ਲੁਧਿਆਣਾ ਵਿੱਚ ਘਰੇਲੂ ਗੈਸ ਸਿਲੰਡਰਾਂ ਦੀ ਵਪਾਰਕ ਵਰਤੋਂ ਦਾ ਮਾਮਲਾ ਗਰਮਾਇਆ; 40 ਦੀ ਚਰਚਾ ਵਿਚਕਾਰ ਛਾਪੇ ’ਚ ਮਿਲੇ ਸਿਰਫ਼ 4 ਸਿਲੰਡਰ, ਸੂਚਨਾ ਲੀਕ ਹੋਣ ਦਾ ਖ਼ਦਸ਼ਾ
-ਸਮਾਜ ਸੇਵੀ ਅਰਵਿੰਦ ਸ਼ਰਮਾ ਨੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਨੂੰ ਭੇਜੀ ਸ਼ਿਕਾਇਤ; ਪੂਰੇ ਸ਼ਹਿਰ ਵਿੱਚ ਅਚਨਚੇਤ ਛਾਪੇਮਾਰੀ ਅਤੇ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕਰਨ ਦੀ ਮੰਗ
ਸੁਖਮਿੰਦਰ ਭੰਗੂ
ਲੁਧਿਆਣਾ, 18 ਨਵੰਬਰ 2026- ਸ਼ਹਿਰ ਦੇ ਰੈਸਟੋਰੈਂਟਾਂ, ਢਾਬਿਆਂ, ਰੇਹੜੀਆਂ ਅਤੇ ਹੋਰ ਵਪਾਰਕ ਅਦਾਰਿਆਂ ਵਿੱਚ ਘਰੇਲੂ ਐਲਪੀਜੀ ਸਿਲੰਡਰਾਂ ਦੀ ਕਥਿਤ ਗੈਰ-ਕਾਨੂੰਨੀ ਵਰਤੋਂ ਨੂੰ ਲੈ ਕੇ ਸੀਨੀਅਰ ਨਾਗਰਿਕ ਅਤੇ ਸਮਾਜ ਸੇਵੀ ਅਰਵਿੰਦ ਸ਼ਰਮਾ ਨੇ ਪੰਜਾਬ ਸਰਕਾਰ ਅਤੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਭੇਜ ਕੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਸ਼ਿਕਾਇਤ ਵਿੱਚ ਮਾਡਲ ਟਾਊਨ, ਸਰਾਭਾ ਨਗਰ, ਘੁਮਾਰ ਮੰਡੀ, ਕਿਚਲੂ ਨਗਰ, ਫੀਲਡ ਗੰਜ, ਚੌੜਾ ਬਾਜ਼ਾਰ, ਲਕਸ਼ਮੀ ਸਿਨੇਮਾ ਦੇ ਸਾਹਮਣੇ ਸਥਿਤ ਢਾਬਿਆਂ ਅਤੇ ਲੁਧਿਆਣਾ ਬੱਸ ਅੱਡੇ ਸਮੇਤ ਕਈ ਇਲਾਕਿਆਂ ਵਿੱਚ ਘਰੇਲੂ ਗੈਸ ਸਿਲੰਡਰਾਂ ਦੀ ਵਪਾਰਕ ਵਰਤੋਂ ਹੋਣ ਦਾ ਦੋਸ਼ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਭੀੜ-ਭੜੱਕੇ ਵਾਲੇ ਇਲਾਕਿਆਂ ਵਿੱਚ ਇਹ ਵਰਤੋਂ ਕਿਸੇ ਵੱਡੇ ਅੱਗਜ਼ਨੀ ਜਾਂ ਧਮਾਕੇ ਦੇ ਹਾਦਸੇ ਦਾ ਕਾਰਨ ਬਣ ਸਕਦੀ ਹੈ।
ਸ਼ਿਕਾਇਤਕਰਤਾ ਨੇ ਖ਼ਾਸ ਤੌਰ ’ਤੇ ਲੁਧਿਆਣਾ ਬੱਸ ਅੱਡੇ ਦਾ ਮਾਮਲਾ ਉਠਾਉਂਦਿਆਂ ਕਿਹਾ ਕਿ ਇੱਕ ਅਖ਼ਬਾਰੀ ਰਿਪੋਰਟ ਵਿੱਚ ਲਗਭਗ 40 ਘਰੇਲੂ ਸਿਲੰਡਰਾਂ ਦੀ ਵਰਤੋਂ ਦਾ ਜ਼ਿਕਰ ਸੀ, ਪਰ 17 ਨਵੰਬਰ ਨੂੰ ਵਿਭਾਗ ਵੱਲੋਂ ਕੀਤੀ ਗਈ ਛਾਪੇਮਾਰੀ ਦੌਰਾਨ ਸਿਰਫ਼ ਚਾਰ ਸਿਲੰਡਰ ਬਰਾਮਦ ਹੋਣ ਦਾ ਦਾਅਵਾ ਕੀਤਾ ਗਿਆ। ਉਨ੍ਹਾਂ ਇਸ ਫ਼ਰਕ ’ਤੇ ਸਵਾਲ ਉਠਾਉਂਦਿਆਂ ਛਾਪੇਮਾਰੀ ਦੀ ਸੂਚਨਾ ਪਹਿਲਾਂ ਲੀਕ ਹੋਣ ਦੇ ਖ਼ਦਸ਼ੇ ਦੀ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।
ਅਰਵਿੰਦ ਸ਼ਰਮਾ ਨੇ ਕਿਹਾ ਕਿ ਵਿਭਾਗ ਨੂੰ ਸਿਰਫ਼ ਸ਼ਿਕਾਇਤਾਂ ਦੀ ਉਡੀਕ ਕਰਨ ਦੀ ਬਜਾਏ ਪੂਰੇ ਸ਼ਹਿਰ ਵਿੱਚ ਨਿਯਮਿਤ ਅਤੇ ਅਚਨਚੇਤ ਜਾਂਚ ਕਰਨੀ ਚਾਹੀਦੀ ਹੈ। ਉਨ੍ਹਾਂ ਗੈਸ ਏਜੰਸੀਆਂ ਅਤੇ ਸਪਲਾਇਰਾਂ ਦੀ ਭੂਮਿਕਾ ਦੀ ਜਾਂਚ ਕਰਨ ਦੇ ਨਾਲ ਲਾਪਰਵਾਹੀ ਜਾਂ ਮਿਲੀਭੁਗਤ ਸਾਹਮਣੇ ਆਉਣ ’ਤੇ ਜ਼ਿੰਮੇਵਾਰ ਅਧਿਕਾਰੀਆਂ ਵਿਰੁੱਧ ਵਿਭਾਗੀ ਕਾਰਵਾਈ ਦੀ ਮੰਗ ਕੀਤੀ ਹੈ।
ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਲੁਧਿਆਣਾ ਵਿੱਚ ਵਿਸ਼ੇਸ਼ ਜਾਂਚ ਮੁਹਿੰਮ ਚਲਾਈ ਜਾਵੇ ਅਤੇ ਬੱਸ ਅੱਡੇ ’ਤੇ ਹੋਈ ਛਾਪੇਮਾਰੀ ਦੀ ਸੁਤੰਤਰ ਜਾਂਚ ਕਰਵਾ ਕੇ ਕਾਰਵਾਈ ਦੀ ਰਿਪੋਰਟ ਜਨਤਕ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਹ ਮਾਮਲਾ ਸਿਰਫ਼ ਨਿਯਮਾਂ ਦੀ ਉਲੰਘਣਾ ਨਹੀਂ, ਸਗੋਂ ਆਮ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਨਾਲ ਜੁੜਿਆ ਹੋਇਆ ਹੈ।
- Download Babushahi App
-
-