਕ ਕੁਲਵੰਤ ਸਿੰਘ ਅਗਲੀ ਚੋਣ ਵਿਚ ਆਪਣੀ ਪ੍ਰਤੱਖ ਹਾਰ ਨੂੰ ਵੇਖ ਕੇ ਐਨਾ ਘਬਰਾ ਗਿਆ ਹੈ ਕਿ ਉਹ ਗ਼ਰੀਬ ਵਰਗ ਦੇ ਇਹਨਾਂ ਬੇਘਰੇ ਲੋਕਾਂ ਨੂੰ ਇਹ ਕਹਿ ਕੇ ਧਮਕਾ ਰਿਹਾ ਹੈ ਕਿ ਜਦੋਂ ਤੱਕ ਉਹ ਅਗਲੀ ਚੋਣ ਵਿਚ ਵੋਟਾਂ ਪਾਉਣ ਦੀ ਗਰੰਟੀ ਨਹੀਂ ਦਿੰਦੇ ੳਦੋਂ ਤੱਕ ਉਹ ਇਹਨਾਂ ਪਲਾਟਾਂ ਉੱਤੇ ਘਰ ਨਹੀਂ ਬਣਾ ਸਕਣਗੇ। ਉਹਨਾਂ ਕਿਹਾ ਕਿ ਕੁਰੜਾ ਅਤੇ ਰਾਇਪੁਰ ਵਿੱਚ ਤਾਂ ਉਸ ਨੇ ਇਸ ਮਾਮਲੇ ਵਿਚ ਲੋਕਾਂ ਉੱਤੇ ਝੂਠੇ ਪਰਚੇ ਵੀ ਦਰਜ ਕਰਵਾ ਦਿੱਤੇ ਹਨ। ਉਹਨਾਂ ਅੱਗੇ ਹੋਰ ਕਿਹਾ ਕਿ ਗ਼ਰੀਬ ਵਰਗ ਨਾਲ ਕੀਤਾ ਜਾ ਰਿਹਾ ਇਹ ਧੱਕਾ ਬਹੁਤ ਹੀ ਨਿੰਦਣਯੋਗ ਕਾਰਵਾਈ ਹੈ।
ਸਾਬਕਾ ਮੰਤਰੀ ਨੇ ਕਿਹਾ ਕਿ ਕੁਲਵੰਤ ਸਿੰਘ ਗ਼ਰੀਬ ਵਰਗ ਦੇ ਲੋਕਾਂ ਨੂੰ ਇਹ ਕਹਿ ਕੇ ਵੀ ਗੁੰਮਰਾਹ ਕਰ ਰਿਹਾ ਹੈ ਕਿ ਹਲਕੇ ਦੇ ਪਿੰਡਾਂ ਵਿਚ ਬੇਘਰੇ ਲੋਕਾਂ ਨੂੰ ਪੰਜ-ਪੰਜ ਮਰਲੇ ਦੇ ਪਲਾਟ ਆਮ ਆਦਮੀ ਪਾਰਟੀ ਵੱਲੋਂ ਦਿਤੇ ਗਏ ਹਨ। ਹਲਕੇ ਦੇ ਪਿੰਡ ਬਲਿਆਲੀ ਦੇ 70 ਵਿਅਕਤੀਆਂ ਨੂੰ ਜਨਵਰੀ 2022 ਵਿਚ ਪੰਜ-ਪੰਜ ਮਰਲੇ ਦੇ ਪਲਾਟ ਅਲਾਟ ਕਰਨ ਸਬੰਧੀ ਸਰਕਾਰੀ ਰਿਕਾਰਡ ਵਿਖਾਉਂਦਿਆਂ, ਉਹਨਾਂ ਕਿਹਾ ਕਿ ਹਲਕਾ ਵਿਧਾਇਕ ਹੁਣ ਇਹ ਪ੍ਰਚਾਰ ਕਰ ਰਿਹਾ ਹੈ ਕਿ ਇਹ ਪਲਾਟ ਆਮ ਆਦਮੀ ਪਾਰਟੀ ਦੀ ਸਰਕਾਰ ਵਿਲੋਂ ਦਿੱਤੇ ਗਏ ਹਨ।
ਸ਼੍ਰੀ ਸਿੱਧੂ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਹੀ ਸਮਾਜ ਦੇ ਗ਼ਰੀਬ ਵਰਗ ਦੀ ਭਲਾਈ ਅਤੇ ਇਸ ਨੂੰ ਉੱਪਰ ਚੁੱਕਣ ਲਈ ਵਚਨਬੱਧ ਰਹੀ ਹੈ। ਉਹਨਾਂ ਕਿਹਾ ਕਿ ਇਸੇ ਮਨਸ਼ਾ ਨਾਲ ਹੀ ਪਿਛਲੀ ਕਾਂਗਰਸ ਸਰਕਾਰ ਨੇ 1 ਅਕਤੂਬਰ 2021 ਨੂੰ ਪਿੰਡਾਂ ਵਿੱਚ ਰਹਿ ਰਹੇ ਬੇਘਰੇ ਲੋਕਾਂ ਨੂੰ ਪੰਚਾਇਤ ਦੀ ਸ਼ਾਮਲਾਟ ਜ਼ਮੀਨ ਵਿੱਚੋਂ ਪੰਜ-ਪੰਜ ਮਰਲੇ ਦੇ ਪਲਾਟ ਦੇਣ ਦੀ ਨੀਤੀ ਬਣਾਈ ਸੀ ਜਿਸ ਤਹਿਤ ਇਹ ਪਲਾਟ ਅਲਾਟ ਕਰ ਕੇ ਪੱਕੀਆਂ ਸਨਦਾਂ ਦਿੱਤੀਆਂ ਗਈਆਂ ਸਨ।
ਸਾਬਕਾ ਸਿਹਤ ਮੰਤਰੀ ਨੇ ਕਿ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਨੀਤੀ ਨੂੰ ਜਾਰੀ ਰੱਖਣ ਦੀ ਥਾਂ ਅਲਾਟ ਕੀਤੇ ਗਏ ਪਲਾਟਾਂ ਉੱਤੇ ਵੀ ਮਕਾਨ ਨਾ ਬਣਨ ਦੇਣ ਦਾ ਗ਼ਰੀਬ ਵਿਰੋਧੀ ਰਾਹ ਫੜ ਲਿਆ ਹੈ। ਉਹਨਾਂ ਕਿਹਾ ਕਿ ਹਲਕਾ ਵਿਧਾਇਕ ਵੱਲੋਂ ਗ਼ਰੀਬ ਵਰਗ ਨਾਲ ਕੀਤਾ ਜਾ ਰਿਹਾ ਇਹ ਧੱਕਾ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਅਲਾਟੀਆਂ ਨੂੰ ਮਕਾਨ ਬਣਾਉਣ ਵਿਚ ਹਰ ਸੰਭਵ ਮਦਦ ਕੀਤੀ ਜਾਵੇਗੀ।