ਕੇਂਦਰੀ ਪੰਜਾਬੀ ਲੇਖਕ ਸਭਾ ਦਾ ਸਾਲਾਨਾ ਸਮਾਗਮ- ਹਰਚੰਦ ਸਿੰਘ ਬਾਗੜੀ 'ਸਰਵੋਤਮ ਸਾਹਿਤਕਾਰ ਅਵਾਰਡ-2026' ਨਾਲ ਸਨਮਾਨਿਤ
ਸਰੀ, 4 ਅਪ੍ਰੈਲ (ਹਰਦਮ ਮਾਨ)- ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਵੱਲੋਂ ਬੀਤੇ ਦਿਨੀਂ ਸਥਾਨਕ ਸ਼ਾਹੀ ਕੇਟਰਿੰਗ ਵਿਖੇ ਇੱਕ ਪ੍ਰਭਾਵਸ਼ਾਲੀ ਸਾਲਾਨਾ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦਾ ਮੁੱਖ ਆਕਰਸ਼ਣ ਉੱਘੇ ਸਾਹਿਤਕਾਰ ਹਰਚੰਦ ਸਿੰਘ ਬਾਗੜੀ ਨੂੰ 'ਸਾਲ 2026 ਦੇ ਸਰਵੋਤਮ ਸਾਹਿਤਕਾਰ ਅਵਾਰਡ' ਨਾਲ ਸਨਮਾਨਿਤ ਕਰਨਾ ਰਿਹਾ। ਸਮਾਗਮ ਵਿੱਚ ਸਰੀ, ਵੈਨਕੂਵਰ ਅਤੇ ਕੋਕੁਟਲਮ ਤੋਂ ਵੱਡੀ ਗਿਣਤੀ ਵਿੱਚ ਸਾਹਿਤਕਾਰਾਂ, ਲੇਖਕਾਂ ਅਤੇ ਨਾਮਵਰ ਕਾਰੋਬਾਰੀਆਂ ਨੇ ਸ਼ਿਰਕਤ ਕੀਤੀ।
ਸਮਾਗਮ ਦੀ ਸ਼ੁਰੂਆਤ ਸਭਾ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਗਿੱਲ ਦੇ ਸਵਾਗਤੀ ਭਾਸ਼ਣ ਨਾਲ ਹੋਈ। ਇਸ ਉਪਰੰਤ ਵੱਖ-ਵੱਖ ਬੁਲਾਰਿਆਂ ਨੇ ਹਰਚੰਦ ਸਿੰਘ ਬਾਗੜੀ ਦੀ ਪੰਜਾਬੀ ਸਾਹਿਤ ਨੂੰ ਦਿੱਤੀ ਅਮੁੱਲ ਦੇਣ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਸ੍ਰੀ ਬਾਗੜੀ ਨੇ ਆਪਣੀ ਕਲਮ ਰਾਹੀਂ ਸਮਾਜਿਕ ਸਰੋਕਾਰਾਂ ਅਤੇ ਪੰਜਾਬੀ ਸਭਿਅਚਾਰ ਨੂੰ ਬਾਖੂਬੀ ਪੇਸ਼ ਕੀਤਾ ਹੈ। ਬੁਲਾਰਿਆਂ ਨੇ ਇਸ ਵੱਕਾਰੀ ਸਨਮਾਨ ਲਈ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਇਸ ਫੈਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਇੱਕ ਬਹੁਤ ਹੀ ਸੁਚੱਜੀ ਚੋਣ ਹੈ। ਸਭਾ ਵੱਲੋਂ ਸਨਮਾਨ ਕਰਨ ਦੀ ਰਸਮ ਸਭਾ ਦੇ ਪ੍ਰਧਾਨ ਪ੍ਰਿਤਪਾਲ ਗਿੱਲ, ਮੀਤ ਪ੍ਰਧਾਨ ਸੁਰਜੀਤ ਮਾਧੋਪੁਰੀ, ਜਨਰਲ ਸਕੱਤਰ ਪਲਵਿੰਦਰ ਸਿੰਘ ਰੰਧਾਵਾ, ਪ੍ਰੋ. ਕਸ਼ਮੀਰਾ ਸਿੰਘ, ਸੁੱਖੀ ਬਾਠ, ਕਵਿੰਦਰ ਚਾਂਦ, ਮੋਤਾ ਸਿੰਘ ਝੀਤਾ, ਅਵਤਾਰ ਸਿੰਘ ਢਿੱਲੋਂ, ਗੈਰੀ ਥਿੰਦ ਨੇ ਅਦਾ ਕੀਤੀ।
ਸਨਮਾਨ ਪ੍ਰਾਪਤ ਕਰਨ ਉਪਰੰਤ ਹਰਚੰਦ ਸਿੰਘ ਬਾਗੜੀ ਨੇ ਆਪਣੇ ਸਾਹਿਤਕ ਸਫਰ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਆਪਣੀਆਂ ਚਰਚਿਤ ਕਵਿਤਾਵਾਂ ਪੇਸ਼ ਕਰਕੇ ਹਾਜ਼ਰੀਨ ਤੋਂ ਵਾਹ-ਵਾਹ ਖੱਟੀ। ਉਨ੍ਹਾਂ ਇਸ ਮਾਣ-ਸਨਮਾਨ ਲਈ ਸਭਾ ਦੀ ਟੀਮ ਅਤੇ ਸਮੂਹ ਬੁਲਾਰਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਸਮਾਗਮ ਦੌਰਾਨ ਕੇਂਦਰੀ ਸਭਾ ਵੱਲੋਂ ਸਾਹਿਤ ਅਤੇ ਪੱਤਰਕਾਰੀ ਦੇ ਖੇਤਰ ਵਿੱਚ ਯੋਗਦਾਨ ਪਾਉਣ ਵਾਲੀਆਂ ਉੱਘੀਆਂ ਸ਼ਖਸੀਅਤਾਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ, ਜਿਨ੍ਹਾਂ ਵਿੱਚ 'ਦੇਸ਼ ਪ੍ਰਦੇਸ਼ ਟਾਈਮ' ਦੇ ਸੰਪਾਦਕ ਸੁਖਵਿੰਦਰ ਸਿੰਘ ਚੋਲਾ, ਹਰਦਮ ਸਿੰਘ ਮਾਨ, ਸਾਹਿਤਕਾਰ ਜਸਵੀਰ ਭਲੂਰੀਆ, ਪੱਤਰਕਾਰ ਕੁਲਵੰਤ ਸਰੋਤਾ ਅਤੇ ਸੀਨੀਅਰ ਸਿਟੀਜਨ ਸੋਸਾਇਟੀ ਦੇ ਪ੍ਰਧਾਨ ਅਵਤਾਰ ਸਿੰਘ ਢਿੱਲੋਂ ਸ਼ਾਮਲ ਸਨ।
ਸਮਾਗਮ ਦੇ ਅੰਤ ਵਿੱਚ ਪ੍ਰਧਾਨ ਪ੍ਰਿਤਪਾਲ ਸਿੰਘ ਗਿੱਲ ਨੇ ਸਮੂਹ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਸਿੱਧ ਅੰਤਰ ਪੰਮਾ, ਛਿੰਦਰ ਪੁਰੇਵਾਲ, ਦਰਸ਼ਨ ਸੰਘਾ, ਬਲਵੀਰ ਸਿੰਘ ਸੰਘਾ, ਅਮਰਜੀਤ ਸਿੰਘ ਸਿੱਧੂ, ਕੇਸਰ ਸਿੰਘ ਕੂਨਰ, ਰਾਜਵੰਤ ਚਿਲਾਣਾ, ਰਾਜਵੰਤ ਰਾਜ, ਜਸਵੀਰ ਭਲੂਰੀਆ, ਮਨਜੀਤ ਸਿੰਘ ਮੱਲ੍ਹਾ, ਦਵਿੰਦਰ ਕੌਰ ਜੌਹਲ, ਕੁਲਵੰਤ ਸਰੋਤਾ, ਵੀਤ ਬਾਦਸ਼ਾਹਪੁਰੀ ਅਤੇ ਸੁਖਪ੍ਰੀਤ ਦੌਲਤ ਸਮੇਤ ਕਈ ਪਤਵੰਤੇ ਸੱਜਣ ਹਾਜ਼ਰ ਸਨ। ਸਮਾਗਮ ਦਾ ਸੰਚਾਲਨ ਸਭਾ ਦੇ ਜਨਰਲ ਸਕੱਤਰ ਪਲਵਿੰਦਰ ਸਿੰਘ ਰੰਧਾਵਾ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ।