ਸਰਦੁੱਲਾਪੁਰ ’ਚ ਗੋਲ਼ੀਆਂ ਦੀ ਤਾੜ-ਤਾੜ, 25 ਸਾਲਾ ਨੌਜਵਾਨ ਗੰਭੀਰ ਜ਼ਖ਼ਮੀ
ਕਾਲੇ ਰੰਗ ਦੀ ਸਕਾਰਪੀਓ ’ਚ ਆਏ ਹਮਲਾਵਰ CCTV ਕੈਮਰੇ ’ਚ ਕੈਦ, ਵਾਰਦਾਤ ਮਗਰੋਂ ਫਰਾਰ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ , 17 ਅਗਸਤ 2026 : ਥਾਣਾ ਕਬੀਰਪੁਰ ਅਧੀਨ ਪੈਂਦੇ ਪਿੰਡ ਸਰਦੁੱਲਾਪੁਰ ਵਿੱਚ ਗੋਲ਼ੀਆਂ ਦੀ ਤਾੜ-ਤਾੜ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਫਾਇਰਿੰਗ ਦੀ ਇਸ ਵਾਰਦਾਤ ਦੌਰਾਨ ਪਿੰਡ ਦੇ 25 ਸਾਲਾ ਨੌਜਵਾਨ ਸੁਖਦੀਪ ਸਿੰਘ ਪੁੱਤਰ ਜੱਸਾ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਨੌਜਵਾਨ ਦੇ ਚਿਹਰੇ ਦੇ ਖੱਬੇ ਪਾਸੇ ਗੋਲ਼ੀ ਲੱਗੀ ਦੱਸੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਹਮਲਾਵਰ ਕਾਲੇ ਰੰਗ ਦੀ ਸਕਾਰਪੀਓ ਗੱਡੀ ਵਿੱਚ ਸਵਾਰ ਹੋ ਕੇ ਆਏ ਸਨ ਅਤੇ ਗੋਲ਼ੀਆਂ ਚਲਾਉਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ। ਪਿੰਡ ਵਿੱਚ ਲੱਗੇ CCTV ਕੈਮਰੇ ਵਿੱਚ ਕਥਿਤ ਹਮਲਾਵਰਾਂ ਅਤੇ ਗੱਡੀ ਦੀਆਂ ਤਸਵੀਰਾਂ ਕੈਦ ਹੋਣ ਦੀ ਗੱਲ ਸਾਹਮਣੇ ਆਈ ਹੈ।
ਘਟਨਾ ਤੋਂ ਬਾਅਦ ਜ਼ਖ਼ਮੀ ਸੁਖਦੀਪ ਸਿੰਘ ਨੂੰ ਤੁਰੰਤ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਲਿਆਂਦਾ ਗਿਆ, ਜਿੱਥੇ ਡਾਕਟਰਾਂ ਵੱਲੋਂ ਮੁੱਢਲਾ ਇਲਾਜ ਕਰਨ ਉਪਰੰਤ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉੱਚ ਇਲਾਜ ਲਈ ਰੈਫਰ ਕਰ ਦਿੱਤਾ ਗਿਆ। ਪਰਿਵਾਰ ਮੁਤਾਬਕ ਨੌਜਵਾਨ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਭਰਾ ਨੇ ਦੱਸੀ ਹਮਲੇ ਦੀ ਪੂਰੀ ਕਹਾਣੀ
ਜ਼ਖ਼ਮੀ ਨੌਜਵਾਨ ਦੇ ਭਰਾ ਨੇ ਦੱਸਿਆ ਕਿ ਪਹਿਲਾਂ ਵੀ ਉਸ ਦੇ ਛੋਟੇ ਭਰਾਵਾਂ ’ਤੇ ਹਮਲੇ ਦੀ ਕੋਸ਼ਿਸ਼ ਹੋ ਚੁੱਕੀ ਹੈ। ਹੁਣ ਮੁੜ ਗੋਲ਼ੀਬਾਰੀ ਕਰਕੇ ਉਸ ਦੇ ਭਰਾ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ। ਉਸ ਨੇ ਦੱਸਿਆ ਕਿ ਹਮਲਾਵਰ ਕਾਲੇ ਰੰਗ ਦੀ ਗੱਡੀ ਵਿੱਚ ਸਵਾਰ ਹੋ ਕੇ ਆਏ ਸਨ।
ਪਰਿਵਾਰ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ CCTV ਫੁਟੇਜ ਅਤੇ ਹੋਰ ਸਬੂਤਾਂ ਦੇ ਆਧਾਰ ’ਤੇ ਹਮਲਾਵਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦ ਕਾਬੂ ਕੀਤਾ ਜਾਵੇ ਅਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਪਰਿਵਾਰ ਦਾ ਕਹਿਣਾ ਹੈ ਕਿ ਘਟਨਾ ਤੋਂ ਬਾਅਦ ਉਹ ਡਰ ਅਤੇ ਚਿੰਤਾ ਦੇ ਮਾਹੌਲ ਵਿੱਚ ਹਨ।
ਪਿੰਡ ਵਾਸੀਆਂ ’ਚ ਦਹਿਸ਼ਤ
ਪਿੰਡ ਵਾਸੀ ਕਰਮਾ ਨੇ ਕਿਹਾ ਕਿ ਗੋਲ਼ੀਬਾਰੀ ਦੀ ਵਾਰਦਾਤ ਤੋਂ ਬਾਅਦ ਇਲਾਕੇ ਦੇ ਲੋਕਾਂ ਵਿੱਚ ਭਾਰੀ ਦਹਿਸ਼ਤ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ, ਤਾਂ ਜੋ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਬਣੀ ਰਹੇ।
ਗੰਭੀਰਤਾ ਨਾਲ ਜਾਂਚ ਜਾਰੀ: ਥਾਣਾ ਮੁਖੀ
ਥਾਣਾ ਕਬੀਰਪੁਰ ਦੇ ਮੁਖੀ ਮਲਕੀਤ ਸਿੰਘ ਨੇ ਕਿਹਾ ਕਿ ਮਾਮਲਾ ਪੁਲਸ ਦੇ ਧਿਆਨ ਵਿੱਚ ਆ ਚੁੱਕਾ ਹੈ ਅਤੇ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਖ਼ਮੀ ਨੌਜਵਾਨ ਦੇ ਬਿਆਨ ਹਾਸਲ ਕਰਨ ਉਪਰੰਤ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਪੁਲਸ ਵੱਲੋਂ ਘਟਨਾ ਦੇ ਕਾਰਨਾਂ, CCTV ਫੁਟੇਜ ਅਤੇ ਕਾਲੇ ਰੰਗ ਦੀ ਗੱਡੀ ਸਬੰਧੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਫਿਲਹਾਲ ਜਾਂਚ ਜਾਰੀ ਹੈ ਅਤੇ ਵਾਰਦਾਤ ਦੀ ਅਸਲ ਤਸਵੀਰ ਜਾਂਚ ਮੁਕੰਮਲ ਹੋਣ ਤੋਂ ਬਾਅਦ ਹੀ ਸਾਹਮਣੇ ਆਵੇਗੀ।
- Download Babushahi App
-
-