ਸੂਬਾ ਸਰਕਾਰ ਦੀ ਅਣਦੇਖੀ ਕਾਰਨ ਪਾਵਰ ਕਲੋਨੀ ਸਕੂਲ ਦੀ ਇਮਾਰਤ ਖੰਡਰ ਬਣੀ- ਡਾ. ਚੀਮਾ
ਮਨਪ੍ਰੀਤ ਸਿੰਘ
ਰੂਪਨਗਰ -4 ਅਕਤੂਬਰ 2026- ਸੀਨੀਅਰ ਅਕਾਲੀ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਅੱਜ ਆਮ ਆਦਮੀ ਪਾਰਟੀ ਦੀ ਸਿੱਖਿਆ ਕ੍ਰਾਂਤੀ ਤੇ ਤੰਜ ਕੱਸਦਿਆਂ ਆਖਿਆ ਕਿ ਮੁੱਖ ਮੰਤਰੀ ਦੇ ਆਪਣੇ ਵਿਧਾਇਕ ਸਤਬੀਰ ਸਿੰਘ ਮਾਈਸਰਖਾਨਾ ਨੇ ਪੰਜਾਬ ਦੇ ਸਕੂਲਾਂ ਦੀ ਹਾਲਤ ਤੋਂ ਜਾਣੂ ਕਰਵਾ ਹੀ ਦਿੱਤਾ ਹੈ । ਡਾਕਟਰ ਚੀਮਾ ਨੇ ਅੱਜ ਰੂਪਨਗਰ ਸ਼ਹਿਰ ਦੀ ਪਾਵਰ ਕਲੋਨੀ ਵਿਖੇ ਜੀ ਜੀ ਐੱਸ ਟੀ ਪੀ ਮਾਡਲ ਹਾਈ ਸਕੂਲ ਦੀ ਇਮਾਰਤ ਦਾ ਦੌਰਾ ਕਰਕੇ ਪੱਤਰਕਾਰਾਂ ਨੂੰ ਕਿਹਾ ਕਿ ਇਹ ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਦੀ ਇਕ ਉਦਾਹਰਣ ਹੈ । ਉਹਨਾਂ ਕਿਹਾ ਕਿ ਇਸ ਸਕੂਲ ਦੀ ਸ਼ਾਨਦਾਰ ਇਮਾਰਤ ਪੰਜਾਬ ਸਰਕਾਰ ਦੀ ਅਣਦੇਖੀ ਕਾਰਨ ਖੰਡਰ ਦਾ ਰੂਪ ਧਾਰਨ ਕਰ ਚੁੱਕੀ । ਜਦ ਕਿ ਜਿੱਥੇ ਇਸ ਸਕੂਲ ਦਾ ਨਤੀਜਾ ਹਮੇਸ਼ਾਂ ਹੀ ਸੌ ਫ਼ੀਸਦੀ ਹੁੰਦਾ ਸੀ ਉੱਥੇ ਇਸ ਸਕੂਲ ਨੇ ਕਈ ਖੇਡਾਂ ਵਿਚ ਵੀ ਰਾਸ਼ਟਰੀ ਪੱਧਰ ਦੇ ਖਿਡਾਰੀ ਸੂਬੇ ਨੂੰ ਦਿੱਤੇ ਹਨ । ਉਹਨਾਂ ਕਿਹਾ ਆਮ ਆਦਮੀ ਦੀ ਸਰਕਾਰ ਵੱਲੋਂ ਇਸ ਸਕੂਲ ਨੂੰ ਮੁੜ ਚਾਲੂ ਕਰਨਾ ਕੋਈ ਮੁਸ਼ਕਿਲ ਨਹੀਂ ਹੈ ਕਿਉਂ ਕਿ ਜੇਕਰ ਬਿਜਲੀ ਬੋਰਡ ਇਸ ਸਕੂਲ ਨੂੰ ਨਹੀਂ ਚਲਾਉਣਾ ਚਾਹੁੰਦਾ ਸੀ ਤਾਂ ਸਰਕਾਰ ਵੱਲੋਂ ਇਸ ਨੂੰ ਸਿੱਖਿਆ ਵਿਭਾਗ ਨੂੰ ਸੌਂਪ ਕੇ ਇਸ ਸ਼ਾਨਦਾਰ ਸਕੂਲ ਨੂੰ ਬੰਦ ਕਰਨ ਦਾ ਪਾਪ ਨਹੀਂ ਕਰਨਾ ਚਾਹੀਦਾ ਸੀ ।ਉਹਨਾਂ ਆਖਿਆ ਕਿ ਰੂਪਨਗਰ ਸ਼ਹਿਰ ਵਿੱਚ ਕੇਵਲ 2 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਨ ਅਤੇ ਆਉਣ ਵਾਲੇ ਸਮੇ ਵਿੱਚ ਸਕੂਲ ਦੀ ਸਖ਼ਤ ਜ਼ਰੂਰਤ ਹੈ ਪੀਆਰ ਸਰਕਾਰ ਵਲੋਂ ਇਹ ਸਕੂਲ ਬੰਦ ਕਰਕੇ ਕੇਵਲ ਸ਼ਹਿਰ ਹੀ ਨਹੀਂ ਬਲਕਿ ਨੇੜੇ ਲੱਗਦੇ ਦਰਜਨਾਂ ਪਿੰਡਾਂ ਦੇ ਲੋਕਾਂ ਨਾਲ ਵੀ ਧੱਕਾ ਕੀਤਾ ਗਿਆ ਹੈ । ਉਹਨਾਂ ਹਲਕਾ ਵਿਧਾਇਕ ਨੂੰ ਸਵਾਲ ਕੀਤਾ ਕਿ ਕੀ ਉਹ ਇਸ ਸਬੰਧੀ ਕੋਈ ਕਾਰਵਾਈ ਕਰਨਗੇ । ਇਸ ਮੌਕੇ ਪਾਵਰ ਕਲੋਨੀ ਤੋਂ ਕੌਂਸਲਰ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਮੱਕੜ ਵੀ ਵਿਸ਼ੇਸ਼ ਤੌਰ ਤੇ ਮੌਜੂਦ ਸਨ ।
- Download Babushahi App
-
-