ਓਵਰਬ੍ਰਿਜ਼ ਹੇਠੋਂ ਰੇਹੜੀਆਂ ਫੜ੍ਹੀਆਂ ਚੁਕਾਉਣ 'ਤੇ ਅਚਾਨਕ ਬੇਰੁਜ਼ਗਾਰ ਹੋਏ ਗ਼ਰੀਬ ਕਾਰੋਬਾਰੀ
ਛਾਇਆ ਗੁਜ਼ਾਰੇ ਦਾ ਸੰਕਟ; ਮੁੜ੍ਹ ਵਸੇਬੇ ਲਈ ਜਗ੍ਹਾ ਮੰਗੀ
ਅਸ਼ੋਕ ਵਰਮਾ
ਬਠਿੰਡਾ, 29 ਸਤੰਬਰ 2026:ਚੰਡੀਗੜ੍ਹ ਬਠਿੰਡਾ ਨੈਸ਼ਨਲ ਹਾਈਵੇਅ 'ਤੇ ਪੈਂਦੇ ਬਰਨਾਲਾ ਦੇ ਹੰਡਿਆਇਆ ਚੌਂਕ ਓਵਰਬ੍ਰਿਜ ਹੇਠਾਂ ਖਾਲੀ ਥਾਂ ਪਿਛਲੇ ਸਮੇਂ ਤੋਂ ਸਬਜ਼ੀਆਂ , ਫਲ-ਫਰੂਟ ਤੇ ਫਾਸਟ ਫੂਡ ਵਗੈਰਾ ਦੀਆਂ ਰੇਹੜੀਆਂ ਲਗਾ ਕੇ ਗੁਜ਼ਾਰਾ ਕਰ ਰਹੇ ਨਿਮਨ ਕਾਰੋਬਾਰੀਆਂ ਨੂੰ ਨੈਸ਼ਨਲ ਹਾਈਵੇਅ ਅਥਾਰਟੀ (NHAI) ਵੱਲੋਂ ਜਾਰੀ ਨੋਟਿਸ ਮਗਰੋਂ ਰੇਹੜੀਆਂ ਹਟਾ ਦਿੱਤੀਆਂ ਗਈਆਂ। ਦਰਜਨਾਂ ਪਰਿਵਾਰਾਂ ਨੂੰ ਗੁਜ਼ਾਰੇ ਦਾ ਸੰਕਟ ਖੜ੍ਹਾ ਹੋ ਗਿਆ ਹੈ।ਪ੍ਰਾਪਤ ਵੇਰਵੇ ਅਨੁਸਾਰ ਨੈਸ਼ਨਲ ਹਾਈਵੇਅ ਅਥਾਰਟੀ ਵੱਲੋਂ ਇਨ੍ਹਾਂ ਕਾਰੋਬਾਰੀਆਂ/ਰੇਹੜੀ ਵਾਲਿਆਂ ਨੂੰ 30 ਤਰੀਕ ਤੱਕ ਜਗ੍ਹਾ ਖਾਲੀ ਕਰਨ ਦਾ ਅਲਟੀਮੇਟਮ ਦਿੱਤਾ ਗਿਆ ਸੀ ਅਤੇ ਚਿਤਾਵਨੀ ਦਿੱਤੀ ਗਈ ਸੀ ਕਿ ਜੇਕਰ ਰੇਹੜੀਆਂ ਨਾ ਹਟਾਈਆਂ ਗਈਆਂ ਤਾਂ ਸਾਰਾ ਸਮਾਨ ਜ਼ਬਤ ਕਰ ਲਿਆ ਜਾਵੇਗਾ। ਦਿੱਤਾ ਸਮਾਂ ਨੇੜੇ ਆਉਣ ਅਤੇ ਸੰਭਾਵੀ ਨੁਕਸਾਨ ਦੇ ਡਰ ਦੇ ਮੱਦੇਨਜ਼ਰ ਸਮੂਹ ਰੇਹੜੀ ਸੰਚਾਲਕ ਕਾਰੋਬਾਰੀ ਆਪਣੇ ਚੋਖੇ ਚਲਦੇ ਕੰਮ ਧੰਦੇ ਅਚਾਨਕ ਸਮੇਟਣ ਲਈ ਮਜ਼ਬੂਰ ਹੋ ਗਏ।
ਇਸ ਮੌਕੇ ਪੀੜਤ ਰੇਹੜੀ ਸੰਚਾਲਕ ਗੁਰਦਾਸ ਸਿੰਘ, ਬਨਾਰਸੀ ਸ਼ਾਹ, ਵਿਜੇ ਕੁਮਾਰ, ਵਰਿੰਦਰ ਕੁਮਾਰ, ਗੁਰਦੇਵ ਸਿੰਘ, ਸੇਵਕ ਸਿੰਘ ਤੇ ਨਿਰਮਲ ਸਿੰਘ ਸਮੇਤ ਹੋਰਨਾਂ ਨੇ ਆਪਣੀ ਪੀੜਾ ਬਿਆਨਦਿਆਂ ਕਿਹਾ ਕਿ ਉਹ ਪਿਛਲੇ ਕਈ ਸਾਲਾਂ ਤੋਂ ਇੱਥੇ ਰੇਹੜੀਆਂ/ਫੜ੍ਹੀਆਂ ਵਗੈਰਾ ਲਗਾ ਕੇ ਆਪਣੇ ਪਰਿਵਾਰਾਂ ਦੀ ਪੇਟ ਪਾਲਣਾ ਕਰ ਰਹੇ ਸਨ। ਅੱਜ ਅੱਡੇ ਚੁਕਵਾਉਣ ਦੇ ਸਿੱਟੇ ਵਜੋਂ ਉਹ ਅਚਾਨਕ ਬੇਰੁਜ਼ਗਾਰ ਹੋ ਗਏ ਹਨ।ਰੋਸ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਕੁਝ ਦਿਨ ਪਹਿਲਾਂ ਹਲਕਾ ਆਗੂ ਤੇ ਸੰਸਦ ਮੈਂਬਰ ਮੀਤ ਹੇਅਰ ਦੇ ਬਰਨਾਲਾ ਦਫ਼ਤਰ ਪੁੱਜ ਕੇ ਉਨ੍ਹਾਂ ਦੇ ਕੰਮ ਧੰਦੇ ਚੌਪਟ ਹੋਣ ਦਾ ਖ਼ਦਸ਼ਾ ਸਾਂਝਾ ਕਰਕੇ ਆਏ ਸਨ ਜਿੱਥੇ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਉਨ੍ਹਾਂ ਨਾਲ ਅਜਿਹਾ ਕੁਝ ਨਹੀਂ ਵਾਪਰੇਗਾ ਅਤੇ ਉਨ੍ਹਾਂ ਦਾ ਕੰਮ-ਕਾਰ ਪ੍ਰਭਾਵਿਤ ਨਹੀਂ ਹੋਣ ਦਿੱਤਾ ਜਾਵੇਗਾ। ਪਰ ਭਰੋਸੇ ਦੇ ਬਾਵਜੂਦ ਉਨ੍ਹਾਂ ਨੂੰ ਬੇਦਖ਼ਲ ਕਰ ਦਿੱਤਾ ਗਿਆ ਹੈ।ਪੀੜਤਾਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਆਪਣੇ ਪਰਿਵਾਰਾਂ ਦੇ ਜੀਵਨ ਨਿਰਬਾਹ ਲਈ ਪੁਰਜ਼ੋਰ ਮੰਗ ਕੀਤੀ ਹੈ ਮੁੜਵਸੇਬੇ ਹਿਤ ਉਨ੍ਹਾਂ ਨੂੰ ਸ਼ਹਿਰ ਵਿੱਚ ਕਿਸੇ ਢੁਕਵੀਂ ਥਾਂ 'ਤੇ ਰੇਹੜੀਆਂ ਲਗਾਉਣ ਦੀ ਇਜਾਜ਼ਤ ਜਾਂ ਬਦਲਵੀਂ ਜਗ੍ਹਾ ਮੁਹੱਈਆ ਕਰਵਾਈ ਜਾਵੇ, ਤਾਂ ਕਿ ਉਹ ਆਪਣੇ ਬੱਚਿਆਂ ਦਾ ਪੇਟ ਪਾਲ ਸਕਣ।
- Download Babushahi App
-
-