ਅਮਿਤ ਸ਼ਾਹ ਦੇ ਪੰਜਾਬ ਦੌਰਾ ਦਾ MP ਰਜਿੰਦਰ ਗੁਪਤਾ ਨੇ ਕੀਤਾ ਧੰਨਵਾਦ; ਸ਼ਾਹ ਨੇ ਨਸ਼ੇ ਖ਼ਿਲਾਫ਼ ਜਾਨ ਵਾਰਨ ਵਾਲੇ ਸ਼ਹੀਦ ਪਰਿਵਾਰਾਂ ਨਾਲ ਕੀਤੀ ਮੁਲਾਕਾਤ (ਵੇਖੋ ਵੀਡੀਓ)
ਅਮਿਤ ਸ਼ਾਹ ਦੇ ਪੰਜਾਬ ਆਉਣ 'ਤੇ ਹਵਾਈ ਅੱਡੇ 'ਤੇ ਹੋਇਆ ਨਿੱਘਾ ਸਵਾਗਤ: ਲੁਧਿਆਣਾ 'ਚ ਪੱਤਰਕਾਰ ਮਿਲਣੀ ਦੌਰਾਨ ਰਜਿੰਦਰ ਗੁਪਤਾ, ਕੇਵਲ ਢਿੱਲੋਂ ਅਤੇ ਤਰੁਣ ਚੁੱਘ ਰਹੇ ਮੌਜੂਦ
ਲੁਧਿਆਣਾ / ਚੰਡੀਗੜ੍ਹ, 20 ਅਕਤੂਬਰ 2026: ਪੰਜਾਬ ਵਿੱਚ ਦਿਨੋਂ-ਦਿਨ ਗੰਭੀਰ ਰੂਪ ਧਾਰਨ ਕਰ ਰਹੀ ਨਸ਼ਿਆਂ ਦੀ ਸਮੱਸਿਆ ਵਿਰੁੱਧ ਕੇਂਦਰ ਸਰਕਾਰ ਨੇ ਇੱਕ ਬਹੁਤ ਹੀ ਅਹਿਮ ਅਤੇ ਵੱਡੀ ਪਹਿਲਕਦਮੀ ਕੀਤੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੰਜਾਬ ਦੌਰੇ ਦੌਰਾਨ ਰਾਜ ਸਭਾ ਮੈਂਬਰ ਰਜਿੰਦਰ ਗੁਪਤਾ ਨੇ ਉਨ੍ਹਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਹੈ। ਰਜਿੰਦਰ ਗੁਪਤਾ ਨੇ ਸਭ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਦਾ ਹਵਾਈ ਅੱਡੇ 'ਤੇ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਜੀ ਆਇਆਂ ਆਖਿਆ।
ਇਸ ਦੌਰਾਨ ਲੁਧਿਆਣਾ ਵਿਖੇ ਵਿਸ਼ੇਸ਼ ਪ੍ਰੈੱਸ ਕਾਨਫ਼ਰੰਸ ਵਿੱਚ ਵੀ ਰਾਜ ਸਭਾ ਮੈਂਬਰ ਰਜਿੰਦਰ ਗੁਪਤਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮੁੱਖ ਰੂਪ ਵਿੱਚ ਮੌਜੂਦ ਰਹੇ। ਇਸ ਮੌਕੇ ਉਨ੍ਹਾਂ ਦੇ ਨਾਲ ਸੂਬੇ ਦੇ ਹੋਰ ਵੀ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ, MP ਤਰੁਣ ਚੁੱਘ & ਸੀਨੀਅਰ ਆਗੂ ਵਿਨੀਤ ਜੋਸ਼ੀ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।
ਬਾਬੂਸ਼ਾਹੀ ਨਾਲ ਗੱਲਬਾਤ ਕਰਦਿਆਂ ਰਜਿੰਦਰ ਗੁਪਤਾ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਦਾ ਇਹ ਦੌਰਾ ਅਤੇ ਪੰਜਾਬ ਦੇ ਮਸਲਿਆਂ 'ਤੇ ਵਿਸ਼ੇਸ਼ ਧਿਆਨ ਦੇਣਾ ਇੱਕ ਬਹੁਤ ਹੀ ਸ਼ਲਾਘਾਯੋਗ ਅਤੇ ਵਧੀਆ ਉਪਰਾਲਾ ਹੈ। ਇਸ ਨਾਲ ਪੰਜਾਬ ਦੇ ਸਭ ਤੋਂ ਵੱਡੇ ਅਤੇ ਅਹਿਮ ਮੁੱਦੇ 'ਤੇ ਕੇਂਦਰ ਸਰਕਾਰ ਦਾ ਧਿਆਨ ਪੂਰੀ ਤਰ੍ਹਾਂ ਕੇਂਦਰਿਤ ਹੋਇਆ ਹੈ।
ਚੇਤੇ ਰਹੇ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸੂਬੇ ਦੇ ਤਿੰਨ ਪ੍ਰਮੁੱਖ ਜ਼ਿਲ੍ਹਿਆਂ ਗੁਰਦਾਸਪੁਰ, ਸੰਗਰੂਰ ਅਤੇ ਮਾਨਸਾ ਵਿੱਚ ਉਨ੍ਹਾਂ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਰਨ ਲਈ ਪਹੁੰਚੇ ਸਨ, ਜਿਨ੍ਹਾਂ ਦੇ ਮੈਂਬਰਾਂ ਨੇ ਨਸ਼ੇ ਵਿਰੁੱਧ ਆਵਾਜ਼ ਚੁੱਕਦਿਆਂ ਅਤੇ ਜੰਗ ਲੜਦਿਆਂ ਆਪਣੀ ਜਾਨ ਗਵਾ ਦਿੱਤੀ ਸੀ।
ਗ੍ਰਹਿ ਮੰਤਰੀ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਨੇੜਲੇ ਪਿੰਡ ਮਾੜੀ ਪੰਨੁਆਂ ਦੇ ਰਹਿਣ ਵਾਲੇ ਬਿਕਰਮਜੀਤ ਸਿੰਘ, ਸੰਗਰੂਰ ਜ਼ਿਲ੍ਹੇ ਦੇ ਪਿੰਡ ਤੂਰ ਵਣਜਾਰਾ ਦੇ ਰਹਿਣ ਵਾਲੇ ਗੁਲਜ਼ਾਰ ਸਿੰਘ ਅਤੇ ਮਾਨਸਾ ਜ਼ਿਲ੍ਹੇ ਦੇ ਨਿਵਾਸੀ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ-ਸਾਂਝਾ ਕੀਤਾ। ਇਹ ਉਹ ਨਿਡਰ ਵਿਅਕਤੀ ਸਨ, ਜਿਨ੍ਹਾਂ ਨੇ ਪਿਛਲੇ ਸਮੇਂ ਵਿੱਚ ਨਸ਼ਾ ਤਸਕਰਾਂ ਵਿਰੁੱਧ ਨਿਡਰਤਾ ਨਾਲ ਆਵਾਜ਼ ਬੁਲੰਦ ਕੀਤੀ ਸੀ ਅਤੇ ਇਸੇ ਕਾਰਨ ਉਨ੍ਹਾਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ ਸਨ।
ਕੇਂਦਰੀ ਗ੍ਰਹਿ ਮੰਤਰੀ ਨੇ ਸ਼ਹੀਦ ਪਰਿਵਾਰਾਂ ਨੂੰ ਹੌਸਲਾ ਦਿੰਦਿਆਂ ਵਿਸ਼ਵਾਸ ਦਵਾਇਆ ਕਿ ਉਨ੍ਹਾਂ ਦਾ ਇਹ ਬਲੀਦਾਨ ਅਜਾਈਂ ਨਹੀਂ ਜਾਵੇਗਾ। ਪੰਜਾਬ ਵਿੱਚੋਂ ਨਸ਼ੇ ਦੀ ਕੋੜ੍ਹ ਨੂੰ ਜੜ੍ਹੋਂ ਖ਼ਤਮ ਕਰਨ ਲਈ ਕੇਂਦਰ ਸਰਕਾਰ ਹਰ ਸੰਭਵ ਕਦਮ ਚੁੱਕੇਗੀ ਅਤੇ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਰਾਜ ਸਭਾ ਮੈਂਬਰ ਰਜਿੰਦਰ ਗੁਪਤਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਦੀ ਨਸ਼ਾ ਮੁਕਤੀ ਲਈ ਚੁੱਕਿਆ ਗਿਆ ਇਹ ਕਦਮ ਸੂਬੇ ਦੇ ਲੋਕਾਂ ਵਿੱਚ ਇੱਕ ਨਵੀਂ ਆਸ ਅਤੇ ਵਿਸ਼ਵਾਸ ਜਗਾਏਗਾ। ਉਨ੍ਹਾਂ ਕਿਹਾ ਕਿ ਜਦੋਂ ਕੇਂਦਰ ਸਰਕਾਰ ਖ਼ੁਦ ਅਜਿਹੇ ਗੰਭੀਰ ਮੁੱਦਿਆਂ 'ਤੇ ਸਿੱਧਾ ਧਿਆਨ ਦਿੰਦੀ ਹੈ ਤਾਂ ਇਸ ਨਾਲ ਨਸ਼ਿਆਂ ਵਿਰੁੱਧ ਲੜ ਰਹੇ ਆਮ ਲੋਕਾਂ ਅਤੇ ਪ੍ਰਸ਼ਾਸਨ ਦਾ ਹੌਸਲਾ ਹੋਰ ਬੁਲੰਦ ਹੁੰਦਾ ਹੈ।
- Download Babushahi App
-
-