ਪੰਜਾਬ 'ਚ ਨਸ਼ਾ ਸਿਆਸੀ ਸਰਪ੍ਰਸਤੀ ਅਤੇ ਮਿਲੀਭੁਗਤ ਨਾਲ ਵਿਕ ਰਿਹੈ- ਅਮਿਤ ਸ਼ਾਹ ਦਾ ਗੰਭੀਰ ਦੋਸ਼
ਭਗਵੰਤ ਮਾਨ ਸਰਕਾਰ ਕੋਲ ਨਸ਼ਾ ਰੋਕਣ ਦੀ ਨਾ ਮਨਸ਼ਾ ਹੈ ਅਤੇ ਨਾ ਹੀ ਸਮਰੱਥਾ: ਅਮਿਤ ਸ਼ਾਹ
'ਆਪ' ਸਰਕਾਰ ਦੇ ਦੋਸ਼ਾਂ ਦਾ ਜਵਾਬ ਦਿੰਦਿਆਂ ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ- ਅਸੀਂ ਪੋਰਟਾਂ ਤੋਂ ਫੜ੍ਹੀ ਹੈਰੋਇਨ, ਪੰਜਾਬ ਵਿੱਚ ਕਿਵੇਂ ਪਹੁੰਚ ਰਹੀ ਹੈ?
Babushahi Network
ਲੁਧਿਆਣਾ/ਚੰਡੀਗੜ੍ਹ, 20 ਅਕਤੂਬਰ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਜਾਬ ਵਿੱਚ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਤਿੱਖੇ ਹਮਲੇ ਕੀਤੇ ਹਨ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਪੰਜਾਬ ਵਿੱਚ ਨਸ਼ੇ ਦਾ ਕਾਰੋਬਾਰ ਸਿਆਸੀ ਸਰਪ੍ਰਸਤੀ ਅਤੇ ਮਿਲੀਭੁਗਤ ਨਾਲ ਬੇਰੋਕ ਚੱਲ ਰਿਹਾ ਹੈ। ਲੁਧਿਆਣਾ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਾਰਜਪ੍ਰਣਾਲੀ 'ਤੇ ਸਵਾਲੀਆ ਨਿਸ਼ਾਨ ਖੜ੍ਹੇ ਕੀਤੇ ਅਤੇ ਦਾਅਵਾ ਕੀਤਾ ਕਿ ਭਗਵੰਤ ਮਾਨ ਸਰਕਾਰ ਕੋਲ ਨਸ਼ੇ ਵਰਗੀ ਲਾਹਣਤ ਨੂੰ ਖ਼ਤਮ ਕਰਨ ਲਈ ਨਾ ਤਾਂ ਕੋਈ ਸਪੱਸ਼ਟ ਮਨਸ਼ਾ ਹੈ ਅਤੇ ਨਾ ਹੀ ਲੋੜੀਂਦੀ ਸਮਰੱਥਾ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਜਾਬ ਦੇ ਤਿੰਨ ਵੱਖ-ਵੱਖ ਜ਼ਿਲ੍ਹਿਆਂ - ਗੁਰਦਾਸਪੁਰ, ਸੰਗਰੂਰ ਅਤੇ ਮਾਨਸਾ ਦਾ ਦੌਰਾ ਕੀਤਾ। ਇਸ ਦੌਰਾਨ ਸ਼ਾਹ ਨੇ ਉਨ੍ਹਾਂ ਪਰਿਵਾਰਾਂ ਨਾਲ ਵਿਸ਼ੇਸ਼ ਤੌਰ 'ਤੇ ਮੁਲਾਕਾਤ ਕੀਤੀ ਜਿਨ੍ਹਾਂ ਦੇ ਆਪਣਿਆਂ ਨੇ ਨਸ਼ੇ ਵਿਰੁੱਧ ਆਵਾਜ਼ ਬੁਲੰਦ ਕਰਨ ਬਦਲੇ ਆਪਣੀ ਜਾਨ ਦੀ ਕੁਰਬਾਨੀ ਦੇ ਦਿੱਤੀ ਸੀ। ਗੁਰਦਾਸਪੁਰ ਦੇ ਬਟਾਲਾ ਅਧੀਨ ਪੈਂਦੇ ਪਿੰਡ ਮਾੜੀ ਪੰਨੁਆਂ ਦੇ ਬਿਕਰਮਜੀਤ ਸਿੰਘ, ਸੰਗਰੂਰ ਦੇ ਪਿੰਡ ਤੂਰ ਵਣਜਾਰਾ ਦੇ ਗੁਲਜਾਰ ਸਿੰਘ ਅਤੇ ਮਾਨਸਾ ਦੇ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰਾਂ ਨੂੰ ਮਿਲ ਕੇ ਸ਼ਾਹ ਨੇ ਉਨ੍ਹਾਂ ਨਾਲ ਡੂੰਘੀ ਹਮਦਰਦੀ ਪ੍ਰਗਟ ਕੀਤੀ ਅਤੇ ਪੀੜਤ ਪਰਿਵਾਰਾਂ ਦੀ ਹੌਸਲਾ ਅਫ਼ਜ਼ਾਈ ਕੀਤੀ। ਇਹ ਸਾਰੇ ਵਿਅਕਤੀ ਪੰਜਾਬ ਵਿੱਚੋਂ ਨਸ਼ੇ ਦੇ ਖ਼ਾਤਮੇ ਲਈ ਲੜਾਈ ਲੜ ਰਹੇ ਸਨ ਅਤੇ ਇਸੇ ਮਿਸ਼ਨ ਤਹਿਤ ਉਨ੍ਹਾਂ ਨੂੰ ਆਪਣੀ ਜਾਨ ਗਵਾਉਣੀ ਪਈ।
ਇਹਨਾਂ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਲੁਧਿਆਣਾ ਪਹੁੰਚ ਕੇ ਅਮਿਤ ਸ਼ਾਹ ਨੇ ਮੀਡੀਆ ਸਾਹਮਣੇ ਆਪਣੇ ਵਿਚਾਰ ਰੱਖੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਦੀ ਜਾਨ ਨਸ਼ੇ ਕਾਰਨ ਜਾ ਰਹੀ ਹੈ ਅਤੇ ਸੂਬੇ ਦੇ ਲੋਕਾਂ ਵਿੱਚ ਇਸ ਗੱਲ ਨੂੰ ਲੈ ਕੇ ਭਾਰੀ ਰੋਹ ਪਾਇਆ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੌਜੂਦਾ AAP ਸਰਕਾਰ ਲੋਕਾਂ ਨੂੰ ਸੁਰੱਖਿਆ ਦੇਣ ਅਤੇ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਵਿੱਚ ਬੁਰੀ ਤਰ੍ਹਾਂ ਅਸਫ਼ਲ ਰਹੀ ਹੈ।
ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੇਂਦਰ ਸਰਕਾਰ 'ਤੇ ਲਾਏ ਜਾ ਰਹੇ ਦੋਸ਼ਾਂ ਦਾ ਮੂੰਹ-ਤੋੜ ਜਵਾਬ ਦਿੰਦਿਆਂ ਅਮਿਤ ਸ਼ਾਹ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਦੇਸ਼ ਦੇ ਵੱਖ-ਵੱਖ ਬੰਦਰਗਾਹਾਂ (ਪੋਰਟਾਂ) ਤੋਂ ਵੱਡੀ ਮਾਤਰਾ ਵਿੱਚ ਹੈਰੋਇਨ ਅਤੇ ਹੋਰ ਨਸ਼ੀਲੇ ਪਦਾਰਥ ਫੜੇ ਜਾ ਚੁੱਕੇ ਹਨ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਕੇਂਦਰ ਸਰਕਾਰ ਵੱਲੋਂ ਸਮੁੰਦਰੀ ਰਸਤਿਆਂ ਅਤੇ ਪੋਰਟਾਂ 'ਤੇ ਨਸ਼ੇ ਦੀ ਸਪਲਾਈ ਨੂੰ ਰੋਕਿਆ ਜਾ ਰਿਹਾ ਹੈ, ਤਾਂ ਫਿਰ ਪੰਜਾਬ ਦੇ ਅੰਦਰ ਨਸ਼ਾ ਲਗਾਤਾਰ ਕਿਵੇਂ ਪਹੁੰਚ ਰਿਹਾ ਹੈ ਅਤੇ ਕਿਵੇਂ ਉੱਡ ਕੇ ਆ ਰਿਹਾ ਹੈ? ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਵੱਲੋਂ ਕੇਂਦਰ ਸਰਕਾਰ ਵਿਰੁੱਧ ਲਾਏ ਜਾ ਰਹੇ ਸਾਰੇ ਦੋਸ਼ ਬਿਲਕੁਲ ਬੇਬੁਨਿਆਦ ਅਤੇ ਝੂਠੇ ਹਨ, ਜਿਨ੍ਹਾਂ ਦਾ ਅਸਲ ਮਕਸਦ ਸਿਰਫ਼ ਆਪਣੀ ਨਾਕਾਮੀ ਨੂੰ ਛੁਪਾਉਣਾ ਹੈ।
- Download Babushahi App
-
-