ਪੰਜਾਬ ਵਿੱਚ ਸਥਾਨਕ ਸਰਕਾਰਾਂ ਦੀਆਂ ਮੁੜ-ਚੋਣਾਂ ਅੱਜ: ਪਟਿਆਲਾ ਨਗਰ ਨਿਗਮ ਸਮੇਤ ਬਾਘਾਪੁਰਾਣਾ ਤੇ ਧਰਮਕੋਟ ਨਗਰ ਕੌਂਸਲਾਂ ਦੇ 52 ਵਾਰਡਾਂ ਵਿੱਚ ਪੈ ਰਹੀਆਂ ਨੇ ਵੋਟਾਂ; 1.76 ਲੱਖ ਵੋਟਰ ਕਰਨਗੇ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ
ਪਟਿਆਲਾ/ਮੋਗਾ, 28 ਨਵੰਬਰ, 2026: ਸੁਪਰੀਮ ਕੋਰਟ ਦੇ ਹੁਕਮਾਂ ਅਤੇ ਪੰਜਾਬ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਅੱਜ ਪਟਿਆਲਾ ਨਗਰ ਨਿਗਮ ਅਤੇ ਮੋਗਾ ਜ਼ਿਲ੍ਹੇ ਦੀਆਂ ਦੋ ਨਗਰ ਕੌਂਸਲਾਂ— ਬਾਘਾਪੁਰਾਣਾ ਅਤੇ ਧਰਮਕੋਟ ਦੇ ਕੁੱਲ 52 ਵਾਰਡਾਂ ਵਿੱਚ ਦੁਬਾਰਾ ਵੋਟਾਂ ਪੈ ਰਹੀਆਂ ਹਨ। ਵੋਟਿੰਗ ਦਾ ਅਮਲ ਸਵੇਰੇ 8 ਵਜੇ ਸ਼ੁਰੂ ਹੋ ਚੁੱਕਾ ਹੈ, ਜੋ ਸ਼ਾਮ 4 ਵਜੇ ਤੱਕ ਜਾਰੀ ਰਹੇਗਾ। ਇਨ੍ਹਾਂ ਤਿੰਨਾਂ ਸ਼ਹਿਰੀ ਸੰਸਥਾਵਾਂ ਦੇ ਕੁੱਲ 1.76 ਲੱਖ ਵੋਟਰ (91,415 ਪੁਰਸ਼, 84,999 ਔਰਤਾਂ ਅਤੇ 15 ਟਰਾਂਸਜੈਂਡਰ ਵੋਟਰ) 150 ਪੋਲਿੰਗ ਬੂਥਾਂ 'ਤੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਰਹੇ ਹਨ। ਸ਼ਾਂਤੀਪੂਰਨ ਅਤੇ ਨਿਰਪੱਖ ਚੋਣਾਂ ਕਰਵਾਉਣ ਲਈ ਪੋਲਿੰਗ ਸਟੇਸ਼ਨਾਂ 'ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।
ਪਟਿਆਲਾ ਨਗਰ ਨਿਗਮ: 30 ਵਾਰਡਾਂ ਦੇ 123 ਬੂਥਾਂ 'ਤੇ ਵੋਟਿੰਗ
ਵੋਟਰਾਂ ਦਾ ਵੇਰਵਾ: ਪਟਿਆਲਾ ਨਗਰ ਨਿਗਮ ਦੇ 30 ਵਾਰਡਾਂ ਵਿੱਚ ਮੁੜ ਵੋਟਿੰਗ ਹੋ ਰਹੀ ਹੈ, ਜਿੱਥੇ ਕੁੱਲ 1,49,768 ਵੋਟਰ (77,419 ਪੁਰਸ਼, 72,338 ਔਰਤਾਂ ਅਤੇ 11 ਟਰਾਂਸਜੈਂਡਰ) ਆਪਣੀ ਵੋਟ ਪਾਉਣਗੇ। ਇਸ ਲਈ 123 ਪੋਲਿੰਗ ਬੂਥ ਸਥਾਪਤ ਕੀਤੇ ਗਏ ਹਨ ਅਤੇ ਈ.ਵੀ.ਐੱਮ. (EVM) ਮਸ਼ੀਨਾਂ ਦੀ ਰੈਂਡਮਾਈਜ਼ੇਸ਼ਨ ਪ੍ਰਕਿਰਿਆ ਮੁਕੰਮਲ ਕਰ ਲਈ ਗਈ ਹੈ।
ਸੁਪਰੀਮ ਕੋਰਟ ਦੇ ਹੁਕਮ: ਇਹ ਸਮੁੱਚੀ ਚੋਣ ਪ੍ਰਕਿਰਿਆ ਰਾਜ ਚੋਣ ਕਮਿਸ਼ਨ ਵੱਲੋਂ ਨਿਯੁਕਤ ਆਈ.ਏ.ਐੱਸ. ਅਧਿਕਾਰੀ ਅਤੇ ਚੋਣ ਨਿਗਰਾਨ ਡਾ. ਸੇਨੂ ਦੁੱਗਲ ਦੀ ਦੇਖ-ਰੇਖ ਹੇਠ ਨੇਪਰੇ ਚਾੜ੍ਹੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ 2024 ਦੀਆਂ ਨਗਰ ਨਿਗਮ ਚੋਣਾਂ ਦੌਰਾਨ ਕਥਿਤ ਧਾਂਦਲੀ ਦੇ ਦੋਸ਼ ਲਾਉਂਦਿਆਂ ਭਾਜਪਾ ਵੱਲੋਂ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ 'ਤੇ ਸੁਣਵਾਈ ਕਰਦਿਆਂ ਸਿਖਰਲੀ ਅਦਾਲਤ ਨੇ ਇਨ੍ਹਾਂ 30 ਵਾਰਡਾਂ ਵਿੱਚ ਮੁੜ ਵੋਟਾਂ ਕਰਵਾਉਣ ਦਾ ਹੁਕਮ ਦਿੱਤਾ ਸੀ।
ਮੋਗਾ ਜ਼ਿਲ੍ਹੇ ਦੀਆਂ ਦੋ ਨਗਰ ਕੌਂਸਲਾਂ ਵਿੱਚ ਚੋਣ ਅਖਾੜਾ
ਬਾਘਾਪੁਰਾਣਾ ਨਗਰ ਕੌਂਸਲ: ਬਾਘਾਪੁਰਾਣਾ ਨਗਰ ਕੌਂਸਲ ਦੇ ਸਾਰੇ 15 ਵਾਰਡਾਂ ਵਿੱਚ ਵੋਟਿੰਗ ਲਈ 20 ਪੋਲਿੰਗ ਬੂਥ ਬਣਾਏ ਗਏ ਹਨ। ਇੱਥੇ ਕੁੱਲ 62 ਉਮੀਦਵਾਰ ਚੋਣ ਮੈਦਾਨ ਵਿੱਚ ਆਪਣੀ ਕਿਸਮਤ ਅਜ਼ਮਾ ਰਹੇ ਹਨ। ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਦੱਸਿਆ ਕਿ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਅਤੇ ਉਨ੍ਹਾਂ ਨੇ ਸਮੂਹ ਵੋਟਰਾਂ ਨੂੰ ਬਿਨਾਂ ਕਿਸੇ ਡਰ-ਭੈਅ ਦੇ ਵੋਟ ਪਾਉਣ ਦੀ ਅਪੀਲ ਕੀਤੀ ਹੈ।
ਧਰਮਕੋਟ ਨਗਰ ਕੌਂਸਲ: ਧਰਮਕੋਟ ਨਗਰ ਕੌਂਸਲ ਦੇ 7 ਵਾਰਡਾਂ (ਵਾਰਡ ਨੰਬਰ 1, 2, 3, 4, 7, 9 ਅਤੇ 13) ਵਿੱਚ 7 ਪੋਲਿੰਗ ਬੂਥਾਂ 'ਤੇ ਵੋਟਾਂ ਪੈ ਰਹੀਆਂ ਹਨ, ਜਿੱਥੇ ਕੁੱਲ 30 ਉਮੀਦਵਾਰ ਮੈਦਾਨ ਵਿੱਚ ਹਨ। ਇਸ ਤਰ੍ਹਾਂ ਬਾਘਾਪੁਰਾਣਾ ਅਤੇ ਧਰਮਕੋਟ ਦੋਵਾਂ ਨਗਰ ਕੌਂਸਲਾਂ ਵਿੱਚ ਕੁੱਲ 92 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਅੱਜ ਈ.ਵੀ.ਐੱਮ. ਵਿੱਚ ਬੰਦ ਹੋ ਜਾਵੇਗਾ।
- Download Babushahi App
-
-