ਅਧਿਆਪਕ ਜਥੇਬੰਦੀਆਂ ਵੱਲੋਂ ਲੈਕਚਰਾਰ ਗੁਰਜੀਤ ਸਿੰਘ ਲਾਲਿਆਂ ਵਾਲੀ ਵਿਰੁੱਧ ਝੂਠਾ ਮਾਮਲਾ ਰੱਦ ਕਰਨ ਦੀ ਮੰਗ
ਹੋਇਆ ਐਕਸੀਡੈਂਟ,10 ਦਿਨਾਂ ਬਾਅਦ ਐੱਸ ਸੀ ਐੱਕਟ ਦਾ ਮਾਮਲਾ
ਦਰਜ਼, ਮਾਨਸਾ ਜ਼ਿਲ੍ਹੇ ਦੇ ਅਧਿਆਪਕਾਂ 'ਚ ਭਾਰੀ ਰੋਹ
ਅਸ਼ੋਕ ਵਰਮਾ
ਮਾਨਸਾ 10 ਅਗਸਤ 2026 : ਸਰਕਾਰੀ ਸੈਕੰਡਰੀ ਸਕੂਲ ਝੁਨੀਰ ਦੇ ਅਰਥ ਸ਼ਾਸਤਰ ਦੇ ਲੈਕਚਰਾਰ ਗੁਰਜੀਤ ਸਿੰਘ ਲਾਲਿਆਂ ਵਾਲੀ ਵਿਰੁੱਧ ਝੁਨੀਰ ਪੁਲੀਸ ਵੱਲ੍ਹੋਂ ਦਰਜ਼ ਕੀਤੇ ਐੱਸ ਸੀ ਐੱਕਟ ਦੇ ਪਰਚੇ ਨੂੰ ਝੂਠਾ ਕਰਾਰ ਦਿੰਦਿਆਂ ਮਾਨਸਾ ਜ਼ਿਲ੍ਹੇ ਦੀਆਂ ਅਧਿਆਪਕ ਤੇ ਮੁਲਾਜ਼ਮ ਜਥੇਬੰਦੀਆਂ ਵੱਲੋਂ ਇਸ ਝੂਠੇ ਪਰਚੇ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਹੈ। ਅਧਿਆਪਕ ਜਥੇਬੰਦੀਆਂ ਦੀ ਅਗਵਾਈ ਹੇਠ ਅੱਜ ਵੱਡੀ ਗਿਣਤੀ ਵਿੱਚ ਅਧਿਆਪਕਾਂ ਨੇ ਜ਼ਿਲ੍ਹਾ ਪੁਲੀਸ ਮੁਖੀ ਨੂੰ ਮਿਲਣਾ ਸੀ,ਪਰ ਉਨ੍ਹਾਂ ਦੇ ਬਾਹਰ ਰੁਝੇਵੇਂ ਕਾਰਨ ਅਧਿਆਪਕ ਜਥੇਬੰਦੀਆਂ ਨੇ ਡੀ ਐੱਸ ਪੀ ਸਿਕੰਦਰ ਸਿੰਘ ਚੀਮਾਂ ਨਾਲ ਮੀਟਿੰਗ ਕਰਦਿਆਂ ਤੱਥਾਂ ਸਮੇਤ ਦੱਸਿਆ ਕਿ ਇਸ ਐਕਸੀਡੈਂਟ ਦੀ ਘਟਨਾ ਨੂੰ ਦੂਸਰੀ ਧਿਰ ਨੇ ਜਾਤੀ ਸੂਚਕ ਸ਼ਬਦ ਬੋਲਣ ਦੇ ਝੂਠੇ ਦੋਸ਼ ਮੜ੍ਹ ਦਿੱਤੇ ਅਤੇ ਪੁਲੀਸ ਵੱਲ੍ਹੋਂ ਝੂਠਾ ਮਾਮਲਾ ਦਰਜ਼ ਕਰ ਦਿੱਤਾ ਗਿਆ ।
ਡੀ ਟੀ ਐੱਫ ਦੇ ਪ੍ਰਧਾਨ ਅਮੋਲਕ ਸਿੰਘ ਡੇਲੂਆਣਾ, ਗੌਰਮਿੰਟ ਟੀਚਰਜ਼ ਯੂਨੀਅਨ ਦੇ ਪ੍ਰਧਾਨ ਨਰਿੰਦਰ ਸਿੰਘ ਮਾਖਾ, ਪ੍ਰਿੰਸੀਪਲ ਯੂਨੀਅਨ ਦੇ ਆਗੂ ਅਤੇ ਸਾਬਕਾ ਡਿਪਟੀ ਡੀਈਓ ਗੁਰਲਾਭ ਸਿੰਘ, ਡੀ ਟੀ ਐੱਫ ਦੇ ਪ੍ਰਧਾਨ ਕਰਮਜੀਤ ਸਿੰਘ ਤਾਮਕੋਟ, ਅਧਿਆਪਕ ਦਲ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਪ੍ਰਧਾਨ ਰਾਜਦੀਪ ਸਿੰਘ ਬਰੇਟਾ,ਈ ਟੀ ਟੀ ਅਧਿਆਪਕ ਯੂਨੀਅਨ ਦੇ ਪ੍ਰਧਾਨ ਖੁਸ਼ਵਿੰਦਰ ਸਿੰਘ ਬਰਾੜ,ਸਰੀਰਕ ਸਿੱਖਿਆ ਅਧਿਆਪਕ ਯੂਨੀਅਨ ਦੇ ਆਗੂ ਸ਼ਮਸ਼ੇਰ ਸਿੰਘ, ਸਿਮਰਜੀਤ ਸਿੰਘ ਅਕਲੀਆਂ, ਪੁਰਾਣੀ ਪੈਨਸ਼ਨ ਬਹਾਲ ਕਮੇਟੀ ਦੇ ਆਗੂ ਦਰਸ਼ਨ ਸਿੰਘ ਅਲੀਸ਼ੇਰ, ਧਰਮਿੰਦਰ ਸਿੰਘ ਹੀਰੇਵਾਲਾ ,ਨੇ ਦੱਸਿਆ ਕਿ ਲੈਕਚਰਾਰ ਗੁਰਜੀਤ ਸਿੰਘ ਲਾਲਿਆਂ ਵਾਲੀ ਦਾ ਦੂਜੀ ਧਿਰ ਨਾਲ ਸਬੰਧਿਤ ਵਿਅਕਤੀ ਦੀ ਕਾਰ ਨਾਲ 19 ਜੂਨ ਨੂੰ ਐਕਸੀਡੈਂਟ ਹੋਇਆ ਸੀ।
ਉਹਨਾਂ ਦੱਸਿਆ ਕਿ ਇਸ ਦੌਰਾਨ ਉਨ੍ਹਾਂ ਦੀ ਕਿਸੇ ਤਰ੍ਹਾਂ ਕੋਈ ਬਹਿਸ ਜਾਂ ਤਲਖ਼ੀ ਨਹੀਂ ਹੋਈ, ਸਗੋਂ ਕਿਸੇ ਦਾ ਕੋਈ ਕਸੂਰ ਨਾ ਹੋਣ ਅਤੇ ਜਾਨੀ ਨੁਕਸਾਨ ਨਾ ਹੋਣ ਦਾ ਸ਼ੁਕਰ ਮਨਾਉਂਦਿਆਂ ਦੋਨੋਂ ਧਿਰਾਂ ਨੇ ਕਿਸੇ ਵਿਰੁੱਧ ਕੋਈ ਕਾਰਵਾਈ ਨਾ ਕਰਨ ਦਾ ਭਰੋਸਾ ਦਿੱਤਾ ਸੀ,ਪਰ ਅਚਾਨਕ ਹੀ 10 ਦਿਨਾਂ ਬਾਅਦ 27 ਜੂਨ ਨੂੰ ਦੂਜੀ ਧਿਰ ਵੱਲ੍ਹੋਂ ਐਕਸੀਡੈਂਟ ਦਾ ਪਰਚਾ ਦਰਜ ਕਰਵਾ ਦਿੱਤਾ,ਹੋਰ ਵੀ ਹੈਰਾਨੀਜਨਕ ਗੱਲ ਹੋਈ ਕਿ ਅਗਲੇ ਦਿਨ ਅਚਾਨਕ ਪੁਲੀਸ ਵੱਲ੍ਹੋਂ 28 ਜੂਨ ਨੂੰ ਐੱਸ ਸੀ ਐੱਕਟ ਦਾ ਪਰਚਾ ਦਰਜ਼ ਕਰ ਦਿੱਤਾ। ਅਧਿਆਪਕ ਜਥੇਬੰਦੀਆਂ ਨੇ ਦੋਸ਼ ਲਾਇਆ ਕਿ ਦੂਜੀ ਧਿਰ ਵੱਲ੍ਹੋਂ ਲੈਕਚਰਾਰ ਗੁਰਜੀਤ ਸਿੰਘ ਲਾਲਿਆਂ ਵਾਲੀ ਨੂੰ ਬਲੈਕਮੇਲ ਕਰਨ ਲਈ ਝੂਠਾ ਪਰਚਾ ਦਰਜ਼ ਕਰਵਾਇਆ ਗਿਆ ਹੈ,ਜਿਸ ਨੂੰ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅਧਿਆਪਕ ਜਥੇਬੰਦੀਆਂ ਦੀ ਕੱਲ੍ਹ 11 ਅਗਸਤ ਨੂੰ ਜ਼ਿਲ੍ਹਾ ਪੁਲੀਸ ਮੁਖੀ ਨਾਲ ਮੀਟਿੰਗ ਤਹਿ ਹੋਈ ਹੈ,ਜਿਸ ਦੌਰਾਨ ਵਫ਼ਦ ਵੱਲ੍ਹੋਂ ਪੁਲੀਸ ਮੁਖੀ ਤੋਂ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਨ ਦੀ ਮੰਗ ਕੀਤੀ ਜਾਵੇਗੀ।
ਉਹਨਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਇਨਸਾਫ ਨਾ ਮਿਲਿਆ ਤਾਂ ਮਾਨਸਾ ਜ਼ਿਲ੍ਹੇ ਦੀਆਂ ਅਧਿਆਪਕ, ਮੁਲਾਜ਼ਮ,ਕਿਸਾਨ ਅਤੇ ਭਰਾਤਰੀ ਜਥੇਬੰਦੀਆਂ ਨਾਲ ਮਿਲ ਕੇ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਜਸਵੀਰ ਸਿੰਘ ਖਾਲਸਾ,ਵੁਆਇਸ ਆਫ਼ ਮਾਨਸਾ ਦੇ ਚੇਅਰਮੈਨ ਡਾ ਲਖਵਿੰਦਰ ਸਿੰਘ ਮੂਸਾ, ਪ੍ਰਿੰਸੀਪਲ ਗੁਰਮੀਤ ਸਿੰਘ ਬੁਢਲਾਡਾ, ਪ੍ਰਿੰਸੀਪਲ ਮਦਨ ਲਾਲ ਕਟਾਰੀਆ, ਪ੍ਰਿੰਸੀਪਲ ਅਸ਼ੋਕ ਕੁਮਾਰ, ਗੁਰਜੀਤ ਸਿੰਘ ਮਾਨਸਾ, ਜਗਤਾਰ ਔਲਖ, ,ਗੁਰਪ੍ਰੀਤ ਸਿੰਘ ਬਾਲੀ,ਇੰਦਰਜੀਤ ਸਿੰਘ ਡੇਲੂਆਣਾ, ਰਵਿੰਦਰ ਸਿੰਘ ਝੁਨੀਰ, ਬਲਵਿੰਦਰ ਸਿੰਘ ਅੱਕਾਂ ਵਾਲੀ, ਬੂਟਾ ਸਿੰਘ ਤਾਮਕੋਟ,ਜਸਪ੍ਰੀਤ ਸਿੰਘ ਰੱਲੀ,ਹੰਸਾ ਸਿੰਘ ਡੇਲੂਆਣਾ, ਗੁਰਦੀਪ ਸਿੰਘ ਬਬਲੂ, ਬਲਵੀਰ ਸਿੰਘ ਕਾਂਸ਼ੀ, ਰਾਜਨਦੀਪ ਸਿੰਘ,ਲੱਖਾ ਸਿੰਘ,ਰੋਮੀ ਸਿੰਘ, ਲੈਕਚਰਾਰ ਸੁਸ਼ੀਲ ਕੁਮਾਰ,ਗੁਰਮੀਤ ਸਿੰਘ, ਚਮਕੌਰ ਸਿੰਘ ਜੋੜਕੀਆਂ, ਅੰਗਰੇਜ਼ ਸਿੰਘ, ਅਤੇ ਵੱਡੀ ਗਿਣਤੀ ਵਿਚ ਹੋਰ ਆਗੂ ਸ਼ਾਮਲ ਸਨ।
- Download Babushahi App
-
-