Political Special ਵਿਹਲ ਮਿਲੀ ਤਾਂ ਕਰਾਂਗੇ ਮਸਲਿਆਂ ਦੀ ਗੱਲ ਵੀ , ਹਾਲੇ ਤਾਂ ‘ਕੁਰਸੀ ਦੀ ਦੌੜ ’ਚ ਰੁੱਝੇ’ ਹਾਂ ਅਸੀਂ
ਅਸ਼ੋਕ ਵਰਮਾ
ਬਠਿੰਡਾ , 12 ਨਵੰਬਰ 2026: ਪੰਜਾਬ ’ਚ ਵਿਧਾਨ ਸਭਾ ਚੋਣਾਂ ਦਾ ਤੰਦੂਰ ਤਪਿਐ ਜਿਸ ’ਤੇ ਫੁਲਕੇ ਲਾਹੁਣ ਲਈ , ਸਿਆਸੀ ਤੰਦੂਰੀਏ ਕਾਹਲੇ ਪਏ ਹਨ। ਸਿਆਸੀ ਤੰਦੂਰਗਿਰੀ ਐਨਾ ਸੌਖਾ ਧੰਦਾ ਨਹੀਂ , ਬੜੇ ਹੀ ਪਾਪੜ ਵੇਲਣੇ ਪੈਂਦੇ ਹਨ । ਸਿਆਸੀ ਤੰਦੂਰੀਆਂ ਚੋਂ ਸਭ ਤੋਂ ਵੱਧ ਕਾਹਲੀ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੂੰ ਹੈ ਜਿੰਨ੍ਹਾਂ ਦਾ ਚੋਣ ਟੋਟਕਾ ‘ਘਰ ਘਰ ਚੱਲੀ ਗੱਲ ਚੰਨੀ ਕਰਦਾ ਮਸਲੇ ਹੱਲ ਕਾਫੀ ਚਰਚਿਤ ਰਿਹਾ ਸੀ। ਪੰਜਾਬ ਲਈ ਫਿਕਰਮੰਦ ਹੋਏ ਚੰਨੀ ਸਾਹਿਬ ਨੇ ਹੁਣ ‘ਜਵਾਨੀ ਸੰਭਾਲ ਸਾਈਕਲ ਯਾਤਰਾ’ ਸ਼ੁਰੂ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਆਪਣੀ ਸਿਆਸੀ ਤੱਕੜੀ ਸ਼ਿੰਗਾਰ ਲਈ ਹੈ ਜਿਸ ’ਚ ਸਭ ਤੋਂ ਪਹਿਲਾਂ ਚੰਦੂਮਾਜਰਾ ਦਾ ਪ੍ਰੇਮ ਸਿੰਘ ਤੁਲਿਆ ਹੈ। ਜਾਪਦਾ ਹੈ ਕਿ ਮਾਸਟਰ ਸਲੀਮ ਦਾ ਗੀਤ ‘ਢੋਲ ਜਗੀਰੋ ਦਾ ਪਾਉਂਦਾ ਬੜੀ ਧਮਾਲ’ ਵੀ ਸਿਆਸੀ ਹਲਕਿਆਂ ’ਚ ਵੱਜਦਾ ਦਿਸਣ ਵਾਲਾ ਹੈ।
ਪੰਜਾਬੀਓ ਤਿਆਰ ਰਿਹੋ ਭਾਜਪਾ ਵਾਲਿਆਂ ਨੇ ਵੀ ਐਤਕੀਂ ਨਵੀਂਆਂ ਜਾਕਟਾਂ ਸੁਆ ਲਈਆਂ ਹਨ ਅਤੇ ਪੰਜਾਬ ਦੇ ਵਾਰਿਸਾਂ ਨੇ ਵੀ ਤੁਹਾਡੇ ਦਰਾਂ ’ਤੇ ਪੁੱਜਣਾ ਹੈ ਜਿੰਨ੍ਹਾਂ ਦੀਆਂ ਨਜ਼ਰਾਂ ਡਿਬਰੂਗੜ੍ਹ ਵੱਲ ਲੱਗੀਆਂ ਹੋਈਆਂ ਹਨ। ਆਉਂਦੇ ਦਿਨੀਂ ਉਹ ਵੀ ਹੱਥ ਜੋੜਨ ਲਈ ਆਉਣਗੇ ਜਿੰਨ੍ਹਾਂ ਦੇ 5 ਸਾਲ ਦਰਸ਼ਨ ਦੁਰਲੱਭ ਰਹੇ ਹਨ ਅਤੇ ਨਵੇਂ ਸਿਆਸੀ ਮਦਾਰੀ ਵੀ ਦਿਖਾਈ ਦੇਣਗੇ ਜਿੰਨ੍ਹਾਂ ਦੀ ਪਹਿਲੀ ਵਾਰ ਲਾਟਰੀ ਲੱਗੀ ਹੈ । ਪੰਜਾਬੀ ਤਾਂ ਐਨੇ ਦਿਲਦਾਰ ਹਨ ਜੋ ਪੰਜਾਬ ਦੇ ਸਿਆਸੀ ਨਕਸ਼ੇ ’ਤੇ ਨਵਜੋਤ ਸਿੱਧੂ ਮਾਰਕਾ ‘ਖਟੈਕ’ ਦੀ ਬੇਸਬਰੀ ਨਾਲ ਉਡੀਕ ਰਹੇ ਹਨ ਪਰ ਨਿਰਮੋਹੇ ਸਿੱਧੂ ਸਾਹਿਬ ਮੁੱਖ ਮੰਤਰੀ ਦੀ ਕਲਗੀ ਬਿਨਾਂ ਘਰੋਂ ਨਿਕਲਣ ਨੂੰ ਤਿਆਰ ਨਹੀਂ। ਮਿਹਰ ਮਿੱਤਲ ਦੀ ਇੱਕ ਫ਼ਿਲਮ ਦਾ ਡਾਇਲਾਗ ਹੈ,‘ ਭਰਾਵੋ! ਤੁਸੀਂ ਲੁੱਚਿਆ ਲਫ਼ੰਗਿਆਂ ਤੋਂ ਬਚਕੇ ਵੋਟ ਪਾਇਓ, ਵੋਟਾਂ ਵੇਲੇ ਇਹ ਗਧੇ ਨੂੰ ਵੀ ਬਾਪ ਬਣਾ ਲੈਂਦੇ ਨੇ, ਤੁਸੀਂ ਤਾਂ ਫਿਰ ਵੀ ਬੰਦੇ ਹੋ।
ਹੁਣ ਤਾਂ ਪੰਜਾਬ ਨੂੰ ਜਗਾਉਣ ਲਈ ਮਿਹਰ ਮਿੱਤਲ ਵੀ ਨਹੀਂ ਰਿਹਾ ਹੈ। ਲੀਡਰ ਭਲੀਭਾਂਤ ਜਾਣਦੇ ਹਨ ਕਿ ਅਗਲੇ ਪੰਜ ਸਾਲ ਹੱਥ ਜੋੜਨ ਦੀ ਵਾਰੀ ਭੋਲੀ ਭਾਲੀ ਜਨਤਾ ਦੀ ਹੈ ਜੋ ਆਪਣੇ ਦੁੱਖ ਕੱਟਣ ਦੀ ਆਸ ਲਾਈ ਬੈਠੀ ਹੈ। ਲੀਡਰ ਐਨੇ ਹੰਢ ਗਏ ਹਨ ਕਿ ਉਹ ਜਨਤਾ ਦੇ ਦੁੱਖ ਨਹੀਂ ਕੱਟਦੇ ਕਿਉਂਕਿ ਇੰਨ੍ਹਾਂ ਦੁੱਖਾਂ ਨੇ ਹੀ ਉਨ੍ਹਾਂ ਦੀ ਸਿਆਸੀ ਜੜਾਂ ਲਾਉਣੀਆਂ ਹੁੰਦੀਆਂ ਹਨ। ਹੁਣ ਚੋਣ ਪੰਜਾਬ ਦੇ ਲੋਕਾਂ ਨੇ ਕਰਨੀ ਹੈ ਕਿ ਕੌਣ ਚੰਗਾ ਅਤੇ ਕਿਹੜਾ ਮਾੜਾ ਤਮਾਸ਼ਾ ਦਿਖਾਉਂਦਾ ਹੈ। ਉਂਜ ਤਾਇਆ ਝੰਡਾ ਸਿਓਂ ਆਖਦਾ ਫਿਰ ਰਿਹਾ ਹੈ ‘ ਰੁੱਤ ਭੇਡਾਂ ਮੁੰਨਣ ਦੀ ਆਈ ਤੂੰ ਬਚਕੇ ਰਹੀਂ ਪੰਜਾਬ ਸਿਆਂ’। ਇੰਨ੍ਹਾਂ ਸਿਆਸੀ ਲੀਡਰਾਂ ਨੂੰ ਸਲਾਹ ਹੈ ਕਿ ਫੁਰਸਤ ਮਿਲੇ ਤਾਂ ਕਦੇ ਮਾਲਵੇ ’ਚ ਵੀ ਫੇਰਾ ਪਾਉਣਾ , ਜਿਥੋਂ ਦੇ ਕਿਸਾਨਾਂ ਨੂੰ ਡੀਜ਼ਲ ਲੈਣ ਵਾਸਤੇ ਸ਼ਾਹੂਕਾਰਾਂ ਤੋਂ ਅੱਜ ਵੀ ਪਰਚੀ ਲੈਣੀ ਪੈਂਦੀ ਹੈ।
ਮਹਿੰਗਾਈ ਐਨੀਂ ਹੋ ਗਈ ਹੈ ਜਿਸ ਨੇ ਸਰਦੇ ਪੁੁਜਦਿਆਂ ਦੇ ਪੀਪੇ ਖਾਲੀ ਵਰਗੇ ਕਰ ਦਿੱਤੇ ਹਨ। ਗਰੀਬ ਨੂੰ ਤਾਂ ਰੋਟੀ ਤੋਂ ਅੱਗੇ ਸੋਚਣ ਦੀ ਵਿਹਲ ਵੀ ਨਹੀਂ ਮਿਲਦੀ ਜਦੋਂਕਿ ਜੋ ਵਿਹਲੇ ਹਨ , ਉਹ ਚੋਣਾਂ ਨੂੰ ਦੇਖਦਿਆਂ ਨੇਤਾਗਿਰੀ ਦੇ ਧੰਦੇ ’ਚ ਉਤਰਨ ਦੀ ਤਿਆਰੀ ’ਚ ਹਨ। ਪੰਜਾਬ ’ਚ ਇੱਕ ਰਿਵਾਜ ਜਿਹਾ ਬਣ ਗਿਆ ਹੈ ਕਿ ਜਦੋਂ ਕੋਈ ਚੋਣ ਨੇੜੇ ਆਉਂਦੀ ਹੈ ਤਾਂ ਪ੍ਰਮੁੱਖ ਧਿਰਾਂ ਲੋਕਾਂ ਦੇ ਇਕੱਠ ਕਰਨੇ ਸ਼ੁਰੂ ਕਰ ਦਿੰਦੀਆਂ ਹਨ। ਕਾਂਗਰਸ ਵਾਲੇ ਰੈਲੀ ਕਰਦੇ ਹਨ ਤਾਂ ਅਕਾਲੀ ਰੈਲਾ ਕਰ ਦਿੰਦੇ ਹਨ। ਹੁਣ ਤਾਂ ਮੁਕਾਬਲੇ ’ਚ ਭਾਜਪਾ ਵੀ ਨਿੱਤਰ ਆਈ ਹੈ ਅਤੇ ਝਾੜੂ ਵੀ ਹੈ ਜਿੰਨ੍ਹਾਂ ਨੂੰ ਰੈਲੀਆਂ ਅਤੇ ਰੈਲੇ ਕਰਨ ਦਾ ਵਾਹਵਾ ਹਿਸਾਬ ਹੈ। ਮਜਬੂਰੀ ’ਚ ਬੱਝੀ ਜਨਤਾ ਤਾਂ ਭੇਡਾਂ ਬੱਕਰੀਆਂ ਵਾਂਗੂ ਕਦੇ ਕਿਸੇ ਸਿਆਸੀ ਮਦਾਰੀ ਦਾ ਤਮਾਸ਼ਾ ਦੇਖਣ ਲਈ ਚਾਲੇ ਪਾਉਂਦੀ ਰਹਿੰਦੀ ਹੈ ਤੇ ਕਦੇ ਕਿਸੇ ਦਾ।
ਕੋਈ ਰੈਲੀ ਕਰੇ ਜਾਂ ਰੈਲਾ ਗਰੀਬਾਂ ਨੂੰ ਕੀ ਫਰਕ ਪੈਣ ਲੱਗਿਆ ਹੈ। ਘਾਹੀਆਂ ਦੇ ਪੁੱਤਾਂ ਨੇ ਤਾਂ ਘਾਹ ਹੀ ਖੋਤਣਾ ਹੈ ਜੋ ਪਿਛਲੇ ਕਈ ਦਹਾਕਿਆਂ ਤੋਂ ਖੋਤਿਆ ਜਾ ਰਿਹਾ ਹੈ। ਗਰੀਬ ਦੀ ਕਮਜ਼ੋਰੀ ਉਸ ਦਾ ਪੇਟ ਹੈ ਜੋ ਨਹੀਂ ਜਾਣਦਾ ਕਿ ਏਥੇ ‘ਪਸੀਨੇ’ ਦਾ ਨਹੀਂ, ‘ਵੋਟਾਂ ਦਾ ਮੁੱਲ’ ਮਿਲਦਾ ਹੈ। ਆਮ ਆਦਮੀ ਹੁਣ ਕਿਸ ਕੋਲ ਰੋਵੇਂ ਆਪਣਾ ਦੁੱਖ, ਜਿਸ ਨੂੰ ਏਹੋ ਦੁੱਖ ਹੈ ਕਿ ਕੋਈ ਦੁੱਖ ਵੰਡਾਉਣ ਵਾਲਾ ਵੀ ਨਹੀਂ ਬਚਿਆ ਹੈ। ਗਰੀਬ ‘ਆਟਾ ਦਾਲ’ ਨਹੀਂ, ਉਹ ਤਾਂ ਮਾਹੌਲ ਮੰਗਦਾ ਹੈ ਕਿ ਕਿਸੇ ਅੱਗੇ ਹੱਥ ਅੱਡਣਾ ਹੀ ਨਾ ਪਵੇ। ਡਿਗਰੀਆਂ ਵਾਲੇ ਨੌਕਰੀ ਮੰਗਦੇ ਹਨ, ਡਾਂਗਾਂ ਨਹੀਂ । ਬਠਿੰਡਾ ’ਚ 10 ਸਾਲ ਬਾਦਲਸ਼ਾਹੀ ਡਾਂਗ ਚੱਲੀ ਅਤੇ ਸੰਘਰਸ਼ੀ ਧਿਰਾਂ ਨੇ ਮਹਾਰਾਜਾ ਮਾਰਕਾ ਡਾਂਗ ਦਾ ਸੁਆਦ ਦੇਖਿਆ ਜਦੋਂਕਿ ਹੁਣ ਸਰਕਾਰੀ ਡਾਂਗ ਸੰਗਰੂਰ ’ਚ ਚੱਲ ਰਹੀ ਹੈ ਜੋ ਕਿਸੇ ਨਾਲ ਵਿਤਕਰਾ ਨਹੀਂ ਕਰਦੀ ਹੈ।
ਤੇਰਾ ਕੋਈ ਨਹੀਂ ਪੰਜਾਬ ਸਿਆਂ
ਲੋਕ ਰਾਜ ਲੋਕਾਂ ਦੀ ਲਾਜ ਰੱਖਦਾ ਤਾਂ ਇੰਜ ਨਹੀਂ ਹੋਣਾ ਸੀ। ਗੱਡੀ ਲੀਹ ’ਤੇ ਚੱਲਦੀ ਤਾਂ ਲੋਕ ਵੋਟਾਂ ਵਾਲਾ ਸਾਲ ਨਹੀਂ, ਚੱਤੋਂ ਪਹਿਰ ਲੀਡਰਾਂ ਨੂੰ ਉਡੀਕਦੇ। ਅਫਸੋਸ ਕਿ ਵਿਰੋਧੀ ਧਿਰ ਵੀ ਹੁਣ ਲੋਕਾਂ ਦੀ ਧਿਰ ਨਹੀਂ ਰਹੀ। ਸਭ ਇੱਕੋ ਥਾਲੀ ਦੇ ਚੱਟੇ ਵੱਟੇ ਹਨ। ਜਿਨ੍ਹਾਂ ਆਜ਼ਾਦ ਫਿਜ਼ਾ ਦੇ ਨਕਸ਼ ਤਰਾਸ਼ੇ ਸਨ, ਉਨ੍ਹਾਂ ਨੇ ਅਜਿਹਾ ਕਦੀ ਨਹੀਂ ਸੋਚਿਆ ਹੋਣਾ ਕਿ ਸਵੇਰੇ ਚਾਹ ਦੀਆਂ ਦੁਕਾਨਾਂ ਤੋਂ ਪਹਿਲਾਂ ਸ਼ਰਾਬ ਦੇ ਠੇਕੇ ਖੁੱਲ੍ਹਣਗੇ। ਹੁਣ ਤਾਂ ਦੁਆ ਹੀ ਹੈ ਜਦੋਂ ਨੇਤਾ ਕੁਰਸੀ ਦੌੜ ਤੋਂ ਵਿਹਲੇ ਹੋਕੇ ਰਤਾ ਲੋਕਾਂ ਬਾਰੇ ਸੋਚਣਗੇ।
- Download Babushahi App
-
-