Election Special- ਭਾਜਪਾ ਆਗੂ ਵੱਲੋਂ ‘ਹੱਥ’ ਫੜਨ ਦੀ ਚੁੰਝ ਚਰਚਾ ਤੋਂ ਕਾਂਗਰਸ ਦੀ ਸਿਆਸੀ ਕੜ੍ਹੀ ’ਚ ਉਬਾਲ
ਅਸ਼ੋਕ ਵਰਮਾ
ਬਠਿੰਡਾ, 18 ਨਵੰਬਰ 2026: ਬਠਿੰਡਾ ’ਚ ਭਾਜਪਾ ਦੇ ਇੱਕ ਆਗੂ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਟਿਕਟ ਨਾਂ ਮਿਲਣ ਦੀ ਸੂਰਤ ’ਚ ਕਾਂਗਰਸ ’ਚ ਸ਼ਾਮਲ ਹੋਣ ਦੇ ਚਰਚਿਆਂ ਨੇ ਸ਼ਹਿਰੀ ਹਲਕੇ ਤੋਂ ਚੋਣ ਲੜਨ ਦੇ ਚਾਹਵਾਨ ਮੁਕਾਮੀ ਕਾਂਗਰਸੀ ਆਗੂਆਂ ’ਚ ਹਲਚਲ ਵਧਾ ਦਿੱਤੀ ਹੈ। ਰਹਿੰਦੀ ਕਸਰ ਪੰਜਾਬ ਕਾਂਗਰਸ ਵੱਲੋਂ ਉਮੀਦਵਾਰਾਂ ਦੇ ਅਗੇਤੇ (ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ) ਐਲਾਨ ਕਰਨ ਨੇ ਪੂਰੀ ਕਰ ਦਿੱਤੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਪਰਗਟ ਸਿੰਘ ਨੇ ਕਾਂਗਰਸ ਹਾਈ ਕਮਾਨ ਅੱਗੇ ਚੋਣਾਂ ਤੋਂ ਇੱਕ ਮਹੀਨਾ ਪਹਿਲਾਂ ਸਮੁੱਚੇ ਉਮੀਦਵਾਰਾਂ ਦਾ ਐਲਾਨ ਕੀਤੇ ਜਾਣ ਦੀ ਗੱਲ ਰੱਖੀ ਹੈ। ਲਿਹਾਜ਼ਾ ਕਾਂਗਰਸੀ ਉਮੀਦਵਾਰਾਂ ਦੀ ਪਹਿਲੀ ਸੂਚੀ ਜਲਦੀ ਐਲਾਨੇ ਜਾਣ ਦੀ ਸੰਭਾਵਨਾ ਹੈ। ਚੋਣ ਲੜਨ ਦੇ ਇੱਛਾਵਾਨ ਕਾਂਗਰਸੀ ਆਗੂਆਂ ’ਚ ਸਭ ਤੋਂ ਵੱਧ ਹੈਰਾਨ ਕਰਨ ਵਾਲਾ ਮਾਮਲਾ ਸ਼ਹਿਰੀ ਕਾਂਗਰਸ ਦੇ ਜਿਲ੍ਹਾ ਪ੍ਰਧਾਨ ਰਾਜਨ ਗਰਗ ਦਾ ਹੈ ਜਿੰਨ੍ਹਾਂ ਹਾਲ ਹੀ ਵਿੱਚ ਆਪਣੀ ਦਾਅਵੇਦਾਰੀ ਠੋਕੀ ਹੈ।
ਰਾਜਨ ਗਰਗ ਨੇ ਪਿਛੇ ਦੋ ਤਿੰਨ ਦਿਨਾਂ ’ਚ ਸਮੁੱਚੇ ਸ਼ਹਿਰ ਦੀਆਂ ਕੰਧਾਂ ’ਤੇ ਪੋਸਟਰ ਲਾਏ ਹਨ ਜਿੰਨ੍ਹਾਂ ’ਚ ਗਂੈਗਸਟਰਵਾਦ ਤੇ ਨਸ਼ਿਆਂ ਦੇ ਖਾਤਮੇ , ਵਿਗੜੀ ਕਾਨੂੰਨ ਵਿਵਸਥਾ ’ਚ ਸੁਧਾਰ ਲਿਆਉਣ, ਵਪਾਰੀਆਂ ਲਈ ਸੁਖਾਵਾਂ ਮਹੌਲ , ਮੁਲਾਜਮ ਮੰਗਾਂ , ਨੌਜਵਾਨਾਂ ਲਈ ਨੌਕਰੀਆਂ , ਕਿਸਾਨੀ ਨੂੰ ਬਚਾਉਣ ਅਤੇ ਦਲਿਤਾਂ ਦੇ ਭਲੇ ਲਈ ਕਾਂਗਰਸ ਨੂੰ ਅੱਗੇ ਲਿਆਉਣ ਦਾ ਸੱਦਾ ਦਿੱਤਾ ਗਿਆ ਹੈ। ਸਿਆਸੀ ਆਗੂਆਂ ਨੇ ਪੋਸਟਰਾਂ ਰਾਹੀਂ ਲੋਕਾਂ ਨੂੰ ਵਧਾਈਆਂ ਦੇਣ ਬਹਾਨੇ ਆਪੋ ਆਪਣਾ ਦਾਅਵਾ ਪੇਸ਼ ਕਰਨ ਲਈ ਦਿਵਾਲੀ ਅਤੇ ਬੰਦੀ ਛੋੜ ਦਿਵਸ ਨੂੰ ਮੌਕੇ ਵਜੋਂ ਵਰਤਿਆ ਸੀ। ਹੈਰਾਨੀ ਵਾਲੀ ਗੱਲ ਹੈ ਕਿ ਉਨ੍ਹਾਂ ਦੋਵੇਂ ਮਹੱਤਵਪੂਰਨ ਤਿਉਹਾਰ ਲੰਘਣ ਤੋਂ ਬਾਅਦ ਪੋਸਟਰਾਂ ਰਾਹੀਂ ਲੋਕ ਕਚਹਿਰੀ ’ਚ ਆਪਣਾ ਪਖ ਰੱਖਿਆ ਹੈ ਜੋ ਸਿਆਸੀ ਤੌਰ ’ਤੇ ਸਹਿਜ ਨਹੀਂ ਹੈ। ਕਾਂਗਰਸੀ ਹਲਕਿਆਂ ਮੁਤਾਬਕ ਐਨ ਮੌਕੇ ’ਤੇ ਕੋਈ ਉਲਟਫੇਰ ਨਾਂ ਹੋਇਆ ਤਾਂ ਅਗਾਮੀ ਚੋਣਾਂ ਦੌਰਾਨ ਰਾਜਨ ਗਰਗ ਚੋਣ ਲੜਦੇ ਨਜ਼ਰ ਆ ਸਕਦੇ ਹਨ।
ਇਸ ਦੌਰਾਨ ਨੌਜਵਾਨ ਕਾਂਗਰਸੀ ਆਗੂ ਕਰਨਯੋਗ ਸਿੰਘ ਰਿਆੜ ਵੀ ਟਿਕਟ ਹਾਸਲ ਕਰਨ ਵਾਲਿਆਂ ਦੀ ਦੌੜ ’ਚ ਸ਼ਾਮਲ ਹਨ ਜਿਸ ਦਾ ਸਬੰਧ ਸ਼ਹਿਰੀ ਹਲਕੇ ਦੇ ਇੱਕ ਟਕਸਾਲੀ ਕਾਂਗਰਸੀ ਪ੍ਰੀਵਾਰ ਨਾਲ ਹੈ। ਕਰਨਯੋਗ ਰਿਆੜ ਦੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਕਾਫੀ ਨੇੜਤਾ ਹੈ ਜੋ ਉਨ੍ਹਾਂ ਲਈ ‘ਪਲੱਸ ਪੁਆਇੰਟ’ ਮੰਨੀ ਜਾਂਦੀ ਹੈ। ਸਾਈਕਲ ਯਾਤਰਾ ਮੌਕੇ ਕਰਨਯੋਗ ਰਿਆੜ ਨੂੰ ਚੰਨੀ ਦੇ ਕਾਫੀ ਨਜ਼ਦੀਕ ਦੇਖਿਆ ਗਿਆ ਹੈ। ਪੇਸ਼ੇ ਤੋਂ ਵਕੀਲ ਕਰਨਯੋਗ ਰਿਆੜ ਦਾ ਕਹਿਣਾ ਸੀ ਕਿ ਉਹ ਆਪਣੀ ਤਰਫੋਂ ਮਿਹਨਤ ਕਰ ਰਹੇ ਹਨ ਅਤੇ ਇਹ ਹਾਈਕਮਾਂਡ ਨੇ ਦੇਖਣਾ ਹੈ ਕਿ ਕਿਸ ਨੂੰ ਚੋਣ ਲੜਾਉਣੀ ਹੈ। ਕਰਨਯੋਗ ਤਰਫੋਂ ਸ਼ਹਿਰ ਵਾਸੀਆਂ ਨੂੰ ਵਧਾਈਆਂ ਦੇਣ ਲਈ ਪੋਸਟਰਾਂ ਦੀ ਸ਼ਹਿਰ ’ਚ ਭਰਮਾਰ ਨਜ਼ਰੀ ਪੈਂਦੀ ਹੈ। ਨਵਾਂ ਪੋਚ ਹੋਣ ਕਰਕੇ ਨੌਜਵਾਨਾਂ ’ਚ ਵੱਡਾ ਪ੍ਰਭਾਵ ਰੱਖਣ ਵਾਲਾ ਰਿਆੜ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਆਉਣ ’ਤੇ ਸ਼ਹਿਰ ਲਈ ਕਾਫੀ ਕੁੱਝ ਕਰਨ ਦਾ ਇੱਛਾ ਰੱਖਦਾ ਹੈ।
ਕਾਂਗਰਸ ਤਰਫੋਂ ਕਰੀਬ 4 ਮਹੀਨੇ ਪਹਿਲਾਂ ਕਾਂਗਰਸੀ ਆਗੂ ਨਰੇਸ਼ ਗਰਗ ਨੇ ਆਪਣੀ ਦਆਵੇਦਾਰੀ ਪੇਸ਼ ਕੀਤੀ ਸੀ ਤਾਂ ਉਸ ਨੇ ਸਭ ਦੇ ਮਸਲੇ ਹੱਲ ਕਰਨ ਦਾ ਵਾਅਦਾ ਕੀਤਾ ਸੀ। ਇਸ ਤੋਂ ਬਿਨਾਂ ਹੋਰ ਵੀ ਕਈ ਆਗੂਆਂ ਨੇ ਪਾਰਟੀ ਦੀ ਟਿਕਟ ’ਤੇ ਅੱਖ ਰੱਖੀ ਹੋਈ ਹੈ। ਹੁਣ ਦਾਅ ਕਿਸ ਦਾ ਲੱਗਦਾ ਹੈ ਇਸ ’ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਸੂਤਰ ਦੱਸਦੇ ਹਨ ਕਿ ਕਾਂਗਰਸ ਨੇ ਸਮੂਹ ਅਸੈਂਬਲੀ ਹਲਕਿਆਂ ਵਿੱਚ ਆਖਰੀ ਸਰਵੇਖਣ ਸ਼ੁਰੂ ਕੀਤਾ ਹੋਇਆ ਹੈ ਜਿਸ ’ਚ ਬਾਦਲਾਂ ਦੀ ਸਿਆਸੀ ਰਾਜਧਾਨੀ ਬਠਿੰਡਾ ਵੀ ਸ਼ਾਮਲ ਹੈ। ਪਾਰਟੀ ਸੰਭਾਵੀ ਉਮੀਦਵਾਰਾਂ ਬਾਰੇ ਵੱਖਰੇ ਤੌਰ ’ਤੇ ਸਰਵੇਖਣ ਕਰਵਾ ਰਹੀ ਹੈ ਅਤੇ ਕਾਂਗਰਸੀ ਵਰਕਰਾਂ ਅਤੇ ਆਮ ਲੋਕਾਂ ਤੋਂ ਫੀਡਬੈਕ ਲਈ ਜਾਣੀ ਹੈ। ਕਾਂਗਰਸ ਨੇ ਰਾਹੁਲ ਗਾਂਧੀ ਦੀ ਸੰਗਰੂਰ ਰੈਲੀ ਮਗਰੋਂ ਆਪਣਾ ਚੋਣ ਪ੍ਰਚਾਰ ਵਿੱਢ ਦਿੱਤਾ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਾਈਕਲ ਯਾਤਰਾ ਵੀ ਏਧਰ ਗੇੜਾ ਕੱਢ ਗਈ ਹੈ।
ਕਾਂਗਰਸ ਲਈ ਪੋਸਟਰ
ਸ਼ਹਿਰੀ ਜਿਲ੍ਹਾ ਪ੍ਰਧਾਨ ਰਾਜਨ ਗਰਗ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਪੋਸਟਰ ਕਾਂਗਰਸ ਦੇ ਪ੍ਰਚਾਰ ਅਤੇ ਪਾਰਟੀ ਦੀ ਸਰਕਾਰ ਬਨਾਉਣ ਦੇ ਸੱਦੇ ਲਈ ਲਾਏ ਹਨ। ਉਨ੍ਹਾਂ ਕਿਹਾ ਕਿ ਵਧਾਈ ਵਾਲੇ ਪੋਸਟਰ ਲਾਉਣ ’ਚ ਨਿੱਜੀ ਮੁਫਾਦ ਹੁੰਦਾ ਹੈ ਪਰ ਉਨ੍ਹਾਂ ਕਾਂਗਰਸ ਦੇ ਮੁੱਦਿਆਂ ਦੀ ਗੱਲ ਰੱਖੀ ਹੈ। ਉਨ੍ਹਾਂ ਕਿਹਾ ਕਿ ਉਹ ਸਥਾਨਕ ਆਗੂ ਵਜੋਂ ਪਾਰਟੀ ਤੋਂ ਮੰਗ ਕਰਨਗੇ ਪਰ ਪਾਰਟੀ ਹਾਈਕਮਾਂਡ ਦਾ ਜੋ ਹੁਕਮ ਹੋਵੇਗਾ ਉਹ ਉਸ ’ਤੇ ਪਹਿਰਾ ਦੇਣ ਲਈ ਤਿਆਰ ਹਨ।
ਪਤਾ ਲੱਗਦਾ ਚੋਣਾਂ ਆਈਆਂ
ਨਾਗਰਿਕ ਚੇਤਨਾ ਮੰਚ ਦੇ ਆਗੂ ਡਾ. ਅਜੀਤਪਾਲ ਸਿੰਘ ਦਾ ਕਹਿਣਾ ਸੀ ਕਿ ਸ਼ਹਿਰ ’ਚ ਸਿਆਸੀ ਪੋਸਟਰਾਂ ਦੀ ਭਰਮਾਰ ਹੋਣ ਤੋਂ ਪਤਾ ਲੱਗ ਜਾਂਦਾ ਹੈ ਕਿ ਹੁਣ ਚੋਣਾਂ ਆਉਣ ਵਾਲੀਆਂ ਹਨ। ਉਨ੍ਹਾਂ ਕਿਹਾ ਕਿ ਲੋਕ ਕਚਹਿਰੀ ’ਚ ਖੁਦ ਨੂੰ ਪੇਸ਼ ਕਰਨ ਦਾ ਸੌਖਾ ਢੰਗ ਹੈ ਜਿਸ ਕਰਕੇ ਦਾਅਵੇਦਾਰਾਂ ਵੱਲੋਂ ਪੋਸਟਰਬਾਜੀ ਨੂੰ ਤਰਜੀਹ ਦਿੱਤੀ ਜਾਣ ਲੱਗੀ ਹੈ। ਉਨ੍ਹਾਂ ਆਖਿਆ ਕਿ ਇੰਨ੍ਹਾਂ ਬੋਰਡਾਂ ਦਾ ਅਸਰ ਵੋਟਰਾਂ ਦੇ ਜਿਹਨ ’ਚ ਲੰਮਾਂ ਸਮਾਂ ਰਹਿੰਦਾ ਹੈ ਜਿਸ ਕਰਕੇ ਵੀ ਨੇਤਾ ਅਜਿਹਾ ਕਰਦੇ ਹਨ। ਉਨ੍ਹਾਂ ਕਿਹਾ ਕਿ ਪੋਸਟਰਾਂ ਕਾਰਨ ਕੰਧਾਂ ਖਰਾਬ ਹੁੰਦੀਆਂ ਹਨ ਅਤੇ ਗੰਦਗੀ ਫੈਲਦੀ ਹੈ ਪਰ ਸਿਆਸੀ ਧਿਰਾਂ ਬਾਜ ਨਹੀਂ ਆ ਰਹੀਆਂ ਹਨ।
- Download Babushahi App
-
-