ਫਰਿਜ਼ਨੋ ਨਿਵਾਸੀ ਸਾਬਕਾ ਸਰਪੰਚ ਅਵਤਾਰ ਸਿੰਘ ਦਾ 87 ਸਾਲ ਦੀ ਉਮਰ ਵਿੱਚ ਦਿਹਾਂਤ
ਖਾਲੜਾ ਪਾਰਕ ਦੀ ਪ੍ਰਬੰਧਕੀ ਕਮੇਟੀ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ
ਫਰਿਜ਼ਨੋ (ਕੈਲੀਫੋਰਨੀਆ) — ਗੁਰਿੰਦਰਜੀਤ ਸਿੰਘ ਨੀਟਾ ਮਾਛੀਕੇ
ਫਰਿਜ਼ਨੋ ਦੇ ਪੰਜਾਬੀ ਭਾਈਚਾਰੇ ਦੀ ਸਤਿਕਾਰਯੋਗ ਸ਼ਖ਼ਸੀਅਤ ਅਤੇ ਸਾਬਕਾ ਸਰਪੰਚ ਸ. ਅਵਤਾਰ ਸਿੰਘ ਦਾ 87 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਉਹ ਲੰਮੇ ਸਮੇਂ ਤੋਂ ਫਰਿਜ਼ਨੋ ਵਿਖੇ ਰਹਿ ਰਹੇ ਸਨ ਅਤੇ ਆਪਣੀ ਨੇਕਦਿਲੀ, ਸਾਦਗੀ ਅਤੇ ਮਿਲਣਸਾਰ ਸੁਭਾਅ ਕਰਕੇ ਭਾਈਚਾਰੇ ਵਿੱਚ ਬੇਹੱਦ ਸਤਿਕਾਰੇ ਜਾਂਦੇ ਸਨ।
ਸ. ਅਵਤਾਰ ਸਿੰਘ ਪੰਜਾਬ ਦੇ ਜ਼ਿਲ੍ਹਾ ਨਵਾਂਸ਼ਹਿਰ ਦੇ ਪਿੰਡ ਨਗਰ ਦੇ ਲੰਮਾ ਸਮਾਂ ਸਰਪੰਚ ਵੀ ਰਹੇ ਅਤੇ ਪਿੰਡ ਦੀ ਭਲਾਈ ਤੇ ਲੋਕ ਸੇਵਾ ਲਈ ਸਰਗਰਮ ਰਹੇ। ਫਰਿਜ਼ਨੋ ਆਉਣ ਤੋਂ ਬਾਅਦ ਵੀ ਉਨ੍ਹਾਂ ਨੇ ਸਮਾਜਿਕ ਸੇਵਾ ਨਾਲ ਆਪਣੀ ਸਾਂਝ ਬਣਾਈ ਰੱਖੀ। ਉਹ ਖਾਲੜਾ ਪਾਰਕ ਦੀ ਪ੍ਰਬੰਧਕੀ ਕਮੇਟੀ ਦੇ ਸਰਗਰਮ ਮੈਂਬਰ ਸਨ ਅਤੇ ਕਮੇਟੀ ਦੇ ਕਾਰਜਾਂ ਵਿੱਚ ਵੱਧ-ਚੜ੍ਹ ਕੇ ਯੋਗਦਾਨ ਪਾਉਂਦੇ ਰਹੇ।
ਉਨ੍ਹਾਂ ਦੇ ਅਕਾਲ ਚਲਾਣੇ ’ਤੇ ਖਾਲੜਾ ਪਾਰਕ ਦੀ ਪ੍ਰਬੰਧਕੀ ਕਮੇਟੀ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸ. ਹਰਦੇਵ ਸਿੰਘ ਰਸੂਲਪੁਰ ਨੇ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ, “ਸ. ਅਵਤਾਰ ਸਿੰਘ ਬਹੁਤ ਹੀ ਨੇਕ, ਸਾਦੇ ਅਤੇ ਦਰਵੇਸ਼ ਸੁਭਾਅ ਦੇ ਇਨਸਾਨ ਸਨ। ਉਨ੍ਹਾਂ ਦੇ ਤੁਰ ਜਾਣ ਨਾਲ ਸਾਡੀ ਕਮੇਟੀ ਅਤੇ ਸਮੁੱਚੇ ਭਾਈਚਾਰੇ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।”
ਖਾਲੜਾ ਪਾਰਕ ਦੀ ਪ੍ਰਬੰਧਕੀ ਕਮੇਟੀ ਅਤੇ ਫਰਿਜ਼ਨੋ ਦੇ ਪੰਜਾਬੀ ਭਾਈਚਾਰੇ ਵੱਲੋਂ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਪਰਿਵਾਰ ਨਾਲ ਡੂੰਘੀ ਹਮਦਰਦੀ ਪ੍ਰਗਟ ਕੀਤੀ ਗਈ।
- Download Babushahi App
-
-