ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੰਜਾਬ ਆਉਣਾ ਸਪੱਸ਼ਟ ਸੰਕੇਤ ਨਸ਼ਾ ਤਸਕਰਾਂ ਦੇ ਦਿਨ ਪੂਰੇ ਹੋਏ, ਪੰਜਾਬ ਜਲਦ ਹੋਵੇਗਾ ਨਸ਼ਾ ਮੁਕਤ: ਕੇਵਲ ਸਿੰਘ ਢਿੱਲੋਂ**
**ਝੋਟਾ ਦੇ ਕਤਲ ਨੂੰ ਨਿੱਜੀ ਰੰਜ਼ਿਸ਼ ਦੱਸਣ ਵਾਲੀ 'ਆਪ' ਸਰਕਾਰ ਮੰਗੇ ਮੁਆਫ਼ੀ: ਢਿੱਲੋਂ**
**ਸ਼ਾਹ ਨੇ ਪਰਮਿੰਦਰ ਝੋਟਾ ਸਮੇਤ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਾ ਦਿੱਤਾ ਭਰੋਸਾ**
**ਸਾਰੇ ਮਾਮਲਿਆਂ ਦੀ ਹੋਵੇ ਸੀਬੀਆਈ ਜਾਂਚ, ਤਾਂ ਹੀ ਮਿਲੇਗਾ ਇਨਸਾਫ਼: ਕੇਵਲ ਢਿੱਲੋਂ*
**ਨਸ਼ਿਆਂ ਵਿਰੁੱਧ ਉੱਠੀਆਂ ਆਵਾਜ਼ਾਂ ਬੰਦ ਕਰਵਾਉਣ 'ਤੇ 'ਆਪ' ਸਰਕਾਰ ਬੁਰੀ ਤਰ੍ਹਾਂ ਫੇਲ੍ਹ: ਭਾਜਪਾ ਪ੍ਰਧਾਨ**
*ਹਰ ਪੱਖ ਤੋਂ ਫੇਲ੍ਹ ਪੰਜਾਬ ਦੇ ਲੋਕ 'ਆਪ' ਸਰਕਾਰ ਤੋਂ ਖਹਿੜਾ ਛੁਡਾਉਣ ਲਈ ਤਿਆਰ: ਭਾਜਪਾ ਪ੍ਰਧਾਨ ਢਿੱਲੋਂ*
ਚੰਡੀਗੜ੍ਹ, 20 ਅਕਤੂਬਰ
ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਦੀ ਪੰਜਾਬ ਫੇਰੀ ਨੇ ਇਹ ਸਪੱਸ਼ਟ ਸੰਦੇਸ਼ ਦੇ ਦਿੱਤਾ ਹੈ ਕਿ ਨਸ਼ਾ ਤਸਕਰਾਂ ਦੇ ਦਿਨ ਹੁਣ ਪੂਰੇ ਹੋ ਚੁੱਕੇ ਹਨ ਅਤੇ ਪੰਜਾਬ ਬਹੁਤ ਜਲਦ ਨਸ਼ਾ ਮੁਕਤ ਹੋਵੇਗਾ।
ਇਹ ਪ੍ਰਗਟਾਵਾ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਪਰਮਿੰਦਰ ਸਿੰਘ ਝੋਟਾ ਸਮੇਤ ਵੱਖ ਵੱਖ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਰਨ ਉਪਰੰਤ ਕੀਤਾ।
ਸ. ਢਿੱਲੋਂ ਨੇ ਦੱਸਿਆ ਕਿ ਅੱਜ ਉਨ੍ਹਾਂ ਨੇ ਗ੍ਰਹਿ ਮੰਤਰੀ ਜੀ ਦੇ ਨਾਲ ਗੁਰਦਾਸਪੁਰ ਦੇ ਵਿਖੇ ਬਿਕਰਮਜੀਤ ਸਿੰਘ, ਸੰਗਰੂਰ ਦੇ ਤੂਰ ਬੰਜਾਰਾ ਵਿਖੇ ਗੁਲਜ਼ਾਰ ਸਿੰਘ ਅਤੇ ਮਾਨਸ ਵਿਖੇ ਪਰਮਿੰਦਰ ਸਿੰਘ ਝੋਟਾ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਨੂੰ ਇਨਸਾਫ਼ ਦਿਵਾਉਣ ਦਾ ਪੂਰਾ ਭਰੋਸਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਦੀ 'ਆਪ' ਸਰਕਾਰ ਨਸ਼ਿਆਂ ਨੂੰ ਰੋਕਣ ਵਿੱਚ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ, ਅਤੇ ਜੋ ਵੀ ਨਸ਼ਿਆਂ ਵਿਰੁੱਧ ਆਵਾਜ਼ ਉਠਾਉਂਦਾ ਹੈ, ਉਸ ਦੀ ਆਵਾਜ਼ ਨੂੰ ਦਬਾ ਦਿੱਤਾ ਜਾਂਦਾ ਹੈ।
ਪੰਜਾਬ ਸਰਕਾਰ ਵੱਲੋਂ ਅੱਜ ਸੀਬੀਆਈ ਜਾਂਚ ਦੇ ਲਏ ਗਏ ਫ਼ੈਸਲੇ ਬਾਰੇ ਢਿੱਲੋਂ ਨੇ ਕਿਹਾ ਕਿ ਇਹ ਫ਼ੈਸਲਾ ਇਨਸਾਫ਼ ਦੀ ਇੱਛਾ ਨਹੀਂ, ਸਗੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਦੇ ਆਉਣ ਦੀ ਘਬਰਾਹਟ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ 'ਆਪ' ਸਰਕਾਰ ਪਰਮਿੰਦਰ ਝੋਟਾ ਦੇ ਕਤਲ ਨੂੰ ਨਿੱਜੀ ਰੰਜਿਸ਼ ਦੱਸ ਕੇ ਮਾਮਲੇ ਨੂੰ ਦਬਾਉਂਦੀ ਰਹੀ। ਇਸ ਲਈ ਸਰਕਾਰ ਨੂੰ ਝੋਟਾ ਦੇ ਪਰਿਵਾਰ ਅਤੇ ਪੂਰੇ ਪੰਜਾਬੀਆਂ ਤੋਂ ਸਾਰਵਜਨਿਕ ਤੌਰ 'ਤੇ ਮੁਆਫ਼ੀ ਮੰਗਣੀ ਚਾਹੀਦੀ ਹੈ। ਸੀਬੀਆਈ ਨੂੰ ਜਾਂਚ ਸੌਂਪਣਾ ਇਸ ਗੱਲ ਦਾ ਖ਼ੁਦ ਕਬੂਲਨਾਮਾ ਹੈ ਕਿ ਪੰਜਾਬ ਸਰਕਾਰ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦੇਣ ਦੇ ਸਮਰੱਥ ਨਹੀਂ ਹੈ।
ਕੇਵਲ ਸਿੰਘ ਢਿੱਲੋਂ ਨੇ ਦੱਸਿਆ ਕਿ ਭਾਜਪਾ ਨੇ ਇਸ ਮਾਮਲੇ ਵਿੱਚ ਪਹਿਲਾਂ ਹੀ ਪਹਿਲਕਦਮੀ ਕੀਤੀ ਸੀ। ਉਨ੍ਹਾਂ ਨੇ 13 ਅਕਤੂਬਰ ਨੂੰ ਹੀ ਪੰਜਾਬ ਦੇ ਮਾਣਯੋਗ ਰਾਜਪਾਲ ਨੂੰ ਪੱਤਰ ਲਿਖ ਕੇ ਸੀਬੀਆਈ ਜਾਂਚ ਦੀ ਮੰਗ ਕੀਤੀ ਸੀ, ਕਿਉਂਕਿ 'ਆਪ' ਸਰਕਾਰ ਤੋਂ ਕਿਸੇ ਕਾਰਵਾਈ ਦੀ ਉਮੀਦ ਨਹੀਂ ਸੀ। ਉਨ੍ਹਾਂ ਕਿਹਾ ਕਿ ਪਰਮਿੰਦਰ ਸਿੰਘ ਝੋਟਾ ਸਮੇਤ ਸਾਰੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦੀ ਇੱਕੋ-ਇੱਕ ਉਮੀਦ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ, ਕੇਂਦਰ ਸਰਕਾਰ ਅਤੇ ਸੀਬੀਆਈ ਤੋਂ ਹੀ ਹੈ। ਉਨ੍ਹਾਂ ਮੰਗ ਕੀਤੀ ਕਿ ਸਿਰਫ਼ ਝੋਟਾ ਦੇ ਮਾਮਲੇ ਦੀ ਨਹੀਂ, ਸਾਰੇ ਮਾਮਲਿਆਂ ਦੀ ਸੀਬੀਆਈ ਜਾਂਚ ਹੋਵੇ, ਤਦ ਹੀ ਪਰਿਵਾਰਾਂ ਨੂੰ ਸੱਚਾ ਇਨਸਾਫ਼ ਮਿਲ ਸਕੇਗਾ।
'ਆਪ' ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਸਿਰਫ਼ ਸੀਬੀਆਈ ਜਾਂਚ ਸੌਂਪ ਦੇਣ ਨਾਲ ਸਰਕਾਰ ਆਪਣੀ ਜਵਾਬਦੇਹੀ ਤੋਂ ਨਹੀਂ ਬਚ ਸਕਦੀ। ਪੂਰਾ ਪੰਜਾਬ 'ਆਪ' ਤੋਂ ਖਹਿੜਾ ਛੁਡਾਉਣਾ ਚਾਹੁੰਦਾ ਹੈ, ਅਤੇ ਪੰਜਾਬ ਦੇ ਲੋਕ ਬਹੁਤ ਜਲਦ ਇਸ ਝੂਠੀ ਸਰਕਾਰ ਨੂੰ ਚੱਲਦਾ ਕਰਨਗੇ।
- Download Babushahi App
-
-