ਗੁਰਦੁਆਰਾ ਈਸ਼ਰ ਦਰਬਾਰ ਸਾਹਿਬ ਸੈਕਟਰ 104 ਵਿਖੇ ਵਿਸ਼ਾਲ ਗੁਰਮਤਿ ਸਮਾਗਮ ਸੰਪੰਨ
ਵਿਧਾਇਕ ਕੁਲਵੰਤ ਸਿੰਘ, ਸਾਬਕਾ ਮੰਤਰੀ ਸਿੱਧੂ ਸਾਬਕਾ ਮੇਅਰ ਜੀਤੀ ਸਿੱਧੂ ,ਐਨ ਕੇ ਸ਼ਰਮਾ ਸਜੀਵ ਵਸਿਸਟ ਸਮੇਤ ਵੱਡੀ ਗਿਣਤੀ ਵਿੱਚ ਰਾਜਸੀ ਆਗੂ ਪੁੱਜੇ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 4 ਅਕਤੂਬਰ 2026: ਸੈਕਟਰ 104, ਪਰਲ ਸਿਟੀ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਨਵੇਂ ਬਣ ਰਹੇ ਗੁਰਦੁਆਰਾ ਈਸ਼ਰ ਦਰਬਾਰ ਸਾਹਿਬ ਵਿਖੇ ਸੰਤ ਬਾਬਾ ਮਹਿੰਦਰ ਸਿੰਘ ਜੀ ਲੰਬਿਆ ਸਾਹਿਬ ਵਾਲੇ ਮਹਾਪੁਰਖਾਂ ਅਤੇ ਸਰਬੱਤ ਸੰਗਤ ਦੇ ਸਹਿਯੋਗ ਨਾਲ ਇੱਕ ਮਹਾਨ ਗੁਰਮਤਿ ਸਮਾਗਮ ਬਹੁਤ ਹੀ ਸ਼ਰਧਾ, ਉਤਸ਼ਾਹ ਅਤੇ ਅਲੌਕਿਕ ਮਾਹੌਲ ਵਿੱਚ ਸਫਲਤਾਪੂਰਵਕ ਸੰਪੰਨ ਹੋ ਗਿਆ ਹੈ। ਇਸ ਸਮਾਗਮ ਵਿੱਚ ਇਲਾਕੇ ਭਰ ਤੋਂ ਪਹੁੰਚੀਆਂ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰ ਕੇ ਗੁਰੂ ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕੀਤੀਆਂ। ਨਿਰਧਾਰਤ ਪ੍ਰੋਗਰਾਮ ਅਨੁਸਾਰ ਇਹ ਸਮਾਗਮ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਬੜੀ ਸ਼ਰਧਾ ਨਾਲ ਮਨਾਇਆ ਗਿਆ।
ਸਮਾਗਮ ਦੀ ਸ਼ੁਰੂਆਤ ਸਵੇਰੇ 10:00 ਵਜੇ ਤੋਂ 11:30 ਵਜੇ ਤੱਕ ਇਸਰੀ ਸਤਿਸੰਗ ਸਭਾ ਦੀਆਂ ਬੀਬੀਆਂ ਦੇ ਜਥੇ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਜਾਪ ਨਾਲ ਕੀਤੀ ਗਈ।ਇਸ ਤੋਂ ਬਾਅਦ ਸਵੇਰੇ 11:30 ਵਜੇ ਤੋਂ ਦੁਪਹਿਰ 1:00 ਵਜੇ ਤੱਕ ਉੱਚ-ਕੋਟੀ ਦੇ ਰਾਗੀ ਜਥਿਆਂ ਵੱਲੋਂ ਕੀਰਤਨ ਦੀਵਾਨ ਸਜਾਏ ਗਏ। ਇਸ ਦੌਰਾਨ ਭਾਈ ਕਰਮਜੀਤ ਸਿੰਘ ਅਤੇ ਭਾਈ ਕਮਲਪ੍ਰੀਤ ਸਿੰਘ ਲੰਬਿਆਂ ਵਾਲਿਆਂ ਦੇ ਜਥੇ ਵੱਲੋਂ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਅਤੇ ਮਹਾਪੁਰਖਾਂ ਵੱਲੋਂ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਗਈ। ਸਮਾਗਮ ਦੀ ਸਮਾਪਤੀ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਸੰਤ ਬਾਬਾ ਈਸ਼ਰ ਸਿੰਘ ਜੀ ਸੰਤ ਮੰਡਲ ਫਾਊਂਡੇਸ਼ਨ (ਰਜਿ:) ਲੰਬਿਆ ਸਾਹਿਬ ਅਤੇ ਮੁੱਖ ਸੇਵਾਦਾਰ ਸੰਤ ਬਾਬਾ ਅਮਰਾਉ ਸਿੰਘ ਜੀ ਲੰਬਿਆ ਸਾਹਿਬ ਵਾਲਿਆਂ ਦੀ ਅਗਵਾਈ ਹੇਠ ਇਹ ਸਮਾਗਮ ਬਹੁਤ ਵਧੀਆ ਤਰੀਕੇ ਨਾਲ ਨੇਪਰੇ ਚੜ੍ਹਿਆ।
ਪ੍ਰਬੰਧਕਾਂ ਵੱਲੋਂ ਚੱਲ ਰਹੀ ਕਾਰ ਸੇਵਾ ਵਿੱਚ ਤਨ, ਮਨ ਅਤੇ ਧਨ ਨਾਲ ਸਹਿਯੋਗ ਦੇਣ ਵਾਲੀ ਸਮੁੱਚੀ ਇਲਾਕਾ ਨਿਵਾਸੀ ਸੰਗਤ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਗਿਆ। ਸਮਾਗਮ ਦੌਰਾਨ ਸੰਗਤਾਂ ਅਤੇ ਰਾਜਨੀਤਿਕ ਆਗੂਆਂ ਵੱਲੋਂ ਨਗਦ ਭੇਟਾ ਅਤੇ ਸੀਮਿੰਟ, ਸਰੀਆ ਤੇ ਬਜਰੀ ਦੇ ਟਰੱਕ ਭੇਜਣ ਦੀ ਸੇਵਾ ਦੇ ਐਲਾਨ ਵੀ ਕੀਤੇ ਗਏ।ਇਸ ਵਿਸ਼ਾਲ ਗੁਰਮਤਿ ਸਮਾਗਮ ਵਿੱਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ, ਪ੍ਰਮੁੱਖ ਸ਼ਖ਼ਸੀਅਤਾਂ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਵਿੱਚ ਮੁੱਖ ਤੌਰ 'ਤੇ ਕੁਲਵੰਤ ਸਿੰਘ (ਹਲਕਾ ਵਿਧਾਇਕ ਮੋਹਾਲੀ), ਬਲਬੀਰ ਸਿੰਘ ਸਿੱਧੂ (ਸਾਬਕਾ ਮੰਤਰੀ ਪੰਜਾਬ),ਸੰਜੀਵ ਵਸ਼ੀਸ਼ਟ (ਭਾਜਪਾ ਆਗੂ),ਐਨ.ਕੇ. ਸ਼ਰਮਾ (ਸਾਬਕਾ ਵਿਧਾਇਕ ਹਲਕਾ ਡੇਰਾਬਸੀ),ਅਮਰਜੀਤ ਸਿੰਘ ਜੀਤੀ ਸਿੱਧੂ (ਸਾਬਕਾ ਮੇਅਰ ਮੋਹਾਲੀ),ਪ੍ਰਭਜੋਤ ਕੌਰ (ਚੇਅਰਪਰਸਨ ਪਲਾਨਿੰਗ ਬੋਰਡ ਮੋਹਾਲੀ),ਪਰਵਿੰਦਰ ਸਿੰਘ ਸੁਹਾਣਾ (ਹਲਕਾ ਇੰਚਾਰਜ ਅਕਾਲੀ ਦਲ ਮੋਹਾਲੀ),ਪਰਮਜੀਤ ਸਿੰਘ ਕਾਹਲੋਂ (ਐੱਮ.ਸੀ.),ਅਸ਼ਵਨੀ ਕੁਮਾਰ ਸ਼ਰਮਾ (ਰਬਾਬ ਸਟੂਡੀਓ),ਹਰੀ ਮੋਹਨ ਸ਼ਰਮਾ, ਸਤਵੀਰ ਸਿੰਘ ਧਨੋਆ, ਅਮਰਜੀਤ ਸਿੰਘ ਸੁਖਗੜ੍ਹ , ਅਕਵਿੰਦਰ ਸਿੰਘ ਗੋਸਲ,ਅਮਰੀਕ ਸਿੰਘ ਢਿੱਲੋਂ (ਪ੍ਰਧਾਨ ਤਾਜ ਟਾਵਰ), ਕੁਲਦੀਪ ਸਿੰਘ (ਜਨਰਲ ਸਕੱਤਰ),ਪਰਮਜੀਤ ਸਿੰਘ (ਪ੍ਰਧਾਨ ਆਰ.ਡਬਲਿਊ.ਏ.), ਸੀਤਲ ਸਿੰਘ, ਜਸਵਿੰਦਰ ਸਿੰਘ, ਮਨਿੰਦਰ ਕੌਰ (ਮੀਤ ਪ੍ਰਧਾਨ),ਅੰਮ੍ਰਿਤ ਲਾਲ ਸ਼ਰਮਾ, ਕਰਮਜੀਤ ਸਿੰਘ ਲੰਬੜਦਾਰ ਮੌਲੀ,ਜਗਜੀਤ ਸਿੰਘ (ਜ਼ਿਲ੍ਹਾ ਪ੍ਰਧਾਨ ਨਸ਼ਾ ਮੁਕਤੀ ਪੰਜਾਬ), ਮਨਜੀਤ ਕੁਮਾਰ ਬਾਦੀ ਗੋਬਿੰਦਗੜ੍ਹ,ਸੁਰਜੀਤ ਸਿੰਘ, ਜੋਗਿੰਦਰ ਸਿੰਘ, ਹਰਬੰਸ ਸਿੰਘ ਅਤੇ ਜਗਦੀਪ ਸਿੰਘ ਅੱਧੀ ਤੋਂ ਇਲਾਵਾ ਹੋਰ ਵੀ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।ਇਸ ਮੌਕੇ ਹਾਜ਼ਰ ਸਮੂਹ ਸੰਗਤ ਨੇ ਗੁਰੂ ਘਰ ਮੱਥਾ ਟੇਕ ਕੇ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਗੁਰਦੁਆਰਾ ਸਾਹਿਬ ਦੀ ਉਸਾਰੀ ਲਈ ਚੱਲ ਰਹੀ ਸੇਵਾ ਵਿੱਚ ਪੂਰਨ ਸਹਿਯੋਗ ਦੇਣ ਦਾ ਅਹਿਦ ਲਿਆ।
ਸਮਾਗਮ ਦੌਰਾਨ ਵਿਸ਼ੇਸ਼ ਤੌਰ 'ਤੇ ਇਹ ਵੀ ਐਲਾਨ ਕੀਤਾ ਗਿਆ ਕਿ ਇਸ ਪਵਿੱਤਰ ਸਥਾਨ ਉੱਤੇ ਨੌਜਵਾਨਾਂ ਨੂੰ ਆਪਣੀ ਅਮੀਰ ਵਿਰਸੇ ਅਤੇ ਮਾਰਸ਼ਲ ਆਰਟ ਨਾਲ ਜੋੜਨ ਲਈ ਗਤਕੇ ਦੀ ਸਿੱਖਿਆ ਅਤੇ ਗੁਰਬਾਣੀ ਸੰਗੀਤ ਦੀ ਪ੍ਰਫੁੱਲਤਾ ਲਈ ਤੰਤੀ ਸਾਜ਼ਾਂ ਦੀ ਸਿਖਲਾਈ ਵਾਸਤੇ ਇੱਕ ਵਿਸ਼ੇਸ਼ ਅਕੈਡਮੀ ਤਿਆਰ ਕੀਤੀ ਜਾਵੇਗੀ। ਇਸ ਉਪਰਾਲੇ ਨਾਲ ਇਲਾਕੇ ਦੇ ਬੱਚਿਆਂ ਨੂੰ ਧਰਮ ਅਤੇ ਵਿਰਸੇ ਨਾਲ ਜੁੜਨ ਦਾ ਸੁਨਹਿਰੀ ਮੌਕਾ ਮਿਲੇਗਾ। ਇਸ ਅਸਥਾਨ ਦੀ ਸੇਵਾ 2013 ਵਿੱਚ ਸੰਤ ਬਾਬਾ ਮਹਿੰਦਰ ਸਿੰਘ ਜੀ ਲੰਬਿਆ ਸਾਹਿਬ ਵਾਲਿਆਂ ਵੱਲੋਂ ਕੀਤੀ ਗਈ ਸੀ ਅਤੇ ਹੁਣ ਸੰਗਤਾਂ ਵੱਲੋਂ ਇਧਰ ਆਪਣੀ ਰਿਹਾਇਸ਼ ਕੀਤੀ ਗਈ ਹੈ ਤੇ ਸੰਗਤਾਂ ਵੱਲੋਂ ਅਪੀਲ ਕੀਤੀ ਗਈ ਕਿ ਇਧਰ ਗੁਰੂ ਘਰ ਦੀ ਕਾਰ ਸੇਵਾ ਸ਼ੁਰੂ ਕੀਤੀ ਜਾਵੇ। ਸਮਾਗਮ ਦੇ ਅੰਤ ਵਿੱਚ ਸਮੂਹ ਪ੍ਰਬੰਧਕਾਂ ਵੱਲੋਂ ਸਮੁੱਚੀ ਸੰਗਤ ਦਾ ਧੰਨਵਾਦ ਕੀਤਾ ਗਿਆ ਅਤੇ ਵੱਖ-ਵੱਖ ਸ਼ਖਸ਼ੀਅਤ ਨੂੰ ਸਨਮਾਨਿਤ ਕੀਤਾ ਗਿਆ।
- Download Babushahi App
-
-