ਨਾਟਕ ‘ਛੋੜੋ ਕਲ ਕੀ ਬਾਤੇਂ’ ਨੇ ਹਾਸੇ-ਮਜ਼ਾਕ ਦੇ ਵਿਚ ਬਿਆਨ ਕੀਤਾ ਬਜ਼ੁਰਗਾਂ ਦਾ ਦਰਦ
ਕੁਰੂਕਸ਼ੇਤਰ ਦੀ ਟੀਮ ਨੇ ਪੇਸ਼ ਕੀਤਾ ਨਾਟਕ
ਅਸ਼ੋਕ ਵਰਮਾ
ਬਠਿੰਡਾ, 05 ਅਕਤੂਬਰ 2026- ਨਾਟਿਅਮ ਦੇ 15ਵੇਂ ਨੈਸ਼ਨਲ ਥੀਏਟਰ ਫੈਸਟੀਵਲ ਦੀ ਅੱਠਵੀਂ ਰਾਤ ਜੈਵਰਧਨ ਲਿਖਤ ਨਾਟਕ ‘ਛੋੜੋ ਕਲ ਕੀ ਬਾਤੇਂ’ ਦਾ ਮੰਚਣ ਕੀਤਾ ਗਿਆ। ਨਿਰਦੇਸ਼ਕ ਵਿਕਾਸ ਸ਼ਰਮਾ ਦੇ ਨਿਰਦੇਸ਼ਨ ਹੇਠ ਨਿਊ ਉੱਥਾਨ ਥੀਏਟਰ ਗਰੁੱਪ, ਕੁਰੂਕਸ਼ੇਤਰ ਵੱਲੋਂ ਪੇਸ਼ ਕੀਤੇ ਨਾਟਕ ਵਿੱਚ ਬੁਢਾਪੇ, ਇਕੱਲੇਪਣ, ਪਰਿਵਾਰਕ ਨਜ਼ਰ ਅੰਦਾਜ਼ੀ ਅਤੇ ਰਿਸ਼ਤਿਆਂ ਵਿੱਚ ਵੱਧ ਰਹੀ ਦੂਰੀ ਵਰਗੇ ਸੰਵੇਦਨਸ਼ੀਲ ਵਿਸ਼ਿਆਂ ਨੂੰ ਹਾਸੇ ਅਤੇ ਭਾਵਨਾਤਮਕ ਪ੍ਰਸੰਗਾਂ ਰਾਹੀਂ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ।
ਨਾਟਕ ਦੀ ਕਹਾਣੀ ਬਿਰਧ ਆਸ਼ਰਮ ਵਿੱਚ ਰਹਿ ਰਹੇ ਤਿੰਨ ਬਜ਼ੁਰਗ ਦੋਸਤਾਂ ਜਗਲਾਲ, ਘਨਸ਼ਿਆਮ ਅਤੇ ਮਹਾਵੀਰ ਦੇ ਆਲੇ-ਦੁਆਲੇ ਘੁੰਮਦੀ ਹੈ। ਆਪਣੇਆਂ ਦੀ ਬੇਰੁਖ਼ੀ ਅਤੇ ਇਕੱਲੇਪਣ ਦੇ ਬਾਵਜੂਦ ਤਿੰਨੇ ਬੀਤੇ ਸਮੇਂ ਦੀਆਂ ਕੌੜੀਆਂ ਯਾਦਾਂ ਨੂੰ ਭੁਲਾ ਕੇ ਹਾਸੇ-ਮਜ਼ਾਕ ਨਾਲ ਜ਼ਿੰਦਗੀ ਜਿਊਣ ਦੀ ਕੋਸ਼ਿਸ਼ ਕਰਦੇ ਹਨ। ਬਿਰਧ ਆਸ਼ਰਮ ਨੂੰ ਵੇਚਣ ਦਾ ਨੋਟਿਸ ਆਉਣ ਤੋਂ ਬਾਅਦ ਕਹਾਣੀ ਨਵਾਂ ਮੋੜ ਲੈਂਦੀ ਹੈ ਅਤੇ ਬਜ਼ੁਰਗਾਂ ਦੇ ਸਨਮਾਨ, ਆਪਣਾਪਣ ਅਤੇ ਸੰਵੇਦਨਾ ਦੀ ਲੋੜ ਨੂੰ ਸਾਹਮਣੇ ਲਿਆਉਂਦੀ ਹੈ।
ਨਾਟਕ ਦੇ ਹਾਸੇ ਭਰੇ ਸੰਵਾਦਾਂ ’ਤੇ ਦਰਸ਼ਕਾਂ ਦੇ ਠਹਾਕੇ ਗੂੰਜਦੇ ਰਹੇ, ਜਦਕਿ ਭਾਵੁਕ ਪ੍ਰਸੰਗਾਂ ਨੇ ਮਾਹੌਲ ਨੂੰ ਗੰਭੀਰ ਕਰ ਦਿੱਤਾ।
ਨਾਟਕ ਦੀ ਸ਼ੁਰੂਆਤ ਮੁੱਖ ਮਹਿਮਾਨ ਬੀਸੀਐਲ ਦੇ ਮੈਨੇਜਿੰਗ ਡਾਇਰੈਕਟਰ ਰਾਜਿੰਦਰ ਮਿੱਤਲ ਨੇ ਦੀਵਾ ਜਗਾ ਕੇ ਕੀਤਾ। ਇਸ ਮੌਕੇ ਉਨ੍ਹਾਂ ਦੀ ਪਤਨੀ ਸੁਨੀਤਾ ਮਿੱਤਲ, ਪੁੱਤਰ ਕੁਸ਼ਲ ਮਿੱਤਲ ਅਤੇ ਨੂੰਹ ਸਾਰਾ ਮਿੱਤਲ ਤੋਂ ਇਲਾਵਾ ਨਾਟਿਅਮ ਦੇ ਫੈਸਟੀਵਲ ਡਾਇਰੈਕਟਰ ਗੁਰਨੂਰ ਸਿੰਘ, ਪ੍ਰਧਾਨ ਸੁਰਿੰਦਰ ਕੌਰ ਅਤੇ ਸਰਪਰਸਤ ਸੁਦਰਸ਼ਨ ਗੁਪਤਾ ਮੌਜੂਦ ਰਹੇ।
ਮੁੱਖ ਮਹਿਮਾਨ ਰਾਜਿੰਦਰ ਮਿੱਤਲ ਨੇ ਕਿਹਾ ਕਿ ਕਿਸੇ ਵੀ ਕੰਮ ਨੂੰ ਸਫਲ ਬਣਾਉਣ ਲਈ ਸਿਰਫ਼ ਪੈਸਾ ਹੀ ਨਹੀਂ, ਸਗੋਂ ਉਸ ਤੋਂ ਵੱਧ ਜਜ਼ਬਾ ਅਤੇ ਊਰਜਾ ਜ਼ਰੂਰੀ ਹੁੰਦੀ ਹੈ। ਕੀਰਤੀ ਕਿਰਪਾਲ ਦੀ ਅਗਵਾਈ ਹੇਠ ਨਾਟਿਅਮ ਦੀ ਟੀਮ ਜਿਸ ਸਮਰਪਣ ਅਤੇ ਊਰਜਾ ਨਾਲ ਪਿਛਲੇ 15 ਸਾਲਾਂ ਤੋਂ ਰਾਸ਼ਟਰੀ ਪੱਧਰ ਦੇ ਥੀਏਟਰ ਫੈਸਟੀਵਲ ਦਾ ਆਯੋਜਨ ਕਰ ਰਹੀ ਹੈ, ਉਹ ਲਾਜਵਾਬ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਿਸ ਸ਼ਾਨਦਾਰ ਆਡੀਟੋਰੀਅਮ ਵਿੱਚ ਦਰਸ਼ਕ ਨਾਟਕ ਦਾ ਆਨੰਦ ਮਾਣ ਰਹੇ ਹਨ, ਉਸ ਦੇ ਨਿਰਮਾਣ ਵਿੱਚ ਵੀ ਨਾਟਿਅਮ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ। ਉਨ੍ਹਾਂ ਮਿੱਤਲ ਗਰੁੱਪ ਵੱਲੋਂ ਭਵਿੱਖ ਵਿੱਚ ਵੀ ਨਾਟਿਅਮ ਨੂੰ ਹਰ ਸੰਭਵ ਸਹਿਯੋਗ ਜਾਰੀ ਰੱਖਣ ਦਾ ਭਰੋਸਾ ਦਿੱਤਾ।
ਨਾਟਿਅਮ ਦੇ ਡਾਇਰੈਕਟਰ ਕੀਰਤੀ ਕਿਰਪਾਲ ਨੇ ਦਰਸ਼ਕਾਂ ਵੱਲੋਂ ਮਿਲ ਰਹੇ ਭਰਪੂਰ ਸਮਰਥਨ ਲਈ ਧੰਨਵਾਦ ਕਰਦਿਆਂ ਦੱਸਿਆ ਕਿ ਅਕਸਰ ਲੋਕ ਉਨ੍ਹਾਂ ਤੋਂ ਸਵਾਲ ਕਰਦੇ ਹਨ ਕਿ ਉਹ ਨਾਟਕ ਕਿਉਂ ਕਰਦੇ ਹਨ। ਇਸ ਸਵਾਲ ’ਤੇ ਉਨ੍ਹਾਂ ਦਾ ਇਹੀ ਜਵਾਬ ਹੁੰਦਾ ਹੈ ਕਿ ਨਾਟਕ ਇਨਸਾਨ ਨੂੰ ਜ਼ਿੰਦਗੀ ਜਿਊਣ ਦੀ ਕਲਾ ਸਿਖਾਉਂਦਾ ਹੈ ਅਤੇ ਇਸੇ ਕਲਾ ਨੂੰ ਸਮਝਣ ਲਈ ਉਹ ਉਮਰ ਭਰ ਰੰਗਮੰਚ ਨਾਲ ਜੁੜੇ ਰਹਿਣਗੇ। ਮੁੱਖ ਸਰਪਰਸਤ ਡਾ. ਕਸ਼ਿਸ਼ ਗੁਪਤਾ ਨੇ ਨਾਟਿਅਮ ਨੂੰ ਲਗਾਤਾਰ ਸਹਿਯੋਗ ਦੇਣ ਲਈ ਰਾਜਿੰਦਰ ਮਿੱਤਲ ਦਾ ਧੰਨਵਾਦ ਕੀਤਾ।
- Download Babushahi App
-
-