ਪੰਜਾਬੀ ਯੂਨੀਵਰਸਿਟੀ ਦੀ ਸੀਨੀਅਰ ਸਹਾਇਕ ਪਰਮਜੀਤ ਕੌਰ ਨੇ 'ਖੇਡਾਂ ਵਤਨ ਪੰਜਾਬ ਦੀਆਂ-2026' ਵਿੱਚ ਜਿੱਤੇ ਦੋ ਸੋਨ ਤਗ਼ਮੇ
ਪਟਿਆਲਾ: ਪੰਜਾਬ ਸਰਕਾਰ ਵੱਲੋਂ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਕਰਵਾਈਆਂ ਜਾ ਰਹੀਆਂ 'ਖੇਡਾਂ ਵਤਨ ਪੰਜਾਬ ਦੀਆਂ-2026' ਤਹਿਤ ਪੋਲੋ ਗਰਾਊਂਡ, ਪਟਿਆਲਾ ਵਿਖੇ ਪਟਿਆਲਾ ਸ਼ਹਿਰੀ ਬਲਾਕ ਦੇ ਖੇਡ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਦੌਰਾਨ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ 'ਪੰਜਾਬ ਦਾ ਵਣ ਤ੍ਰਿਣ ਜੀਵ ਜੰਤੂ ਮੁੜ ਬਹਾਲੀ ਕੇਂਦਰ' ਵਿਖੇ ਤਾਇਨਾਤ ਸੀਨੀਅਰ ਸਹਾਇਕ ਸ੍ਰੀਮਤੀ ਪਰਮਜੀਤ ਕੌਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੋਹਰੀ ਸਫ਼ਲਤਾ ਹਾਸਲ ਕੀਤੀ ਹੈ। ਸ੍ਰੀਮਤੀ ਪਰਮਜੀਤ ਕੌਰ ਨੇ 41 ਤੋਂ 50 ਸਾਲ ਉਮਰ ਵਰਗ ਦੇ ਐਥਲੈਟਿਕਸ ਮੁਕਾਬਲਿਆਂ ਵਿੱਚ ਆਪਣੀ ਖੇਡ ਪ੍ਰਤਿਭਾ ਦਾ ਲੋਹਾ ਮਨਵਾਇਆ। ਉਨ੍ਹਾਂ ਨੇ 100 ਮੀਟਰ ਦੌੜ ਅਤੇ ਲੰਬੀ ਛਾਲ (ਲੌਂਗ ਜੰਪ), ਦੋਵਾਂ ਈਵੈਂਟਾਂ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਦੋ ਸੋਨ ਤਗ਼ਮੇ (ਗੋਲਡ ਮੈਡਲ) ਆਪਣੇ ਨਾਮ ਕੀਤੇ। ਉਨ੍ਹਾਂ ਦੀ ਇਸ ਸ਼ਾਨਦਾਰ ਜਿੱਤ ਨੇ ਜਿੱਥੇ ਯੂਨੀਵਰਸਿਟੀ ਦਾ ਮਾਣ ਵਧਾਇਆ ਹੈ, ਉੱਥੇ ਹੀ ਹੋਰਨਾਂ ਮੁਲਾਜ਼ਮਾਂ ਤੇ ਖਿਡਾਰੀਆਂ ਲਈ ਵੀ ਇੱਕ ਵੱਡੀ ਪ੍ਰੇਰਨਾ ਸਰੋਤ ਸਿੱਧ ਹੋਈ ਹੈ। ਇਸ ਮੌਕੇ ਸ੍ਰੀਮਤੀ ਦਲਜੀਤ ਕੌਰ, ਸ੍ਰੀ ਦੀਪਇੰਦਰ ਸਿੰਘ, ਸ੍ਰੀ ਬਲਕਾਰ ਸਿੰਘ, ਸ੍ਰੀ ਬਲਵਿੰਦਰ ਸਿੰਘ, ਸ੍ਰੀ ਪ੍ਰੇਮ ਸਿੰਘ, ਸ੍ਰੀ ਮਨਪ੍ਰੀਤ ਸਿੰਘ, ਸ੍ਰੀ ਸਰਬਜੀਤ ਸਿੰਘ ਸਮੇਤ ਹੋਰ ਪਤਵੰਤੇ ਅਧਿਆਪਕ ਅਤੇ ਕਰਮਚਾਰੀ ਹਾਜ਼ਰ ਰਹੇ। ਸਮੂਹ ਹਾਜ਼ਰੀਨ ਨੇ ਪਰਮਜੀਤ ਕੌਰ ਨੂੰ ਉਨ੍ਹਾਂ ਦੀ ਇਸ ਬਿਹਤਰੀਨ ਖੇਡ ਪੇਸ਼ਕਾਰੀ ਉੱਤੇ ਹਾਰਦਿਕ ਵਧਾਈ ਦਿੱਤੀ ਅਤੇ ਅਗਲੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਣ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਸ੍ਰੀਮਤੀ ਪਰਮਜੀਤ ਕੌਰ ਨੇ ਇਸ ਜਿੱਤ ਦਾ ਸਿਹਰਾ ਆਪਣੇ ਸਾਥੀਆਂ ਦੇ ਨਿਰੰਤਰ ਸਹਿਯੋਗ ਅਤੇ ਉਤਸ਼ਾਹ ਨੂੰ ਦਿੱਤਾ। ਉਨ੍ਹਾਂ ਕਿਹਾ ਕਿ ਉਮਰ ਕਿਸੇ ਵੀ ਸ਼ੌਕ ਜਾਂ ਸਿਹਤਮੰਦ ਜੀਵਨ ਸ਼ੈਲੀ ਦੇ ਰਾਹ ਵਿੱਚ ਰੁਕਾਵਟ ਨਹੀਂ ਬਣਦੀ, ਬਸ਼ਰਤੇ ਮਨ ਵਿੱਚ ਮਿਹਨਤ ਅਤੇ ਸਮਰਪਣ ਦਾ ਜਜ਼ਬਾ ਹੋਵੇ।
- Download Babushahi App
-
-