ਖੰਨਾ ਪੁਲਿਸ ਵੱਲੋਂ ਫ਼ਿਰੌਤੀ ਅਤੇ ਹਵਾਈ ਫ਼ਾਇਰਿੰਗ ਮਾਮਲੇ 'ਚ 2 ਮੁਲਜ਼ਮ ਗ੍ਰਿਫ਼ਤਾਰ
ਨਕਲੀ ਪਿਸਤੌਲ ਨਾਲ ਡਰਾ ਕੇ ਜਬਰੀ ਵਸੂਲੀ ਕਰਨ ਵਾਲਾ ਨਕਲੀ ਪੁਲਿਸ ਮੁਲਾਜ਼ਮ ਵੀ ਕਾਬੂ
Ravinder Singh
ਖੰਨਾ, 22 ਜੁਲਾਈ (2026): ਐੱਸ.ਐੱਸ.ਪੀ. ਖੰਨਾ ਦਰਪਣ ਆਹਲੂਵਾਲੀਆ (IPS) ਦੀ ਰਹਿਨੁਮਾਈ ਹੇਠ ਗੈਂਗਸਟਰਾਂ ਅਤੇ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਖੰਨਾ ਪੁਲਿਸ ਨੇ ਇੱਕ ਅਹਿਮ ਸਫ਼ਲਤਾ ਹਾਸਲ ਕਰਦਿਆਂ ਦੋ ਵੱਖ-ਵੱਖ ਮਾਮਲਿਆਂ ਵਿੱਚ 02 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਫ਼ਿਰੌਤੀ ਅਤੇ ਹਵਾਈ ਫ਼ਾਇਰਿੰਗ ਮਾਮਲੇ ਦਾ ਸੱਚ ਆਇਆ ਸਾਹਮਣੇ
ਮਾਮਲੇ ਦੀ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ 8 ਜੁਲਾਈ 2026 ਨੂੰ ਸੁਮਰਿੰਦਰ ਸੀੜਾ ਉਰਫ਼ ਸੁਮੇਰ ਸੀੜਾ (ਵਾਸੀ ਪਟਿਆਲਾ) ਦੀ ਸ਼ਿਕਾਇਤ 'ਤੇ ਥਾਣਾ ਸਿਟੀ ਖੰਨਾ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਮੁਤਾਬਕ 7 ਜੁਲਾਈ ਨੂੰ ਜੀ.ਟੀ. ਰੋਡ 'ਤੇ ਸਕੂਟਰੀ ਸਵਾਰ ਦੋ ਨੌਜਵਾਨਾਂ ਨੇ ਹਵਾਈ ਫ਼ਾਇਰਿੰਗ ਕੀਤੀ ਸੀ ਅਤੇ ਬਾਅਦ ਵਿੱਚ ਫੇਸਬੁੱਕ ਮੈਸੇਂਜਰ ਰਾਹੀਂ 50 ਲੱਖ ਰੁਪਏ ਦੀ ਫ਼ਿਰੌਤੀ ਦੀ ਵੀਡੀਓ ਕਾਲ ਆਈ ਸੀ।
ਪੁਲਿਸ ਵੱਲੋਂ ਜਦੋਂ CCTVs ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਹਾਈਵੇਅ 'ਤੇ ਸਕੂਟਰੀ ਸਵਾਰ ਵੱਲੋਂ ਖਿਡੌਣਾ ਪਿਸਤੌਲ ਨਾਲ ਹਵਾ ਵਿੱਚ ਫ਼ਾਇਰ ਕੀਤੇ ਗਏ ਸਨ। ਇਸ ਤੋਂ ਇਲਾਵਾ ਫੇਸਬੁੱਕ 'ਤੇ ਮੈਸੇਜ ਕਰਨ ਵਾਲੇ ਦੋਲਿੰਦਰ ਸੋਨੀ (ਵਾਸੀ ਹਾਥਰਸ, ਯੂ.ਪੀ.) ਨੂੰ 13 ਜੁਲਾਈ ਨੂੰ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਗਿਆ। ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਦੋਲਿੰਦਰ ਨੇ ਆਪਣੇ 70 ਸਾਲਾ ਅੰਧੇ ਪਿਤਾ ਦੇ ਇਲਾਜ ਲਈ 5,000 ਰੁਪਏ ਦੀ ਮਦਦ ਮੰਗੀ ਸੀ। ਜਾਂਚ ਵਿੱਚ ਫ਼ਿਰੌਤੀ ਮੰਗਣ ਜਾਂ ਫ਼ਾਇਰਿੰਗ ਦਾ ਕੋਈ ਗੈਂਗਸਟਰ ਸਬੰਧ ਸਾਹਮਣੇ ਨਹੀਂ ਆਇਆ।
ਨਕਲੀ ਪੁਲਿਸ ਵਾਲਾ ਬਣ ਕੇ ਵਸੂਲੀ ਕਰਨ ਵਾਲਾ ਗ੍ਰਿਫ਼ਤਾਰ
ਦੂਜੇ ਮਾਮਲੇ ਵਿੱਚ, ਥਾਣਾ ਸਿਟੀ ਖੰਨਾ ਦੇ ਥਾਣੇਦਾਰ ਅਮਰਜੀਤ ਸਿੰਘ ਨੂੰ ਮਿਲੀ ਗੁਪਤ ਸੂਚਨਾ ਦੇ ਆਧਾਰ 'ਤੇ ਪੁਲਿਸ ਨੇ ਲਖਵੀਰ ਸਿੰਘ ਉਰਫ਼ ਲੱਕੀ (ਵਾਸੀ ਪਿੰਡ ਰਾਹੋਣ) ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀ ਆਪਣੇ ਆਪ ਨੂੰ CIA Staff ਦਾ ਪੁਲਿਸ ਮੁਲਾਜ਼ਮ ਦੱਸ ਕੇ ਦਾਣਾ ਮੰਡੀ ਪਿੰਡ ਰਾਹੋਣ ਕੋਲ ਲੋਕਾਂ ਨੂੰ ਨਕਲੀ ਪਿਸਤੌਲ ਦਿਖਾ ਕੇ ਡਰਾਉਂਦਾ-ਧਮਕਾਉਂਦਾ ਸੀ ਅਤੇ ਜਬਰੀ ਵਸੂਲੀ (Extortion) ਕਰਦਾ ਸੀ।
ਪੁਲਿਸ ਨੇ ਦੋਸ਼ੀ ਖ਼ਿਲਾਫ਼ ਥਾਣਾ ਸਿਟੀ ਖੰਨਾ 'ਚ ਮੁਕੱਦਮਾ ਨੰਬਰ 185 (ਮਿਤੀ 21.07.2026) ਅਧੀਨ BNS ਦੀਆਂ ਧਾਰਾਵਾਂ 204, 308 (3), 351 (3) ਅਤੇ 30 Arms Act ਤਹਿਤ ਕੇਸ ਦਰਜ ਕਰਕੇ ਉਸ ਪਾਸੋਂ 1 ਨਕਲੀ ਪਿਸਤੌਲ ਬਰਾਮਦ ਕਰ ਲਿਆ ਹੈ। ਪੁਲਿਸ ਰਿਮਾਂਡ ਦੌਰਾਨ ਦੋਸ਼ੀ ਕੋਲੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
- Download Babushahi App
-
-