Weather Update : ਪੰਜਾਬ ਅਤੇ ਚੰਡੀਗੜ੍ਹ 'ਚ ਅਗਲੇ 3 ਦਿਨਾਂ ਲਈ ਧੁੰਦ ਦੀ ਚੇਤਾਵਨੀ
ਦੀਵਾਲੀ ਤੱਕ ਮੌਸਮ ਸਾਫ਼; ਫਰੀਦਕੋਟ 'ਚ ਰਾਤ ਦਾ ਤਾਪਮਾਨ 13.4 ਡਿਗਰੀ ਤੱਕ ਡਿੱਗਿਆ
ਬਾਬੂਸ਼ਾਹੀ ਬਿਊਰੋ
ਮੋਹਾਲੀ/ਚੰਡੀਗੜ੍ਹ, 5 ਨਵੰਬਰ, 2026: ਪੰਜਾਬ ਅਤੇ ਰਾਜਧਾਨੀ ਚੰਡੀਗੜ੍ਹ ਵਿੱਚ ਮੌਸਮ ਦੇ ਬਦਲਦੇ ਮਿਜ਼ਾਜ ਦੇ ਨਾਲ-ਨਾਲ ਸਵੇਰ ਅਤੇ ਰਾਤ ਦੀ ਠੰਢ ਵਧਣ ਲੱਗੀ ਹੈ। ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨਾਂ ਲਈ ਰਾਜ ਦੇ ਕੁਝ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਧੁੰਦ ਪੈਣ ਦੀ ਚੇਤਾਵਨੀ ਜਾਰੀ ਕੀਤੀ ਹੈ, ਜਿਸ ਨਾਲ ਸਵੇਰ ਵੇਲੇ ਦ੍ਰਿਸ਼ਟੀ (Visiblity) ਪ੍ਰਭਾਵਿਤ ਹੋ ਸਕਦੀ ਹੈ। ਹਾਲਾਂਕਿ, ਆਉਣ ਵਾਲੇ ਦਿਨਾਂ ਵਿੱਚ ਦੀਵਾਲੀ ਤੱਕ ਮੌਸਮ ਪੂਰੀ ਤਰ੍ਹਾਂ ਸਾਫ਼ ਅਤੇ ਖੁਸ਼ਕ ਰਹਿਣ ਦੀ ਉਮੀਦ ਹੈ, ਜਦੋਂ ਕਿ 10 ਨਵੰਬਰ ਤੋਂ ਬਾਅਦ ਹਲਕੀ ਬਾਰਿਸ਼ ਹੋਣ ਦੇ ਆਸਾਰ ਬਣ ਰਹੇ ਹਨ।
-
ਅਗਲੇ ਤਿੰਨ ਦਿਨਾਂ ਦੌਰਾਨ ਸਵੇਰ ਅਤੇ ਰਾਤ ਦੇ ਸਮੇਂ ਧੁੰਦ ਪੈਣ ਦੀ ਸੰਭਾਵਨਾ ਨੂੰ ਦੇਖਦਿਆਂ ਵਿਭਾਗ ਨੇ ਵਾਹਨ ਚਾਲਕਾਂ ਨੂੰ ਸਾਵਧਾਨੀ ਨਾਲ ਡਰਾਈਵਿੰਗ ਕਰਨ ਦੀ ਅਪੀਲ ਕੀਤੀ ਹੈ।
-
ਪੰਜਾਬ ਵਿੱਚ ਰਾਤ ਦੇ ਤਾਪਮਾਨ ਵਿੱਚ ਕਾਫ਼ੀ ਫ਼ਰਕ ਦੇਖਣ ਨੂੰ ਮਿਲ ਰਿਹਾ ਹੈ। ਫਰੀਦਕੋਟ ਵਿੱਚ ਘੱਟੋ-ਘੱਟ ਤਾਪਮਾਨ 13.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਸੂਬੇ ਵਿੱਚ ਸਭ ਤੋਂ ਘੱਟ ਰਿਹਾ। ਇਸ ਦੇ ਉਲਟ ਮੋਹਾਲੀ ਵਿੱਚ ਰਾਤ ਦਾ ਤਾਪਮਾਨ 17 ਡਿਗਰੀ ਰਿਹਾ, ਜਦੋਂ ਕਿ ਰੋਪੜ ਵਿੱਚ ਦਿਨ ਦਾ ਵੱਧ ਤੋਂ ਵੱਧ ਤਾਪਮਾਨ 32.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
-
ਚੰਡੀਗੜ੍ਹ ਵਿੱਚ ਰਾਤ ਦਾ ਤਾਪਮਾਨ 14.4 ਡਿਗਰੀ, ਲੁਧਿਆਣਾ ਵਿੱਚ 14.7 ਡਿਗਰੀ, ਪਟਿਆਲਾ ਵਿੱਚ 15 ਡਿਗਰੀ ਅਤੇ ਅੰਮ੍ਰਿਤਸਰ ਵਿੱਚ 15.5 ਡਿਗਰੀ ਸੈਲਸੀਅਸ ਰਿਹਾ। ਜ਼ਿਆਦਾਤਰ ਸ਼ਹਿਰਾਂ ਵਿੱਚ ਪਹਾੜਾਂ ਵੱਲੋਂ ਆਉਂਦੀਆਂ ਹਵਾਵਾਂ ਕਾਰਨ ਰਾਤਾਂ ਠੰਢੀਆਂ ਹੋ ਰਹੀਆਂ ਹਨ।
- Download Babushahi App
-
-