ਖਿਡਾਉਣਾ ਪਿਸਤੋਲ ਨਾਲ ਨਕਲੀ ਗੋਲੀ ਚਲਾ ਕੇ ਕਲੀਨਿਕ ਅਤੇ ਕਰਿਆਨੇ ਦੀ ਦੁਕਾਨ ਨੂੰ ਲੁੱਟਣ ਵਾਲੇ ਲੜਕੀ ਸਮੇਤ ਤਿੰਨ ਕਾਬੂ, ਚੌਥਾ ਫਰਾਰ
(ਦੀਪਕ ਜੈਨ)
ਜਗਰਾਓ, 21 Nov 2026 :
ਪੁਲਿਸ ਜਿਲ੍ਹਾ ਲੁਧਿਆਣਾ ਦਿਹਾਤੀ ਦੇ ਥਾਣਾ ਸਿਟੀ ਜਗਰਾਉਂ ਦੇ ਇਲਾਕੇ ਵਿੱਚ ਬੀਤੀ 18 ਨਵੰਬਰ ਨੂੰ ਸ਼ਾਮ ਦੇ ਸਮੇਂ ਇੱਕ ਕਲੀਨਿਕ ਦੇ ਬਾਹਰ ਗੱਡੀ ਉੱਪਰ ਆਏ ਲੁਟੇਰਿਆਂ ਵੱਲੋਂ ਇੱਕ ਲੈਪਟੋਪ ਅਤੇ ਨਕਦੀ ਦੀ ਲੁੱਟਖੋਹ ਕੀਤੀ ਗਈ ਸੀ। ਜਿਸ ਘਟਨਾ ਨੂੰ ਲੁਧਿਆਣਾ ਦਿਹਾਤੀ ਦੇ ਐਸਐਸਪੀ ਡਾਕਟਰ ਅੰਕੁਰ ਗੁਪਤਾ ਵੱਲੋਂ ਅਲੱਗ ਅਲੱਗ ਟੀਮਾਂ ਬਣਾ ਕੇ ਟਰੇਸ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ। ਜਿਸ ਤੇ ਸੀਆਈਏ ਸਟਾਫ ਜਗਰਾਉਂ ਦੇ ਮੁਖੀ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਅਤੇ ਥਾਣਾ ਸਿਟੀ ਜਗਰਾਉਂ ਦੇ ਮੁਖੀ ਇੰਸਪੈਕਟਰ ਪਰਮਿੰਦਰ ਸਿੰਘ ਦੀ ਅਗਵਾਈ ਵਿੱਚ ਬਣੀਆਂ ਟੀਮਾਂ ਨੇ ਇੱਕ ਲੜਕੀ ਸਮੇਤ ਤਿੰਨ ਦੋਸ਼ੀਆਂ ਨੂੰ ਕਾਬੂ ਕਰ ਲਿੱਤਾ ਗਿਆ ਹੈ ਅਤੇ ਇਹਨਾਂ ਦਾ ਚੌਥਾ ਸਾਥੀ ਫਰਾਰ ਹੈ। ਜਿਸ ਬਾਰੇ ਐਸਐਸਪੀ ਡਾਕਟਰ ਅੰਕੁਰ ਗੁਪਤਾ ਨੇ ਅੱਜ ਇੱਕ ਪੱਤਰਕਾਰ ਮਿਲਣੀ ਵਿੱਚ ਦੱਸਿਆ ਕਿ ਉਕਤ ਦੋਸ਼ੀ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿੱਤਾ ਜਾਵੇਗਾ। ਉਹਨਾਂ ਅੱਗੇ ਦੱਸਿਆ, ਇਹ ਦੋਸ਼ੀ ਗਿਣਤੀ ਵਿੱਚ ਕੁੱਲ ਚਾਰ ਸਨ ਅਤੇ ਦੋ ਬਰੀਜਾ ਗੱਡੀ ਦੇ ਅੰਦਰ ਹੀ ਬੈਠੇ ਰਹੇ ਅਤੇ ਦੋ ਜਣੇ ਲੁੱਟ ਖੋਹ ਦੀਆਂ ਵਾਰਦਾਤਾਂ ਕਰਨ ਲਈ ਉੱਤਰ ਕੇ ਵਾਰਦਾਤ ਵਾਲੀ ਜਗ੍ਹਾ ਤੇ ਗਏ ਸਨ। ਉਹਨਾਂ ਦੱਸਿਆ ਕਿ ਇਹ ਲੋਕ ਪੂਰੀ ਤਰਹਾਂ ਜਰਾਇਮ ਪੇਸ਼ਾ ਹਨ ਅਤੇ ਇਹਨਾਂ ਦੀ ਫਿਤਰਤ ਈ ਜੁਰਮ ਕਰਨ ਦੀ ਹੈ।
ਇਹਨਾਂ ਵਿੱਚੋਂ ਇੱਕ ਦੋਸ਼ੀ ਸ਼ੁਭਮ ਪੁੱਤਰ ਰਣਜੀਤ ਕੁਮਾਰ ਵਾਸੀ ਸ਼ਿਵਾ ਜੀ ਨਗਰ ਨੇੜੇ ਸੀਐਮਸੀ ਹਸਪਤਾਲ ਲੁਧਿਆਣਾ ਜਿਸ ਦੇ ਖਿਲਾਫ ਪਹਿਲਾਂ ਵੀ ਐਨਡੀਪੀਐਸ ਐਕਟ ਅਧੀਨ ਥਾਣਾ ਦੋਰਾਹਾ ਜ਼ਿਲਾ ਲੁਧਿਆਣਾ ਵਿਖੇ ਮਾਮਲਾ ਦਰਜ ਹੈ ਅਤੇ ਦੂਸਰਾ ਦੋਸ਼ੀ ਗੁਰਜੋਤ ਸਿੰਘ ਉਰਫ ਜੋਤ ਪੁੱਤਰ ਗੁਰਵਿੰਦਰ ਸਿੰਘ ਵਾਸੀ ਧਮੋਟ ਕਲਾਂ ਜਿਸ ਦੇ ਖਿਲਾਫ ਲੁਧਿਆਣਾ ਅਤੇ ਖੰਨਾ ਪੁਲਿਸ ਜ਼ਿਲਿਆਂ ਦੇ ਅਲੱਗ ਅਲੱਗ ਥਾਣਿਆਂ ਵਿੱਚ 6 ਅਪਰਾਧਿਕ ਮਾਮਲੇ ਦਰਜ ਹਨ। ਜਗਰਾਉਂ ਇਲਾਕੇ ਵਿੱਚ ਵਾਰਦਾਤ ਕਰਨ ਤੋਂ ਬਾਅਦ ਇਹ ਲੋਕ ਮੌਕੇ ਤੋਂ ਫਰਾਰ ਹੋ ਗਏ ਸਨ, ਪਰੰਤੂ ਇਹਨਾਂ ਵੱਲੋਂ ਸੁਧਾਰ ਇਲਾਕੇ ਵਿੱਚ ਵੀ ਇੱਕ ਏਟੀਐਮ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ। ਪਰ ਉਕਤ ਏਟੀਐਮ ਵਿੱਚ ਐਂਟੀ ਥੈਫਟ ਸਿਸਟਮ ਲੱਗਿਆ ਹੋਣ ਕਾਰਨ ਬਚਾਅ ਹੋ ਗਿਆ ਸੀ ਅਤੇ ਇਹ ਮੌਕੇ ਤੋਂ ਭੱਜ ਗਏ। ਉਹਨਾਂ ਅੱਗੇ ਦੱਸਿਆ ਕਿ ਪੁਲਿਸ ਵੱਲੋਂ ਤਕਨੀਕੀ ਉਪਕਰਨਾ ਦਾ ਸਹਾਰਾ ਲੈਂਦੇ ਹੋਏ ਇਹਨਾਂ ਦੀ ਭਾਲ ਕੀਤੀ ਗਈ ਅਤੇ ਪੁਲਿਸ ਦੀਆਂ ਟੀਮਾਂ ਨੇ ਇਹਨਾਂ ਨੂੰ ਜਗਰਾਓ ਇਲਾਕੇ ਵਿੱਚ ਹੀ ਕਿਸੇ ਨਵੀਂ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਨ ਤੋਂ ਪਹਿਲਾਂ ਹੀ ਕਾਬੂ ਕਰ ਲਿੱਤਾ ਗਿਆ। ਇਹਨਾਂ ਦਾ ਇੱਕ ਸਾਥੀ ਕਰਨ ਜੋ ਕਿ ਗੁਰਜੋਤ ਦਾ ਭਰਾ ਹੈ ਅਤੇ ਉਸ ਉੱਪਰ ਵੀ ਪਹਿਲਾਂ ਦੋ ਮੁਕਦਮੇ ਦਰਜ ਹਨ ਮੌਕੇ ਤੋਂ ਫਰਾਰ ਹੋ ਗਿਆ। ਉਹਨਾਂ ਦੱਸਿਆ ਕਿ ਉਕਤ ਦੋਸ਼ੀਆਂ ਦਾ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਰਿਮਾਂਡ ਦੌਰਾਨ ਇਹਨਾਂ ਪਾਸੋਂ ਹੋਰ ਵੀ ਕੀਤੀਆਂ ਗਈਆਂ ਵਾਰਦਾਤਾਂ ਬਾਰੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਇਹਨਾਂ ਕੋਲੋਂ ਇੱਕ.30 ਬੋਰ ਪਿਸਟਲ ਮੈਗਜ਼ੀਨ ਸਮੇਤ, ਇੱਕ ਖਿਡਾਉਣਾ ਪਿਸਤੌਲ, ਘਟਨਾ ਵਿੱਚ ਵਰਤੀ ਗਈ ਚਿੱਟੇ ਰੰਗ ਦੀ ਮਰੂਤੀ ਬਰੀਜਾ ਕਾਰ, ਇੱਕ ਚੋਰੀ ਕੀਤਾ ਗਿਆ ਲੈਪਟਾਪ, ਇੱਕ ਆਈਫੋਨ 13 ਪ੍ਰੋ ਮੈਕਸ, ਇੱਕ ਰੈਡਮੀ ਪ੍ਰੋ ਪਲਸ, ਇੱਕ ਫੋਨ ਸੈਮਸੰਗ 8 ਪਲਸ ਅਤੇ ਇੱਕ ਬੀਵੋ ਦਾ ਮੋਬਾਈਲ ਬਰਾਮਦ ਕੀਤੇ ਗਏ ਹਨ। ਐਸ ਐਸ ਪੀ ਲੁਧਿਆਣਾ ਦਿਹਾਤੀ ਡਾਕਟਰ ਅਕੁੰਰ ਗੁਪਤਾ ਨੇ ਜਰਾਇਮ ਪੇਸ਼ਾ ਲੋਕਾਂ ਨੂੰ ਚਿਤਾਵਨੀ ਦਿੰਦੇ ਹੋਏ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵੱਲੋਂ 0 ਟੋਲਰੈਂਸ ਨੀਤੀ ਚਲਾਉਂਦੇ ਹੋਏ ਅਪਰਾਧੀਆਂ ਉੱਪਰ ਕਾਬੂ ਪਾਉਣ ਲਈ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਜਿਸ ਲਈ ਉਹਨਾਂ ਕਿਹਾ ਕਿ ਅਜਿਹੇ ਲੋਕ ਜਾਂ ਤਾਂ ਇਲਾਕਾ ਛੱਡ ਕੇ ਚਲੇ ਜਾਣ ਜਾਂ ਫਿਰ ਉਹਨਾਂ ਨੂੰ ਜਲਦੀ ਕਾਬੂ ਕਰਕੇ ਸਲਾਖਾਂ ਪਿੱਛੇ ਡੱਕ ਦਿੱਤਾ ਜਾਵੇਗਾ।
- Download Babushahi App
-
-