ਨਿਤਿਨ ਨਬੀਨ ਦਾ ਪੰਜਾਬ ਦੌਰਾ! ਅਕਾਲੀ-ਭਾਜਪਾ ਗੱਠਜੋੜ ਬਾਰੇ ਚੁੱਪ ਧਾਰੀ, ਇਕੱਲਿਆਂ ਚੋਣ ਲੜਨ ਦਾ ਵੀ ਨਹੀਂ ਕੀਤਾ ਦਾਅਵਾ
ਬਾਬੂਸ਼ਾਹੀ ਨੈਟਵਰਕ
ਜਲੰਧਰ 18 ਨਵੰਬਰ, 2026: ਜਿਵੇਂ ਕਿ ਕੇਂਦਰੀ ਮੰਤਰੀ ਸੀ.ਆਰ ਪਾਟਿਲ 17 ਨਵੰਬਰ ਨੂੰ ਪੰਜਾਬ ਆ ਕੇ ਅਕਾਲੀ ਬੀਜੇਪੀ ਗਠਜੋੜ ਬਾਰੇ ਸਵਾਲਾਂ ਦੇ ਜਵਾਬ ਤੋਂ ਟਾਲਾ ਵੱਟ ਕੇ ਚਲੇ ਗਏ, ਬਿਲਕੁਲ ਉਸੇ ਤਰ੍ਹਾਂ 18 ਨਵੰਬਰ ਨੂੰ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੇ ਵੀ ਪੰਜਾਬ ਆ ਕੇ ਅਕਾਲੀ ਬੀਜੇਪੀ ਗੱਠਜੋੜ ਬਾਰੇ ਚੁੱਪ ਧਾਰੀ ਰੱਖੀ। ਜਲੰਧਰ 'ਚ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਨਿਤਿਨ ਨਬੀਨ ਨੇ ਨਾ ਹੀ ਅਕਾਲੀ ਦਲ ਦਾ ਜ਼ਿਕਰ ਕੀਤਾ ਅਤੇ ਨਾ ਹੀ ਅਕਾਲੀ ਬੀਜੇਪੀ ਗੱਠਜੋੜ ਦਾ..., ਉਹਨਾਂ ਇੱਕ ਵਾਰ ਵੀ ਦਾਅਵਾ ਨਹੀਂ ਕੀਤਾ ਕਿ ਬੀਜੇਪੀ ਪੰਜਾਬ ਵਿੱਚ ਇਕੱਲਿਆਂ ਚੋਣਾਂ ਲੜੇਗੀ ਅਤੇ 117 ਸੀਟਾਂ 'ਤੇ ਖੁਦ ਕਿਸਮਤ ਅਜ਼ਮਾਏਗੀ।
ਆਪਣੇ ਭਾਸ਼ਣ ਵਿੱਚ ਉਹਨਾਂ ਇਹ ਤਾਂ ਜ਼ਰੂਰ ਕਿਹਾ ਕਿ ਪ੍ਰਧਾਨ ਮੰਤਰੀ ਅਤੇ ਬੀਜੇਪੀ ਹੀ ਪੰਜਾਬ ਦੀ ਹਾਲਤ ਸੁਧਾਰ ਸਕਦੀ ਹੈ ਤੇ ਪੰਜਾਬ ਦਾ ਵਿਕਾਸ ਕਰ ਸਕਦੀ ਹੈ ਅਤੇ ਪ੍ਰਧਾਨ ਮੰਤਰੀ 'ਤੇ ਭਰੋਸਾ ਕਰੋ, ਇਹ ਵੀ ਕਿਹਾ ਕਿ ਜਦੋਂ ਬੀਜੇਪੀ ਸਰਕਾਰ ਬਣੇਗੀ ਤਾਂ ਨਸ਼ਿਆਂ ਦਾ ਖਾਤਮਾ ਕੀਤਾ ਜਾਵੇਗਾ, ਪਰ ਸਪਸ਼ਟ ਰੂਪ ਵਿੱਚ ਇਹ ਨਹੀਂ ਕਿਹਾ ਕਿ ਬੀਜੇਪੀ ਕਿਸੇ ਹੋਰ ਪਾਰਟੀ ਨਾਲ ਸਮਝੌਤਾ ਨਹੀਂ ਕਰੇਗੀ। ਨਿਤਿਨ ਨਬੀਨ ਗੁਰੂ ਰਵਿਦਾਸ ਦੀ 650 ਸਾਲਾ ਪ੍ਰਕਾਸ਼ ਪੁਰਬ ਸਬੰਧੀ ਬੀਜੇਪੀ ਵੱਲੋਂ ਸ਼ੁਰੂ ਕੀਤੀ ਜਾ ਰਹੀ ਕੌਮੀ ਯਾਤਰਾ ਨੂੰ ਹਰੀ ਝੰਡੀ ਦੇਣ ਲਈ ਜਲੰਧਰ ਆਏ ਸਨ।
ਇਹ ਵੀ ਯਾਦ ਰਹੇ ਕਿ ਜਦੋਂ ਨਿਤਿਨ ਨਬੀਨ ਬੀਜੇਪੀ ਦੇ ਪ੍ਰਧਾਨ ਬਣੇ ਸਨ ਅਤੇ ਉਹਨਾਂ ਪਹਿਲੀ ਇੰਟਰਵਿਊ ਦਿੱਤੀ ਸੀ, ਉਸ ਵਿੱਚ ਇਹ ਦਾਅਵੇ ਨਾਲ ਕਿਹਾ ਸੀ ਕਿ ਬੀਜੇਪੀ ਇਕੱਲੇ ਲੜੇਗੀ ਅਤੇ ਸਾਰੀਆਂ 117 ਸੀਟਾਂ ਤੇ ਉਮੀਦਵਾਰ ਖੜ੍ਹੇ ਕਰੇਗੀ। ਕੱਲ੍ਹ ਜਦੋਂ ਕੇਂਦਰੀ ਮੰਤਰੀ ਸੀ.ਆਰ ਪਾਟਿਲ ਨੂੰ ਸਵਾਲ ਕੀਤੇ ਗਏ ਸਨ ਤਾਂ ਉਹਨਾਂ ਕਿਹਾ ਕਿ ਗਠਜੋੜ ਵਰਗੇ ਫੈਸਲੇ ਦਾ ਨਿਰਣਾ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਕਰਦੀ ਹੈ ਅਤੇ ਉਹ ਇਸ ਬਾਰੇ ਕੋਈ ਬਿਆਨ ਨਹੀਂ ਦੇ ਸਕਦੇ। ਉਹਨਾਂ ਵੀ ਅਕਾਲੀ ਬੀਜੇਪੀ ਗੱਠਜੋੜ ਦੀ ਸੰਭਾਵਨਾ ਤੋਂ ਕੋਈ ਇਨਕਾਰ ਨਹੀਂ ਕੀਤਾ। ਇਹ ਵੀ ਯਾਦ ਰਹੇ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੋ ਵਾਰ ਇਹ ਕਹਿ ਚੁੱਕੇ ਹਨ ਕਿ ਪੰਜਾਬ ਵਿੱਚ 27 ਐਨਡੀਏ ਸਰਕਾਰ ਬਣੇਗੀ।
- Download Babushahi App
-
-