ਨਗਰ ਨਿਗਮ ਚੋਣਾਂ : ਬਠਿੰਡਾ ਵਿੱਚ ਚੱਲਿਆ ਆਮ ਆਦਮੀ ਪਾਰਟੀ ਦਾ ਝਾੜੂ
ਅਸ਼ੋਕ ਵਰਮਾ
ਬਠਿੰਡਾ , 30 ਮਈ 2026: ਨਗਰ ਨਿਗਮ ਬਠਿੰਡਾ ਦੀਆਂ ਹੋਈਆਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੇ ਪੰਜਾਬ ਵਾਰਡਾਂ ਵਿੱਚੋਂ 35 ਵਿੱਚ ਜਿੱਤ ਦਾ ਝੰਡਾ ਲਹਿਰਾਇਆ ਹੈ। ਇਸ ਦੌਰਾਨ ਖੁਦ ਨੂੰ ਜਿੱਤ ਦਾ ਦਾਅਵੇਦਾਰ ਦੱਸਣ ਵਾਲੀ ਭਾਰਤੀ ਜਨਤਾ ਪਾਰਟੀ ਸਿਰਫ ਇੱਕ ਵਾਰਡ ਵਿੱਚ ਹੀ ਚੋਣ ਜਿੱਤ ਸਕੀ ਹੈ। ਪਿਛਲੀ ਵਾਰ ਸੱਤ ਵਾਰਡਾਂ ਵਿੱਚ ਜਿੱਤਣ ਵਾਲਾ ਸ਼੍ਰੋਮਣੀ ਅਕਾਲੀ ਦਲ ਇਸ ਵਾਰ ਤਿੰਨ ਸੀਟਾਂ ਤੇ ਸਿਮਟ ਕੇ ਰਹਿ ਗਿਆ ਹੈ। ਇਹਨਾਂ ਚੋਣਾਂ ਦੌਰਾਨ ਸਭ ਤੋਂ ਮਾੜੀ ਸਥਿਤੀ ਕਾਂਗਰਸ ਦੀ ਰਹੀ ਜਿਸਨੇ 2021 ਵਿੱਚ 43 ਵਾਰਡਾਂ ਵਿੱਚ ਜਿੱਤ ਹਾਸਿਲ ਕੀਤੀ ਸੀ ਪਰ ਇਸ ਵਾਰ ਸਿਰਫ ਪੰਜ ਵਾਰਡਾਂ ਵਿੱਚ ਹੀ ਕਾਂਗਰਸੀ ਉਮੀਦਵਾਰ ਜਿੱਤ ਸਕੇ ਹਨ। ਇਸ ਮੌਕੇ ਛੇ ਵਾਰਡਾਂ ਵਿੱਚ ਆਜ਼ਾਦ ਉਮੀਦਵਾਰਾਂ ਨੇ ਚੋਣ ਜਿੱਤਣ ਵਿੱਚ ਸਫਲਤਾ ਹਾਸਿਲ ਕੀਤੀ ਹੈ।ਨਤੀਜਿਆਂ ਵਿੱਚ ਕਈ ਵਾਰਡ ਸਿਆਸੀ ਤੌਰ ‘ਤੇ ਖਾਸ ਅਹਿਮੀਅਤ ਵਾਲੇ ਰਹੇ। ਵਾਰਡ ਨੰਬਰ 5 ਤੋਂ ਲੋਕ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਸੱਸ ਹਰਬੰਸ ਕੌਰ ਨੇ ਆਮ ਆਦਮੀ ਪਾਰਟੀ ਦੇ ਟਿਕਟ ‘ਤੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਇਸ ਜਿੱਤ ਨੂੰ ਪਾਰਟੀ ਦੇ ਸੰਗਠਨ ਅਤੇ ਪ੍ਰਭਾਵ ਦੀ ਵੱਡੀ ਮਿਸਾਲ ਮੰਨਿਆ ਜਾ ਰਿਹਾ ਹੈ।
ਇਸੇ ਤਰ੍ਹਾਂ ਵਾਰਡ ਨੰਬਰ 3 ਵਿੱਚ ਵੀ ਦਿਲਚਸਪ ਮੁਕਾਬਲਾ ਦੇਖਣ ਨੂੰ ਮਿਲਿਆ, ਜਿੱਥੇ ਮੌਜੂਦਾ ਵਿਧਾਇਕ ਜਗਰੂਪ ਸਿੰਘ ਗਿੱਲ ਦੀ ਭਾਣਜ ਨੂੰਹ ਰਮਨਜੀਤ ਕੌਰ ਨੇ ਆਜ਼ਾਦ ਉਮੀਦਵਾਰ ਵਜੋਂ ਜਿੱਤ ਹਾਸਲ ਕਰਕੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਇਸ ਨਤੀਜੇ ਨੇ ਸਥਾਨਕ ਸਿਆਸਤ ਵਿੱਚ ਨਵੇਂ ਸੰਕੇਤ ਦਿੱਤੇ ਹਨ।
ਆਮ ਆਦਮੀ ਪਾਰਟੀ ਦੇ ਕਈ ਉਮੀਦਵਾਰਾਂ ਨੇ ਵੱਡੇ ਅੰਤਰ ਨਾਲ ਜਿੱਤ ਦਰਜ ਕਰਦਿਆਂ ਵਿਰੋਧੀਆਂ ਨੂੰ ਪਿੱਛੇ ਛੱਡ ਦਿੱਤਾ। ਵਾਰਡ ਨੰਬਰ 22 ਤੋਂ ਸ਼ਾਮ ਲਾਲ ਨੇ 2392 ਵੋਟਾਂ ਦੇ ਵੱਡੇ ਅੰਤਰ ਨਾਲ ਜਿੱਤ ਹਾਸਲ ਕੀਤੀ, ਜੋ ਇਨ੍ਹਾਂ ਚੋਣਾਂ ਦੀਆਂ ਸਭ ਤੋਂ ਵੱਡੀਆਂ ਜਿੱਤਾਂ ਵਿੱਚੋਂ ਇੱਕ ਮੰਨੀ ਜਾ ਰਹੀ ਹੈ। ਇਸੇ ਤਰ੍ਹਾਂ ਵਾਰਡ ਨੰਬਰ 43 ਤੋਂ ਰਾਜਵੀਰ ਗਰਗ ਨੇ 1500 ਵੋਟਾਂ ਨਾਲ ਜਿੱਤ ਦਰਜ ਕੀਤੀ।
ਕਾਂਗਰਸ ਦੇ ਸੰਦੀਪ ਕੁਮਾਰ ਨੇ ਵਾਰਡ ਨੰਬਰ 34 ਤੋਂ 1445 ਵੋਟਾਂ ਦੇ ਫ਼ਰਕ ਨਾਲ ਜਿੱਤ ਪ੍ਰਾਪਤ ਕਰਕੇ ਆਪਣੀ ਪਾਰਟੀ ਦੀ ਲਾਜ ਰੱਖੀ।ਚੋਣਾਂ ਦਾ ਸਭ ਤੋਂ ਖਾਸ ਨਤੀਜਾ ਵਾਰਡ ਨੰਬਰ 46 ਵਿੱਚ ਸਾਹਮਣੇ ਆਇਆ, ਜਿੱਥੇ ਆਮ ਆਦਮੀ ਪਾਰਟੀ ਦੇ ਪਦਮਜੀਤ ਸਿੰਘ ਮਹਿਤਾ ਬਿਨਾਂ ਮੁਕਾਬਲੇ ਹੀ ਜੇਤੂ ਘੋਸ਼ਿਤ ਹੋ ਗਏ। ਇਸ ਨੂੰ ਪਾਰਟੀ ਦੀ ਮਜ਼ਬੂਤ ਪਕੜ ਅਤੇ ਵਿਰੋਧੀ ਧਿਰ ਦੀ ਕਮਜ਼ੋਰੀ ਵਜੋਂ ਵੇਖਿਆ ਜਾ ਰਿਹਾ ਹੈ।
ਵਾਰਡ ਨੰਬਰ 1 ਤੋਂ 10 ਤੱਕ ਆਮ ਆਦਮੀ ਪਾਰਟੀ ਦਾ ਪੂਰਾ ਦਬਦਬਾ ਰਿਹਾ। ਅਮਨਦੀਪ ਕੌਰ, ਹਰਬੀਰ ਸਿੰਘ, ਉਮੇਸ਼ ਗਰਗ, ਹਰਬੰਸ ਕੌਰ, ਬੇਅੰਤ ਸਿੰਘ ਰੰਧਾਵਾ, ਮਨਦੀਪ ਕੌਰ ਰਾਮਗੜੀਆ, ਅਸ਼ੋਕ ਕੁਮਾਰ ਕਾਂਸਲ, ਸੁਮਨ ਬਾਲਾ ਅਤੇ ਗੁਰਚਰਨ ਸਿੰਘ ਨੇ ਜਿੱਤ ਦਰਜ ਕਰਕੇ ਪਾਰਟੀ ਨੂੰ ਮਜ਼ਬੂਤ ਸ਼ੁਰੂਆਤ ਦਿੱਤੀ।
ਵਾਰਡ ਨੰਬਰ 11 ਤੋਂ 20 ਵਿੱਚ ਵੀ ਆਮ ਆਦਮੀ ਪਾਰਟੀ ਦਾ ਰੁਝਾਨ ਕਾਇਮ ਰਿਹਾ। ਸ਼ੈਰੀ ਗੋਇਲ ਨੇ ਅਕਾਲੀ ਦਲ ਲਈ ਜਿੱਤ ਦਰਜ ਕੀਤੀ, ਜਦਕਿ ਗੁਰਸੇਵਕ ਸਿੰਘ, ਮੀਨਾ ਗੁਪਤਾ, ਰਾਮਪਰੀ ਦੇਵੀ, ਮੁਨੀਸ਼ ਕੁਮਾਰ, ਊਸ਼ਾ ਗੋਯਲ ਅਤੇ ਗੁਰਦੇਵ ਕੌਰ ਨੇ ਆਮ ਆਦਮੀ ਪਾਰਟੀ ਦੀ ਝੋਲੀ ਵਿੱਚ ਜਿੱਤਾਂ ਪਾਈਆਂ। ਕੰਵਲਜੀਤ ਸਿੰਘ ਕਾਂਗਰਸ ਵੱਲੋਂ ਜੇਤੂ ਰਹੇ, ਜਦਕਿ ਹਰਪਾਲ ਸਿੰਘ ਸਿੱਧੂ ਅਤੇ ਨਰਪਿੰਦਰ ਸਿੰਘ ਜਲਾਲ ਆਜ਼ਾਦ ਉਮੀਦਵਾਰ ਵਜੋਂ ਜਿੱਤੇ।
ਵਾਰਡ ਨੰਬਰ 21 ਤੋਂ 30 ਵਿੱਚ ਵੀ ਸਿਆਸੀ ਮੁਕਾਬਲੇ ਦਿਲਚਸਪ ਰਹੇ। ਪਰਮਜੀਤ ਕੌਰ ਰੋਮਾਣਾ ਅਤੇ ਕਿਰਨ ਰਾਣੀ ਨੇ ਕਾਂਗਰਸ ਲਈ ਜਿੱਤ ਦਰਜ ਕੀਤੀ, ਜਦਕਿ ਸ਼ਾਮ ਲਾਲ, ਵਿਕਰਮ ਕ੍ਰਾਂਤੀ, ਬਲਕਾਰ ਸਿੰਘ ਅਤੇ ਕੁਲਵਿੰਦਰ ਸਿੰਘ ਮਾਕਰ ਨੇ ਆਮ ਆਦਮੀ ਪਾਰਟੀ ਦੀ ਜਿੱਤ ਦਾ ਸਿਲਸਿਲਾ ਜਾਰੀ ਰੱਖਿਆ। ਮੱਖਣ ਸਿੰਘ ਅਤੇ ਪਰਮਜੀਤ ਕੌਰ ਸਿੱਧੂ ਨੇ ਅਕਾਲੀ ਦਲ ਲਈ ਜਿੱਤ ਹਾਸਲ ਕੀਤੀ। ਸ਼ੀਲਾ ਰਾਣੀ ਅਤੇ ਸਿਮਰਨ ਆਜ਼ਾਦ ਉਮੀਦਵਾਰ ਵਜੋਂ ਜੇਤੂ ਰਹੀਆਂ।
ਵਾਰਡ ਨੰਬਰ 31 ਤੋਂ 40 ਵਿੱਚ ਰਾਜਿੰਦਰ ਕੌਰ ਉਰਫ਼ ਹਰਜਿੰਦਰ ਕੌਰ, ਪੁਸ਼ਪਾ ਰਾਣੀ, ਧਰਮਿੰਦਰ ਕੁਮਾਰ, ਅਨੀਤਾ ਗੋਯਲ, ਜਗਪਾਲ ਸਿੰਘ ਸਿੱਧੂ, ਰਾਜ ਰਾਣੀ ਅਤੇ ਸੰਜੀਵ ਗਰਗ ਨੇ ਆਮ ਆਦਮੀ ਪਾਰਟੀ ਲਈ ਜਿੱਤ ਦਰਜ ਕੀਤੀ। ਸੰਦੀਪ ਕੁਮਾਰ ਅਤੇ ਬੇਬੀ ਸੈਣੀ ਨੇ ਕਾਂਗਰਸ ਲਈ ਜਿੱਤ ਪ੍ਰਾਪਤ ਕੀਤੀ, ਜਦਕਿ ਸੁਖਰਾਜ ਸਿੰਘ ਆਜ਼ਾਦ ਉਮੀਦਵਾਰ ਵਜੋਂ ਜੇਤੂ ਰਹੇ।
- Download Babushahi App
-
-