ਨਸ਼ੇ ਰੁਕੇਗਾ ਕਿਵੇਂ? NCORD ਸਿਸਟਮ ਤਹਿਤ CM ਮਾਨ ਨੇ ਨਹੀਂ ਕੀਤੀ ਇੱਕ ਵੀ ਮੀਟਿੰਗ- ਅਮਿਤ ਸ਼ਾਹ ਦਾ ਵੱਡਾ ਦਾਅਵਾ
Babushahi Network
ਲੁਧਿਆਣਾ/ਚੰਡੀਗੜ੍ਹ, 20 ਅਕਤੂਬਰ 2026- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਜਾਬ ਵਿੱਚ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਤਿੱਖੇ ਹਮਲੇ ਕੀਤੇ ਹਨ। ਅਮਿਤ ਸ਼ਾਹ ਨੇ ਸਵਾਲ ਉਠਾਇਆ ਕਿ ਐੱਨ.ਡੀ.ਪੀ.ਐੱਸ. (NDPS) ਐਕਟ ਦੇ ਤਹਿਤ ਖਾਸ ਕਰਕੇ ਉਨ੍ਹਾਂ ਸਖ਼ਤ ਪ੍ਰਬੰਧਾਂ ਦੇ ਤਹਿਤ ਜਿਨ੍ਹਾਂ ਕਾਰਨ ਅਦਾਲਤਾਂ ਵਿੱਚੋਂ ਆਸਾਨੀ ਨਾਲ ਜ਼ਮਾਨਤ ਨਹੀਂ ਮਿਲਦੀ, ਪਿਛਲੇ ਇੱਕ ਸਾਲ ਵਿੱਚ ਅਸਲ ਤੌਰ 'ਤੇ ਕਿੰਨੇ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ? ਜਿਨ੍ਹਾਂ ਖੇਤਰਾਂ ਵਿੱਚ ਨਸ਼ੇ ਦੀ ਸਮੱਸਿਆ ਸਭ ਤੋਂ ਵੱਧ ਗੰਭੀਰ ਹੈ, ਉੱਥੇ ਇਸ ਦੇ ਖ਼ਾਤਮੇ ਲਈ ਸਥਾਨਕ ਲੋਕਾਂ ਅਤੇ ਜਨਤਾ ਨੂੰ ਵੀ ਭਾਈਵਾਲ ਬਣਾਇਆ ਜਾਣਾ ਚਾਹੀਦਾ ਹੈ।
ਨੈਸ਼ਨਲ ਪੱਧਰ 'ਤੇ ਕੇਂਦਰੀ ਦੇਖਰੇਖ ਅਤੇ ਰਾਜ ਪੱਧਰ 'ਤੇ ਮੁੱਖ ਮੰਤਰੀਆਂ ਦੀ ਪ੍ਰਧਾਨਗੀ ਹੇਠ ਬਣਾਏ ਗਏ 'ਨਾਰਕੋ ਕੋਆਡੀਨੇਸ਼ਨ ਸੈਂਟਰ' (NCORD) ਸਿਸਟਮ ਦਾ ਜ਼ਿਕਰ ਕਰਦਿਆਂ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਸਖ਼ਤ ਸਵਾਲ ਕੀਤਾ ਕਿ ਉਨ੍ਹਾਂ ਨੇ ਇਸ ਤਹਿਤ ਹੁਣ ਤੱਕ ਕਿੰਨੀਆਂ ਮੀਟਿੰਗਾਂ ਕੀਤੀਆਂ ਹਨ? ਉਨ੍ਹਾਂ ਕਿਹਾ ਕਿ ਸੱਚਾਈ ਇਹ ਹੈ ਕਿ ਮੁੱਖ ਮੰਤਰੀ ਵੱਲੋਂ ਇੱਕ ਵੀ ਮੀਟਿੰਗ ਨਹੀਂ ਕੀਤੀ ਗਈ। ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਨਾ ਤਾਂ ਸਰਕਾਰ ਕੋਲ ਇਸ ਬਿਮਾਰੀ ਨੂੰ ਖ਼ਤਮ ਕਰਨ ਦਾ ਕੋਈ ਸਪੱਸ਼ਟ ਇਰਾਦਾ ਹੈ, ਨਾ ਹੀ ਗੰਭੀਰਤਾ ਹੈ, ਅਤੇ ਨਾ ਹੀ ਉਨ੍ਹਾਂ ਨੂੰ ਇਸ ਸਮੱਸਿਆ ਨਾਲ ਨਜਿੱਠਣ ਦੀ ਸਹੀ ਵਿਧੀ ਦਾ ਪਤਾ ਹੈ।
ਉਨ੍ਹਾਂ ਪੰਜਾਬ ਦੀ ਜਨਤਾ ਦੇ ਸਾਹਮਣੇ ਕਈ ਅਹਿਮ ਸਵਾਲ ਰੱਖੇ। ਉਨ੍ਹਾਂ ਪੁੱਛਿਆ ਕਿ ਕੀ ਸਰਕਾਰ ਕੋਲ ਇਸ ਗੱਲ ਦਾ ਕੋਈ ਅਧਿਕਾਰਤ ਰਿਕਾਰਡ ਹੈ ਕਿ ਇਸ ਨਸ਼ੇ ਦੇ ਨੈੱਟਵਰਕ ਵਿੱਚ ਕਿੰਨੇ ਭ੍ਰਿਸ਼ਟ ਅਧਿਕਾਰੀ ਸ਼ਾਮਲ ਹਨ? ਕੀ ਸਰਕਾਰ ਨੂੰ ਇਹ ਨਹੀਂ ਪਤਾ ਕਿ ਹਰ ਜ਼ਿਲ੍ਹੇ ਵਿੱਚ ਨਸ਼ਾ ਤਸਕਰ ਕੌਣ-ਕੌਣ ਹਨ, ਜਦੋਂ ਕਿ ਇਹ ਗੱਲ ਹਰ ਆਮ ਨਾਗਰਿਕ ਨੂੰ ਪਤਾ ਹੈ? ਸੂਬੇ ਵਿੱਚ ਸਾਲਾਂ-ਬੱਧੀ ਫਾਰੈਂਸਿਕ ਸਾਇੰਸ ਲੈਬਾਰਟਰੀਆਂ ਵਿੱਚ ਭੇਜੇ ਗਏ ਸੈਂਪਲਾਂ ਦੀ ਜਾਂਚ ਸਮੇਂ ਸਿਰ ਨਹੀਂ ਕੀਤੀ ਜਾਂਦੀ, ਜਿਸ ਕਾਰਨ ਕਾਨੂੰਨੀ ਕਮਜ਼ੋਰੀਆਂ ਦਾ ਫ਼ਾਇਦਾ ਉਠਾ ਕੇ ਦੋਸ਼ੀ ਅਦਾਲਤਾਂ ਵਿੱਚੋਂ ਆਸਾਨੀ ਨਾਲ ਜ਼ਮਾਨਤ ਹਾਸਲ ਕਰ ਲੈਂਦੇ ਹਨ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਸਿਆਸੀ ਬਿਆਨਬਾਜ਼ੀ ਛੱਡ ਕੇ ਅਸਲ ਜ਼ਮੀਨੀ ਕੰਮ 'ਤੇ ਧਿਆਨ ਦੇਣ, ਕਿਉਂਕਿ ਪੰਜਾਬ ਦੀ ਮਾਸੂਮ ਜਨਤਾ ਨੂੰ ਮੌਜੂਦਾ ਸਰਕਾਰ ਤੋਂ ਬਹੁਤ ਸਾਰੀਆਂ ਉਮੀਦਾਂ ਸਨ।
- Download Babushahi App
-
-