ਮਾਪਿਆਂ ਨੂੰ ਥਾਣੇ 'ਚ ਡੱਕ ਕੇ ਮਜ਼ਦੂਰ ਦੀ ਲਾਸ਼ ਦਾ ਜਬਰੀ ਸੰਸਕਾਰ ਕਰਨ ਖਿਲਾਫ ਅਰਥੀ ਫੂਕ ਮੁਜ਼ਾਹਰੇ
ਡੀ ਸੀ ਦਫਤਰ ਅੱਗੇ ਦਿੱਤੇ ਜਾ ਰਹੇ ਧਰਨੇ ਚ ਸ਼ਾਮਲ ਹੋਣ ਦਾ ਸੱਦਾ
ਮਜ਼ਦੂਰ ਆਗੂ ਮਾਲੜੀ 'ਤੇ ਹਮਲੇ ਦੇ ਦੋਸ਼ੀਆਂ ਤੇ ਕਾਰਵਾਈ ਦੀ ਵੀ ਕੀਤੀ ਮੰਗ
Ashok Verma
ਬਠਿੰਡਾ,4 ਅਕਤੂਬਰ 2026 : ਜ਼ਿਲ੍ਹਾ ਸੰਗਰੂਰ ਦੇ ਪਿੰਡ ਕਨੋਈ ਵਿਖੇ ਆਪ ਪਾਰਟੀ ਦੇ ਸਰਪੰਚ ਦੀ ਧੱਕੇਸ਼ਾਹੀ ਦਾ ਸ਼ਿਕਾਰ ਖੁਦਕੁਸ਼ੀ ਕਰ ਗਏ ਨੌਜਵਾਨ ਮਜ਼ਦੂਰ ਦੇ ਮਾਪਿਆਂ ਅਤੇ ਉਹਨਾਂ ਦੇ ਹਮਾਇਤੀਆਂ ਨੂੰ ਪੁਲਿਸ ਵੱਲੋਂ ਜ਼ਬਰਦਸਤੀ ਗਿਰਫ਼ਤਾਰ ਕਰਕੇ ਧੱਕੇ ਨਾਲ ਲਾਸ਼ ਦਾ ਸਸਕਾਰ ਕਰਨ ਖਿਲਾਫ ਅੱਜ਼ ਮਜ਼ਦੂਰ ਕਿਸਾਨ ਜਥੇਬੰਦੀਆਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਦੀਆਂ ਅਰਥੀਆਂ ਸਾੜ ਕੇ ਤਿੱਖੇ ਰੋਹ ਦਾ ਪ੍ਰਗਟਾਵਾ ਕੀਤਾ ਗਿਆ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਤੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਜ਼ਾਰੀ ਬਿਆਨ ਰਾਹੀਂ ਦੱਸਿਆ ਕਿ ਇਸ ਧੱਕੜ ਕਾਰਵਾਈ ਖ਼ਿਲਾਫ਼ ਜਨਤਕ ਜਮਹੂਰੀ ਜਥੇਬੰਦੀਆਂ ਦੇ ਸੱਦੇ ਤੇ ਯੂਨੀਅਨ ਵੱਲੋਂ ਸੰਗਰੂਰ,ਬਠਿੰਡਾ, ਸ੍ਰੀ ਮੁਕਤਸਰ ਸਾਹਿਬ, ਫ਼ਰੀਦਕੋਟ ਤੇ ਮੋਗਾ ਦੇ ਇੱਕ ਦਰਜਨ ਪਿੰਡਾਂ ਦੇ ਵਿੱਚ ਸਰਕਾਰ ਦੀਆਂ ਅਰਥੀਆਂ ਸਾੜੀਆਂ ਗਈਆਂ।
ਇਸ ਮੌਕੇ ਜੁੜੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਪੁਲਿਸ ਦੀ ਇਸ ਕਾਰਵਾਈ ਨੂੰ ਤਾਨਾਸ਼ਾਹੀ ਕਰਾਰ ਦਿੰਦਿਆਂ ਆਖਿਆ ਕਿ ਆਪ ਸਰਕਾਰ ਨੇ ਗਰੀਬ ਪਰਿਵਾਰ ਤੋਂ ਆਪਣੇ ਮਿਰਤਕ ਨੌਜਵਾਨ ਦੀਆਂ ਅੰਤਿਮ ਰਸਮਾਂ ਕਰਨ ਦਾ ਵੀ ਖੋਹ ਲਿਆ ਹੈ । ਉਹਨਾਂ ਆਖਿਆ ਕਿ ਪਹਿਲਾਂ ਇਨਸਾਫ ਦੀ ਮੰਗ ਕਰਦੇ ਮਿਰਤਕ ਦੇ ਵਾਰਸਾਂ ਵੱਲੋਂ ਲਾਸ਼ ਦਾ ਸੰਸਕਾਰ ਤੋਂ ਇਨਕਾਰੀ ਹੋਣ ਮੌਕੇ ਪੀੜਤ ਮਾਪਿਆਂ ਨੂੰ ਵਰਗਲਾਉਣ, ਡਰਾਉਣ ਧਮਕਾਉਣ ਤੇ ਲਾਲਚ ਦੇ ਕੇ ਅਖੌਤੀ ਸਹਿਮਤੀ ਦਰਸਾ ਕੇ ਸੰਸਕਾਰ ਕਰਵਾ ਦਿੱਤਾ ਜਾਂਦਾ ਸੀ ਪਰ ਭਗਵੰਤ ਮਾਨ ਸਰਕਾਰ ਹੁਣ ਅਖੌਤੀ ਸਹਿਮਤੀ ਦੀ ਥਾਂ ਨਿਰੋਲ ਧੱਕੇ ਤੇ ਜਬਰ ਦੀ ਨੀਤੀ ਅਪਣਾਈ ਜਾ ਰਹੀ ਹੈ।
ਅੱਜ ਦੇ ਇਕੱਠਾਂ ਨੂੰ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਹਰਭਗਵਾਨ ਸਿੰਘ ਮੂਣਕ , ਮੇਜ਼ਰ ਸਿੰਘ ਕਾਲੇਕੇ, ਗੁਲਪਾਲ ਸਿੰਘ ਨੰਗਲ ਤੋਂ ਇਲਾਵਾ ਬਾਜ਼ ਸਿੰਘ ਭੁੱਟੀਵਾਲਾ , ਮਨਦੀਪ ਸਿੰਘ ਸਿਵੀਆਂ ਸਮੇਤ ਵੱਖ ਵੱਖ ਆਗੂਆਂ ਨੇ ਸੰਬੋਧਨ ਕੀਤਾ।
ਬੁਲਾਰਿਆਂ ਨੇ ਆਖਿਆ ਕਿ ਜੰਗਾਂ ਦੌਰਾਨ ਵੀ ਮਾਰੇ ਗਏ ਵਿਰੋਧੀ ਮੁਲਕ ਦੇ ਫੌਜੀਆਂ ਦੀਆਂ ਲਾਸ਼ਾਂ ਸਬੰਧਤ ਮੁਲਕ ਨੂੰ ਸੌਂਪ ਕੇ ਉਨ੍ਹਾਂ ਦੇ ਵਾਰਸਾਂ ਨੂੰ ਉਹਨਾਂ ਦੀਆਂ ਅੰਤਿਮ ਰਸਮਾਂ ਕਰਨ ਦੀ ਆਗਿਆ ਦਿੱਤੀ ਜਾਂਦੀ ਹੈ ਪਰ ਪੰਜਾਬ ਸਰਕਾਰ ਤੇ ਅਫ਼ਸਰਸ਼ਾਹੀ ਦੀ ਮਜਦੂਰ ਵਰਗ ਪ੍ਰਤੀ ਅੰਨੀ ਜਮਾਤੀ ਤੇ ਜਾਤਪਾਤੀ ਨਫ਼ਰਤ ਕਾਰਨ ਕਨੋਈ ਦੇ ਦਲਿਤ ਪਰਿਵਾਰ ਨੂੰ ਇਸ ਹੱਕ ਤੋਂ ਵੀ ਵਾਂਝਾ ਕਰ ਦਿੱਤਾ ਗਿਆ।
ਉਹਨਾਂ ਮੰਗ ਕੀਤੀ ਕਿ ਨੌਜਵਾਨ ਮਜ਼ਦੂਰ ਦਾ ਜਬਰੀ ਸੰਸਕਾਰ ਕਰਨ ਵਾਲੇ ਪੁਲਿਸ ਅਧਿਕਾਰੀਆਂ 'ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ, ਗਿਰਫ਼ਤਾਰ ਕੀਤੇ ਪੀੜਤ ਪਰਿਵਾਰ ਦੇ ਰਿਸ਼ਤੇਦਾਰਾਂ ਸਮੇਤ ਸਭਨਾਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ, ਨੌਜਵਾਨ ਮਜ਼ਦੂਰ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਵਾਲੇ ਸਰਪੰਚ ਤੇ ਉਸਦੀ ਦੀ ਢਾਣੀ 'ਤੇ ਐਸ ਸੀ ਐਸ ਟੀ ਐਕਟ ਸਮੇਤ ਬਣਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਫੌਰੀ ਗਿਰਫ਼ਤਾਰ ਕੀਤਾ ਜਾਵੇ ਅਤੇ ਮਜ਼ਦੂਰ ਪਰਿਵਾਰ ਨੂੰ ਐਸ ਸੀ ਐਸ ਟੀ ਐਕਟ ਤਹਿਤ ਮਿਲਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ।
ਉਹਨਾਂ ਸਮੂਹ ਇਨਸਾਫ਼ ਪਸੰਦ ਲੋਕਾਂ ਤੇ ਜਥੇਬੰਦੀਆਂ ਨੂੰ ਸੱਦਾ ਦਿੱਤਾ ਕਿ ਉਹ ਇਸ ਜਾਬਰ ਤੇ ਧੱਕੜ ਕਾਰਵਾਈ ਖਿਲਾਫ ਜਨਤਕ ਜਮਹੂਰੀ ਜਥੇਬੰਦੀਆਂ ਵਲੋਂ 7 ਅਕਤੂਬਰ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਸੰਗਰੂਰ ਅੱਗੇ ਦਿੱਤੇ ਜਾ ਰਹੇ ਧਰਨੇ ਚ ਪਰਿਵਾਰਾਂ ਸਮੇਤ ਸ਼ਾਮਲ ਹੋਣ।
ਇਸ ਮੌਕੇ ਇਨਕਲਾਬੀ ਕਵੀ ਅਵਤਾਰ ਪਾਸ਼ ਦੇ ਯਾਦਗਾਰੀ ਕੰਪਲੈਕਸ ਵਿਖੇ ਯੂਨੀਅਨ ਦੇ ਸੂਬਾਈ ਆਗੂ ਹਰਮੇਸ਼ ਮਾਲੜੀ ਦੀ ਅਗਵਾਈ ਹੇਠ ਇਕੱਠੇ ਹੋਏ ਵਲੰਟੀਅਰਾਂ ਤੇ ਹਮਲਾ ਕਰਨ ਅਤੇ ਮਜ਼ਦੂਰ ਆਗੂ ਨੂੰ ਜਾਤੀ ਸੂਚਕ ਵਰਤ ਕੇ ਅਪਮਾਨਤ ਕਰਨ ਵਾਲੇ ਤਲਵੰਡੀ ਸਲੇਮ ਦੇ ਸਰਪੰਚ ਤੇ ਉਸਦੀ ਢਾਣੀ ਤੇ ਕੇਸ ਦਰਜ ਕਰਨ ਅਤੇ ਪਾਸ਼ ਹੰਸ ਯਾਦਗਾਰੀ ਕੰਪਲੈਕਸ ਨੂੰ ਮਾਨਤਾ ਦੇਣ ਦੀ ਮੰਗ ਵੀ ਕੀਤੀ ਗਈ।
- Download Babushahi App
-
-