ਖੰਨਾ 'ਚ 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਵੱਡੀ ਕਾਰਵਾਈ: ਨਸ਼ੀਲੇ ਕੈਪਸੂਲਾਂ ਸਮੇਤ ਕੈਮਿਸਟ ਗ੍ਰਿਫ਼ਤਾਰ, ਮੈਡੀਕਲ ਸਟੋਰ ਸੀਲ
Ravinder Singh
ਖੰਨਾ, 1 ਸਤੰਬਰ: ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਖੰਨਾ ਪੁਲਿਸ ਅਤੇ ਸਿਹਤ ਵਿਭਾਗ ਨੇ ਸਾਂਝੀ ਕਾਰਵਾਈ ਕਰਦਿਆਂ ਮੈਡੀਕਲ ਸਟੋਰ ਦੀ ਆੜ ਵਿੱਚ ਨਸ਼ੀਲੀਆਂ ਦਵਾਈਆਂ ਵੇਚਣ ਵਾਲੇ ਇੱਕ ਕੈਮਿਸਟ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਸਐੱਸਪੀ ਡਾ. ਦਰਪਣ ਆਹਲੂਵਾਲੀਆ ਦੇ ਨਿਰਦੇਸ਼ਾਂ ਅਤੇ ਡਰੱਗ ਇੰਸਪੈਕਟਰ ਸੰਦੀਪ ਕੌਸ਼ਿਕ ਦੀ ਅਗਵਾਈ ਹੇਠ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਨੇੜੇ ਸਥਿਤ 'ਗਰੇਵਾਲ ਮੈਡੀਕਲ ਸਟੋਰ' 'ਤੇ ਛਾਪੇਮਾਰੀ ਕੀਤੀ ਗਈ, ਜਿੱਥੋਂ 460 ਪਾਬੰਦੀਸ਼ੁਦਾ ਪ੍ਰੈਗਾਬਾਲਿਨ (300 mg) ਕੈਪਸੂਲ ਅਤੇ 16,500 ਰੁਪਏ ਦੀ ਡਰੱਗ ਮਨੀ ਬਰਾਮਦ ਹੋਈ।
ਮੁਲਜ਼ਮ ਦੀ ਪਛਾਣ ਰਛਪਾਲ ਸਿੰਘ (ਵਾਸੀ ਪਿੰਡ ਕੋਟ ਪਨੇਚ, ਹਾਲ ਵਾਸੀ ਖੰਨਾ) ਵਜੋਂ ਹੋਈ ਹੈ, ਜੋ ਦਵਾਈਆਂ ਦੀ ਵਿਕਰੀ ਦਾ ਕੋਈ ਵੀ ਸੰਤੋਸ਼ਜਨਕ ਰਿਕਾਰਡ ਪੇਸ਼ ਨਹੀਂ ਕਰ ਸਕਿਆ। ਕਾਰਵਾਈ ਤੋਂ ਬਾਅਦ ਮੈਡੀਕਲ ਸਟੋਰ ਨੂੰ ਤੁਰੰਤ ਸੀਲ ਕਰ ਦਿੱਤਾ ਗਿਆ ਹੈ।
ਡਰੱਗ ਇੰਸਪੈਕਟਰ ਡਾ. ਸੰਦੀਪ ਕੌਸ਼ਿਕ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਅਗਸਤ 2023 ਵਿੱਚ ਵੀ NDPS ਐਕਟ ਤਹਿਤ ਮਾਮਲਾ ਦਰਜ ਹੋਇਆ ਸੀ ਅਤੇ ਉਹ ਜੇਲ੍ਹ ਵੀ ਜਾ ਚੁੱਕਾ ਹੈ। ਵਿਭਾਗ ਵੱਲੋਂ ਹੁਣ ਉਸ ਦਾ ਮੈਡੀਕਲ ਲਾਇਸੈਂਸ ਰੱਦ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ। ਐੱਸਐੱਸਪੀ ਡਾ. ਦਰਪਣ ਆਹਲੂਵਾਲੀਆ ਨੇ ਸਪੱਸ਼ਟ ਕੀਤਾ ਕਿ ਨਸ਼ੀਲੀਆਂ ਦਵਾਈਆਂ ਵੇਚਣ ਵਾਲੇ ਕੈਮਿਸਟਾਂ ਖ਼ਿਲਾਫ਼ ਇਹ ਸਖ਼ਤ ਮੁਹਿੰਮ ਅੱਗੇ ਵੀ ਜਾਰੀ ਰਹੇਗੀ।
- Download Babushahi App
-
-