ਬੁਰੇ ਕਾਮ ਕਾ ਬੁਰਾ ਨਤੀਜਾ : ਪ੍ਰਵਾਸੀ ਕਾਮਿਆਂ ਦਾ ਸ਼ੋਸ਼ਣ ਕਰਨ ਵਾਲੀ ਹੈਮਿਲਟਨ ਦੀ ਮਹਿਲਾ ਨੂੰ ‘ਹੋਮ ਡਿਟੈਂਸ਼ਨ’ (ਘਰ ਵਿੱਚ ਨਜ਼ਰਬੰਦੀ) ਦੀ ਸਜ਼ਾ
ਹਰਜਿੰਦਰ ਸਿੰਘ ਬਸਿਆਲਾ
ਔਕਲੈਂਡ 17 ਦਸੰਬਰ 2025- ਪ੍ਰਵਾਸੀ ਕਾਮਿਆਂ ਦਾ ਸ਼ੋਸ਼ਣ ਕਰਨ ਅਤੇ ਉਨ੍ਹਾਂ ਨੂੰ ਹਜ਼ਾਰਾਂ ਡਾਲਰ ਦੀ ਉਜਰਤ ਨਾ ਦੇਣ ਦੇ ਦੋਸ਼ ਵਿੱਚ ਹੈਮਿਲਟਨ ਦੀ ਇੱਕ ਮਹਿਲਾ ਨੂੰ 11 ਮਹੀਨਿਆਂ ਦੀ ‘ਹੋਮ ਡਿਟੈਂਸ਼ਨ’ ਦੀ ਸਜ਼ਾ ਸੁਣਾਈ ਗਈ ਹੈ।ਇਸ ਦਾ ਨਾਂਅ ਸਨੇਹਾ ਪਟੇਲ ਹੈ, ਜੋ ਕਿ ਹੈਮਿਲਟਨ ਅਤੇ ਆਕਲੈਂਡ ਵਿੱਚ ਕਈ ਕਾਰੋਬਾਰ ਚਲਾਉਂਦੀ ਸੀ, ਨੇ ਪਿਛਲੇ ਸਾਲ ਗੈਰ-ਕਾਨੂੰਨੀ ਜਾਂ ਆਰਜ਼ੀ ਕਰਮਚਾਰੀਆਂ ਦਾ ਸ਼ੋਸ਼ਣ ਕਰਨ ਸਮੇਤ 9 ਦੋਸ਼ਾਂ ਵਿੱਚ ਆਪਣਾ ਗੁਨਾਹ ਕਬੂਲ ਕੀਤਾ ਸੀ। ਅਦਾਲਤ ਨੇ ਉਸ ਨੂੰ ਤਿੰਨ ਪੀੜਤਾਂ ਨੂੰ ਹਰਜਾਨੇ ਵਜੋਂ ਲਗਭਗ 50,000 ਡਾਲਰ ਅਦਾ ਕਰਨ ਦਾ ਹੁਕਮ ਦਿੱਤਾ ਹੈ।
ਜਾਂਚ: ਮਿਨਿਸਟਰੀ ਆਫ ਬਿਜ਼ਨਸ, ਇਨੋਵੇਸ਼ਨ ਐਂਡ ਇੰਪਲਾਇਮੈਂਟ (M295) ਅਨੁਸਾਰ, ਇਹ ਸਜ਼ਾ ਪੰਜ ਸਾਲਾਂ ਦੀ ਗੁੰਝਲਦਾਰ ਜਾਂਚ ਦਾ ਨਤੀਜਾ ਹੈ।
ਬਕਾਇਆ ਰਾਸ਼ੀ: ਜਾਂਚ ਵਿੱਚ ਸਾਹਮਣੇ ਆਇਆ ਕਿ ਪਟੇਲ ਨੇ 2018 ਵਿੱਚ ਅੱਠ ਮਹੀਨਿਆਂ ਦੀ ਮਿਆਦ ਦੌਰਾਨ ਤਿੰਨ ਕਰਮਚਾਰੀਆਂ ਨੂੰ ‘ਘੱਟੋ-ਘੱਟ ਉਜਰਤ ਐਕਟ’ (Minimum Wage Act) ਤਹਿਤ ਲਗਭਗ 41,000 ਡਾਲਰ ਅਤੇ ‘ਛੁੱਟੀਆਂ ਦੇ ਐਕਟ’ (8olidays 1ct) ਤਹਿਤ 9,000 ਡਾਲਰ ਦੀ ਅਦਾਇਗੀ ਨਹੀਂ ਕੀਤੀ ਸੀ।
ਗੰਭੀਰ ਦੋਸ਼: ਇਮੀਗ੍ਰੇਸ਼ਨ ਇਨਵੈਸਟੀਗੇਸ਼ਨ ਦੇ ਨੈਸ਼ਨਲ ਮੈਨੇਜਰ ਜੇਸਨ ਪੇਰੀ ਨੇ ਦੱਸਿਆ ਕਿ ਪਟੇਲ ਨੇ ਜਾਣਬੁੱਝ ਕੇ ਇੱਕ ਵਿਅਕਤੀ ਨੂੰ ਗੈਰ-ਕਾਨੂੰਨੀ ਤੌਰ ’ਤੇ ਦੇਸ਼ ਵਿੱਚ ਰਹਿਣ ਵਿੱਚ ਮਦਦ ਕੀਤੀ, ਕਾਮਿਆਂ ਨਾਲ ਜਾਣਬੁੱਝ ਕੇ ਦੁਰਵਿਵਹਾਰ ਕੀਤਾ, ਉਨ੍ਹਾਂ ਨੂੰ ਗੁੰਮਰਾਹ ਕੀਤਾ ਅਤੇ ਵੀਜ਼ਾ ਅਰਜ਼ੀ ਲਈ ਇਮੀਗ੍ਰੇਸ਼ਨ ਨੂੰ ਗਲਤ ਜਾਣਕਾਰੀ ਦਿੱਤੀ।
ਕਾਮਿਆਂ ਦੀ ਹਾਲਤ: ਕਰਮਚਾਰੀਆਂ ਤੋਂ ਲੰਬੇ ਸਮੇਂ ਤੱਕ ਕੰਮ ਲਿਆ ਜਾਂਦਾ ਸੀ। ਹਾਲਤ ਇੰਨੀ ਮਾੜੀ ਸੀ ਕਿ ਇੱਕ ਕਾਮੇ ਨੂੰ ਕੰਮ ਵਾਲੀ ਗੱਡੀ ਵਿੱਚ ਜਾਂ ਸਟੋਰ ਰੂਮ ਦੇ ਫਰਸ਼ ’ਤੇ ਸੌਣਾ ਪੈਂਦਾ ਸੀ। ਪਟੇਲ ਨੇ ਕਾਮਿਆਂ ਨੂੰ ਜਾਂ ਤਾਂ ਬਿਲਕੁਲ ਵੀ ਪੈਸੇ ਨਹੀਂ ਦਿੱਤੇ, ਜਾਂ ਉਨ੍ਹਾਂ ਦੇ ਕੰਮ ਦੇ ਘੰਟਿਆਂ ਦੇ ਮੁਕਾਬਲੇ ਘੱਟੋ-ਘੱਟ ਉਜਰਤ ਤੋਂ ਵੀ ਬਹੁਤ ਘੱਟ ਦਰ ’ਤੇ ਭੁਗਤਾਨ ਕੀਤਾ।
ਜੇਸਨ ਪੇਰੀ ਨੇ ਕਿਹਾ, ਜਿੱਥੇ ਇੱਕ ਪਾਸੇ ਪਟੇਲ ਨੇ ਆਪਣੇ ਕਾਮਿਆਂ ਨੂੰ ਉਨ੍ਹਾਂ ਦਾ ਬਣਦਾ ਕਾਨੂੰਨੀ ਹੱਕ ਨਹੀਂ ਦਿੱਤਾ, ਉੱਥੇ ਹੀ ਉਸਨੇ ਦੋ ਹੋਰ ਨਵੇਂ ਕਾਰੋਬਾਰ ਖਰੀਦਣ ਅਤੇ ਖੋਲ੍ਹਣ ਦਾ ਫੈਸਲਾ ਕੀਤਾ। ਅਜਿਹੇ ਮਾਲਕ ਜੋ ਸੋਚਦੇ ਹਨ ਕਿ ਉਹ ਆਪਣੇ ਵਿੱਤੀ ਲਾਭ ਲਈ ਆਰਜ਼ੀ ਕਾਮਿਆਂ ਦਾ ਫਾਇਦਾ ਉਠਾ ਸਕਦੇ ਹਨ, ਉਨ੍ਹਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਅਜਿਹੀ ਹਰਕਤ ਬਰਦਾਸ਼ਤ ਨਹੀਂ ਕੀਤੀ ਜਾਵੇਗੀ - ਉਨ੍ਹਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਜਵਾਬਦੇਹ ਠਹਿਰਾਇਆ ਜਾਵੇਗਾ। ਸੋ ਸਿਆਣਿਆ ਨੇ ਕਿਹਾ ਹੈ ਕਿ ਬੁਰੇ ਕਾਮ ਕਾ ਬੁਰਾ ਨਤੀਜਾ।