ਖੰਨਾ 'ਚ ਅਣ-ਅਧਿਕਾਰਤ ਕਾਲੋਨੀ 'ਤੇ ਗਲਾਡਾ ਦੀ ਵੱਡੀ ਕਾਰਵਾਈ; Lady ਸਮੇਤ 4 ਖ਼ਿਲਾਫ਼ ਮਾਮਲਾ ਦਰਜ
Ravinder Singh
ਖੰਨਾ, 13 ਅਕਤੂਬਰ, 2026: ਖੰਨਾ ਦੇ ਨੇੜਲੇ ਪਿੰਡ ਭਾਦਲਾ ਵਿਖੇ ਲਗਭਗ ਸਵਾ ਏਕੜ ਰਕਬੇ ਵਿੱਚ ਅਣ-ਅਧਿਕਾਰਤ (ਗ਼ੈਰ-ਕਾਨੂੰਨੀ) ਕਾਲੋਨੀ ਉਸਾਰਨ ਦੇ ਮਾਮਲੇ ਵਿੱਚ ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ (ਗਲਾਡਾ) ਨੇ ਸਖ਼ਤ ਰੁਖ਼ ਅਖ਼ਤਿਆਰ ਕਰਦਿਆਂ ਵੱਡੀ ਕਾਰਵਾਈ ਕੀਤੀ ਹੈ। ਗਲਾਡਾ ਅਧਿਕਾਰੀ ਦੀ ਸ਼ਿਕਾਇਤ 'ਤੇ ਸਦਰ ਥਾਣਾ ਖੰਨਾ ਦੀ ਪੁਲਿਸ ਨੇ ਇੱਕ ਮਹਿਲਾ ਸਮੇਤ ਚਾਰ ਵਿਅਕਤੀਆਂ ਵਿਰੁੱਧ ਕਾਨੂੰਨੀ ਮਾਮਲਾ ਦਰਜ ਕੀਤਾ ਹੈ।
ਨਾਮਜ਼ਦ ਕੀਤੇ ਗਏ ਮੁਲਜ਼ਮਾਂ ਵਿੱਚ ਬਲਵੀਰ ਸਿੰਘ (ਵਾਸੀ ਭਾਦਲਾ ਨੀਚਾ), ਦਵਿੰਦਰ ਸਿੰਘ (ਵਾਸੀ ਮੰਡੀ ਗੋਬਿੰਦਗੜ੍ਹ), ਸੁਨੀਤਾ ਰਾਣੀ (ਵਾਸੀ ਸਰਹਿੰਦ) ਅਤੇ ਇੰਦਰਪਾਲ ਸਿੰਘ (ਵਾਸੀ ਮਾਹੌਣ) ਸ਼ਾਮਲ ਹਨ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ 'ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਐਕਟ, 1995' (PAPRA) ਦੀ ਧਾਰਾ 36 (1) ਤਹਿਤ ਕੇਸ ਦਰਜ ਕੀਤਾ ਹੈ।
ਪਿੰਡ ਵਾਸੀਆਂ ਅਨੁਸਾਰ ਖੇਤੀਬਾੜੀ ਵਾਲੀ ਜ਼ਮੀਨ 'ਤੇ ਬਿਨਾਂ ਮਨਜ਼ੂਰੀ ਤੋਂ ਕਾਲੋਨੀ ਕੱਟੀ ਜਾ ਰਹੀ ਸੀ। ਹਾਲਾਂਕਿ ਗਲਾਡਾ ਦੀ ਟੀਮ ਨੇ ਪਹਿਲਾਂ ਵੀ ਜੇ.ਸੀ.ਬੀ. (JCB) ਦੀ ਮਦਦ ਨਾਲ ਇੱਥੇ ਬਣਾਈਆਂ ਸੜਕਾਂ ਅਤੇ ਅਣ-ਅਧਿਕਾਰਤ ਨਿਰਮਾਣ ਨੂੰ ਢਹਿ-ਢੇਰੀ ਕਰ ਦਿੱਤਾ ਸੀ, ਪਰ ਕਾਲੋਨੀ ਮਾਲਕਾਂ ਨੇ ਕਾਨੂੰਨ ਦੀ ਪਰਵਾਹ ਕੀਤੇ ਬਿਨਾਂ ਨਿਰਮਾਣ ਕਾਰਜ ਜਾਰੀ ਰੱਖੇ ਅਤੇ ਭੋਲੇ-ਭਾਲੇ ਲੋਕਾਂ ਨੂੰ ਪਲਾਟ ਵੇਚ ਕੇ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲਗਾਉਣਾ ਜਾਰੀ ਰੱਖਿਆ। ਐੱਸ.ਐੱਸ.ਪੀ. ਖੰਨਾ ਦੇ ਨਿਰਦੇਸ਼ਾਂ 'ਤੇ ਥਾਣਾ ਮੁਖੀ ਵਿਜੈਪਾਲ ਸਿੰਘ ਨੇ ਪੁਸ਼ਟੀ ਕੀਤੀ ਹੈ ਕਿ ਗਲਾਡਾ ਦੀ ਜਾਂਚ ਰਿਪੋਰਟ ਦੇ ਆਧਾਰ 'ਤੇ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।
- Download Babushahi App
-
-