ਰਾਹੁਲ ਗਾਂਧੀ ਨੂੰ ਰਾਹਤ: ਸਿੱਖਾਂ ਬਾਰੇ ਟਿੱਪਣੀ 'ਤੇ FIR ਦਰਜ ਕਰਨ ਦੀ ਮੰਗ ਵਾਲੀ ਪਟੀਸ਼ਨ ਖ਼ਾਰਜ
ਬਾਬੂਸ਼ਾਹੀ ਬਿਊਰੋ
ਪ੍ਰਯਾਗਰਾਜ, 5 ਨਵੰਬਰ, 2026 : ਇਲਾਹਾਬਾਦ ਹਾਈ ਕੋਰਟ ਨੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਵੱਡੀ ਰਾਹਤ ਦਿੰਦਿਆਂ ਉਨ੍ਹਾਂ ਵਿਰੁੱਧ ਸਿੱਖ ਭਾਈਚਾਰੇ ਬਾਰੇ ਕਥਿਤ ਵਿਵਾਦਪੂਰਨ ਟਿੱਪਣੀਆਂ ਲਈ ਐੱਫ.ਆਈ.ਆਰ. (FIR) ਦਰਜ ਕਰਨ ਦੀ ਮੰਗ ਕਰਨ ਵਾਲੀ ਪਟੀਸ਼ਨ ਖ਼ਾਰਜ ਕਰ ਦਿੱਤੀ ਹੈ। ਜਸਟਿਸ ਵਿਕਰਮ ਡੀ. ਚੌਹਾਨ ਦੀ ਸਿੰਗਲ ਬੈਂਚ ਨੇ ਵਾਰਾਣਸੀ ਦੇ ਨਿਵਾਸੀ ਨਾਗੇਸ਼ਵਰ ਮਿਸ਼ਰਾ ਅਤੇ ਹੋਰਾਂ ਵੱਲੋਂ ਭਾਰਤੀ ਨਗਰਿਕ ਸੁਰੱਖਿਆ ਸੰਹਿਤਾ (BNSS) ਦੀ ਧਾਰਾ 528 ਤਹਿਤ ਦਾਇਰ ਪਟੀਸ਼ਨ 'ਤੇ ਵੀਰਵਾਰ ਨੂੰ ਇਹ ਅਹਿਮ ਫ਼ੈਸਲਾ ਸੁਣਾਇਆ।
ਪਟੀਸ਼ਨਰਾਂ ਨੇ ਵਾਰਾਣਸੀ ਦੀ ਅਦਾਲਤ ਵੱਲੋਂ ਸ਼ਿਕਾਇਤ ਰੱਦ ਕੀਤੇ ਜਾਣ ਤੋਂ ਬਾਅਦ ਇਲਾਹਾਬਾਦ ਹਾਈ ਕੋਰਟ ਦਾ ਰੁਖ਼ ਕੀਤਾ ਸੀ। ਹਾਈ ਕੋਰਟ ਨੇ 16 ਅਕਤੂਬਰ ਨੂੰ ਸੁਣਵਾਈ ਪੂਰੀ ਕਰਨ ਤੋਂ ਬਾਅਦ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ, ਜਿਸ ਨੂੰ ਅੱਜ ਸੁਣਾਇਆ ਗਿਆ। ਰਾਹੁਲ ਗਾਂਧੀ ਨੇ ਅਦਾਲਤ ਵਿੱਚ ਦਾਇਰ ਆਪਣੇ ਜਵਾਬ ਵਿੱਚ ਕਿਹਾ ਸੀ ਕਿ ਇਹ ਪਟੀਸ਼ਨ ਰਾਜਨੀਤਿਕ ਤੌਰ 'ਤੇ ਪ੍ਰੇਰਿਤ ਹੈ। ਉਨ੍ਹਾਂ ਆਪ ਨੂੰ ਦੇਸ਼ ਭਗਤ ਦੱਸਦਿਆਂ ਕਿਹਾ ਕਿ ਉਹ ਸਿੱਖਾਂ ਸਮੇਤ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਨ ਅਤੇ ਉਨ੍ਹਾਂ ਦੇ ਬਿਆਨ ਦਾ ਮਕਸਦ ਸਿੱਖਾਂ ਦੇ ਹੱਕਾਂ ਤੇ ਯੋਗਦਾਨ ਨੂੰ ਉਜਾਗਰ ਕਰਨਾ ਸੀ।
ਰਾਹੁਲ ਗਾਂਧੀ ਨੇ ਸਤੰਬਰ 2024 ਵਿੱਚ ਆਪਣੇ ਅਮਰੀਕਾ ਦੌਰੇ ਦੌਰਾਨ ਕਿਹਾ ਸੀ ਕਿ ਭਾਰਤ ਵਿੱਚ ਇਹ ਚਿੰਤਾ ਦਾ ਮੁੱਦਾ ਹੈ ਕਿ ਕੀ ਕਿਸੇ ਸਿੱਖ ਨੂੰ ਪੱਗ ਅਤੇ 'ਕੜਾ' ਪਹਿਨਣ ਜਾਂ ਗੁਰਦੁਆਰੇ ਜਾਣ ਦੀ ਇਜਾਜ਼ਤ ਮਿਲੇਗੀ, ਜਿਸ 'ਤੇ ਵਿਵਾਦ ਖੜ੍ਹਾ ਹੋਇਆ ਸੀ। ਅਦਾਲਤ ਨੇ ਸੁਣਵਾਈ ਤੋਂ ਬਾਅਦ ਇਸ ਮਾਮਲੇ ਵਿੱਚ ਅਪਰਾਧਿਕ ਕਾਰਵਾਈ ਦਾ ਕੋਈ ਕਾਨੂੰਨੀ ਆਧਾਰ ਨਾ ਮੰਨਦਿਆਂ ਪਟੀਸ਼ਨ ਖ਼ਾਰਜ ਕਰ ਦਿੱਤੀ।
- Download Babushahi App
-
-