ਪ੍ਰਸ਼ਾਸਨ ਵੱਲੋਂ ਪਰਿਵਾਰ ਦੀ ਸਹਿਮਤੀ ਤੋਂ ਬਿਨਾਂ ਝੋਟੇ ਦਾ ਪੋਸਟਮਾਰਟਮ ਤੇ ਸਸਕਾਰ ਨਾ ਕਰਾਉਣ ਦਾ ਐਲਾਨ
ਮਾਨਸਾ ਪੁਲਿਸ ਅਤੇ ਸਿਵਲ ਪ੍ਰਸ਼ਾਸ਼ਨ ਵੱਲੋਂ ਸ਼ਰਾਰਤੀ ਅਨਸਰਾਂ ਨੂੰ ਸਖਤ ਤਾੜਨਾ
ਅਸ਼ੋਕ ਵਰਮਾ
ਮਾਨਸਾ, 16 ਅਕਤੂਬਰ 2026 :ਮਾਨਸਾ ਜ਼ਿਲ੍ਹੇ ਵਿੱਚ ਅਮਨ, ਸ਼ਾਂਤੀ ਅਤੇ ਕਾਨੂੰਨ ਦੀ ਸਥਿਤੀ ਨੂੰ ਹਰ ਹਾਲਤ ਵਿੱਚ ਕਾਇਮ ਰੱਖਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਪੁਲਿਸ ਵਿਭਾਗ ਪੂਰੀ ਤਰ੍ਹਾਂ ਮੁਸਤੈਦ ਹੈ।ਸ਼ਰਾਰਤੀ ਅਨਸਰਾਂ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਪੁਲਿਸ ਪ੍ਰਸ਼ਾਸਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਜ਼ਿਲ੍ਹੇ ਵਿੱਚ ਅਮਨ ਅਤੇ ਕਾਨੂੰਨ ਨੂੰ ਭੰਗ ਕਰਨ ਵਾਲੇ ਜਾਂ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਹੁੜਦੰਗਬਾਜ਼ੀ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਜ਼ਿਲ੍ਹੇ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨ ਅਤੇ ਆਮ ਲੋਕਾਂ ਵਿੱਚ ਵਿਸ਼ਵਾਸ ਪੈਦਾ ਕਰਨ ਦੇ ਉਦੇਸ਼ ਤਹਿਤ ਡੀ.ਆਈ.ਜੀ. ਬਠਿੰਡਾ ਰੇਂਜ ਹਰਜੀਤ ਸਿੰਘ, ਡਿਪਟੀ ਕਮਿਸ਼ਨਰ ਨਵਜੋਤ ਕੌਰ ਅਤੇ ਐਸ.ਐਸ.ਪੀ. ਵੈਭਵ ਚੌਧਰੀ ਵੱਲੋਂ ਅੱਜ ਸ਼ਹਿਰ ਦੇ ਵਪਾਰੀਆਂ, ਦੁਕਾਨਦਾਰਾਂ ਦੇ ਨਾਲ-ਨਾਲ ਇਨਸਾਫ਼ ਕਮੇਟੀ ਅਤੇ ਐਕਸ਼ਨ ਕਮੇਟੀ ਦੇ ਨੁਮਾਇੰਦਿਆਂ ਨਾਲ ਅਹਿਮ ਮੀਟਿੰਗ ਕੀਤੀ ਗਈ।
ਇਸ ਮੌਕੇ ਡੀਆਈਜੀ ਹਰਜੀਤ ਸਿੰਘ ਨੇ ਦੱਸਿਆ ਕਿ ਇਨਸਾਫ ਕਮੇਟੀ ਵੱਲੋਂ ਅਨੁਸਾਸ਼ਨਹੀਣ ਪ੍ਰਦਰਸ਼ਨਕਾਰੀਆਂ 'ਤੇ ਕਾਨੂੰਨੀ ਕਾਰਵਾਈ ਕਰਨ ਦਾ ਮਤਾ ਪਾਇਆ ਗਿਆ ਹੈ। ਇਨਸਾਫ ਕਮੇਟੀ ਦੁਆਰਾ ਭਰੋਸਾ ਦਿੱਤਾ ਗਿਆ ਹੈ ਕਿ ਜੋ ਸ਼ਰਾਰਤੀ ਅਨਸਰ ਕਾਨੂੰਨ ਤੇ ਅਮਨ ਸ਼ਾਂਤੀ ਨੂੰ ਭੰਗ ਕਰਨ ਦੀਆਂ ਕਾਰਵਾਈਆਂ ਕਰ ਰਹੇ ਹਨ ਉਨ੍ਹਾਂ 'ਤੇ ਸਖ਼ਤ ਕਾਰਵਾਈ ਕੀਤੀ ਜਾਵੇ। ਸ਼ਹਿਰ ਅੰਦਰ ਹੋਈਆਂ ਤੋੜ ਭੰਨ ਅਤੇ ਫਿਰਕਾਪ੍ਰਸਤ ਬਿਆਨ ਦੇ ਕੇ ਡਰਾਉਣ ਧਮਕਾਉਣ ਵਾਲੀਆਂ ਘਟਨਾਵਾਂ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਦੋ ਐੱਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ ਇਨਸਾਫ ਕਮੇਟੀ ਦੁਆਰਾ ਸ਼ਾਂਤਮਈ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿਸ ਦੀ ਉਹ ਸ਼ਲਾਘਾ ਕਰਦੇ ਹਨ ਕਿ ਅਜਿਹੇ ਹਾਲਾਤਾਂ ਵਿਚ ਉਨ੍ਹਾਂ ਨੇ ਆਪਸੀ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਿਆ ਹੋਇਆ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਿਚ ਆਪਣਾ ਵਿਸ਼ਵਾਸ ਕਾਇਮ ਰੱਖਿਆ ਹੈ। ਉਨ੍ਹਾਂ ਕਿਹਾ ਕਿ ਜੋ ਵੀ ਸ਼ਰਾਰਤੀ ਅਨਸਰ ਹੁੱਲੜਬਾਜੀ ਕਰਦੇ ਹਨ ਉਨ੍ਹਾਂ ਨੂੰ ਡਿਟੇਨ ਕਰਕੇ ਉਸੇ ਵਕਤ ਜੇਲ੍ਹ ਭੇਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਜੋ ਸ਼ਰਾਰਤੀ ਅਨਸਰਾਂ ਵੱਲੋਂ ਕਿਸੇ ਦਾ ਵੀ ਜਾਨੀ ਮਾਲੀ ਨੁਕਸਾਨ ਕੀਤਾ ਗਿਆ ਹੈ ਉਨ੍ਹਾਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ 'ਤੇ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਜੇਕਰ ਕਿਸੇ ਵੀ ਹੁਲੜਬਾਜ ਵੱਲੋਂ ਕਿਸੇ ਨੂੰ ਡਰਾਇਆ ਜਾਂ ਧਮਕਾਇਆ ਜਾਂਦਾ ਹੈ ਜਾਂ ਜਾਨੀ ਮਾਲੀ ਨੁਕਸਾਨ ਕੀਤਾ ਜਾਂਦਾ ਹੈ ਤਾਂ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸੋਸ਼ਲ ਮੀਡੀਆ ਉੱਤੇ ਅਫਵਾਹਾਂ ਫੈਲਾਉਣ ਵਾਲੇ ਅਨਸਰਾਂ ਤੋਂ ਆਮ ਲੋਕਾਂ ਨੂੰ ਸੁਚੇਤ ਰਹਿਣ ਦੀ ਜ਼ੋਰਦਾਰ ਅਪੀਲ ਕੀਤੀ ਹੈ।
ਜ਼ਿਲ੍ਹਾ ਪੁਲਿਸ ਮੁਖੀ ਵੈਭਵ ਚੌਧਰੀ ਨੇ ਦੱਸਿਆ ਕਿ ਆਗਾਮੀ ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ ਬਾਜ਼ਾਰਾਂ ਵਿੱਚ ਲੋਕਾਂ ਦੀ ਭੀੜ ਨੂੰ ਵੇਖਦਿਆਂ ਪੁਲਿਸ ਗਸ਼ਤ ਵਿੱਚ ਵੱਡੇ ਪੱਧਰ 'ਤੇ ਵਾਧਾ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਟਰੈਫਿਕ ਪੁਲਿਸ ਨੂੰ ਹਦਾਇਤ ਕੀਤੀ ਗਈ ਹੈ ਕਿ ਬਾਜ਼ਾਰਾਂ ਵਿੱਚ ਆਵਾਜਾਈ ਦੀ ਸਮੱਸਿਆ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਪੁਖਤਾ ਅਤੇ ਅਗਾਊਂ ਪ੍ਰਬੰਧ ਯਕੀਨੀ ਬਣਾਏ ਜਾਣ ਤਾਂ ਜੋ ਆਮ ਨਾਗਰਿਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਮੀਟਿੰਗ ਦੌਰਾਨ ਅਧਿਕਾਰੀਆਂ ਨੇ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰਕ ਮੈਂਬਰਾਂ ਨਾਲ ਡੂੰਘੀ ਹਮਦਰਦੀ ਅਤੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਸੰਵੇਦਨਸ਼ੀਲ ਮਾਮਲੇ 'ਤੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਸਥਿਤੀ ਨੂੰ ਸਪੱਸ਼ਟ ਕਰਦਿਆਂ ਡੀ.ਆਈ.ਜੀ. ਵੱਲੋਂ ਭਰੋਸਾ ਦਿਵਾਇਆ ਗਿਆ ਹੈ ਕਿ ਪਰਿਵਾਰਿਕ ਮੈਂਬਰਾਂ ਦੀ ਮਰਜ਼ੀ ਤੋਂ ਬਿਨਾਂ ਪਰਵਿੰਦਰ ਸਿੰਘ ਝੋਟਾ ਦੀ ਮ੍ਰਿਤਕ ਦੇਹ ਦਾ ਨਾ ਤਾਂ ਪੋਸਟਮਾਰਟਮ ਕੀਤਾ ਜਾਵੇਗਾ ਅਤੇ ਨਾ ਹੀ ਸਸਕਾਰ ਹੋਵੇਗਾ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਹਰ ਕਦਮ 'ਤੇ ਪਰਿਵਾਰ ਦੇ ਨਾਲ ਖੜ੍ਹਾ ਹੈ।
ਪੁਲਿਸ ਪ੍ਰਸ਼ਾਸਨ ਨੇ ਗੈਰ-ਸਮਾਜਿਕ ਤੱਤਾਂ ਨੂੰ ਤਾੜਨਾ ਕਰਦਿਆਂ ਚਿਤਾਵਨੀ ਦਿੱਤੀ ਹੈ ਕਿ ਜਨਤਕ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਨਾਲ ਕਾਨੂੰਨ ਆਪਣੇ ਤਰੀਕੇ ਨਾਲ ਸਖ਼ਤੀ ਨਾਲ ਨਜਿੱਠੇਗਾ।
- Download Babushahi App
-
-