Breaking : ਸੁਰੱਖਿਅਤ ਮਿਲੀਆਂ ਪਟਿਆਲਾ ਦੀਆਂ 3 ਲਾਪਤਾ ਵਿਦਿਆਰਥਣਾਂ
ਬਾਬੂਸ਼ਾਹੀ ਬਿਊਰੋ
ਪਟਿਆਲਾ: 16 ਅਗਸਤ 2026
ਪਟਿਆਲਾ ਦੇ ਅਜੀਤ ਨਗਰ ਸਥਿਤ ਅਕੈਡਮੀ ਵਿੱਚ ਸਾਲਾਨਾ ਸਮਾਗਮ ਤੋਂ ਬਾਅਦ ਲਾਪਤਾ ਹੋਈਆਂ ਅੱਠਵੀਂ ਜਮਾਤ ਦੀਆਂ ਤਿੰਨ ਨਾਬਾਲਗ ਵਿਦਿਆਰਥਣਾਂ ਨੂੰ ਪੁਲਿਸ ਨੇ ਪਾਣੀਪਤ ਰੇਲਵੇ ਸਟੇਸ਼ਨ ਤੋਂ ਸੁਰੱਖਿਅਤ ਬਰਾਮਦ ਕਰ ਲਿਆ ਹੈ। ਇਹ ਬੱਚੀਆਂ ਸਕੂਲ ਵਿੱਚ ਆਯੋਜਿਤ ਸਾਲਾਨਾ ਸਮਾਗਮ ਵਿੱਚ ਹਿੱਸਾ ਲੈਣ ਆਈਆਂ ਸਨ, ਪਰ ਜਦੋਂ ਸਮਾਗਮ ਖਤਮ ਹੋਣ ਤੋਂ ਬਾਅਦ ਵੀ ਘਰ ਨਾ ਪਰਤੀਆਂ ਤਾਂ ਮਾਪਿਆਂ ਨੇ ਸਕੂਲ ਪਹੁੰਚ ਕੇ ਛਾਣਬੀਣ ਕੀਤੀ। ਆਪਸ ਵਿੱਚ ਸੰਪਰਕ ਕਰਨ 'ਤੇ ਪਤਾ ਲੱਗਾ ਕਿ ਇੱਕੋ ਜਮਾਤ ਦੀਆਂ ਤਿੰਨੋਂ ਕੁੜੀਆਂ ਗਾਇਬ ਹਨ, ਜਿਸ ਤੋਂ ਬਾਅਦ ਚਿੰਤਤ ਪਰਿਵਾਰਾਂ ਨੇ ਤੁਰੰਤ ਮਾਡਲ ਟਾਊਨ ਪੁਲਿਸ ਸਟੇਸ਼ਨ ਵਿੱਚ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ।
ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦਿਆਂ ਐਸਐਸਪੀ ਪਟਿਆਲਾ ਵਰੁਣ ਸ਼ਰਮਾ ਨੇ ਨਿੱਜੀ ਤੌਰ 'ਤੇ ਮੋਰਚਾ ਸੰਭਾਲਿਆ ਅਤੇ ਐਸਪੀ ਸਿਟੀ ਪਲਵਿੰਦਰ ਸਿੰਘ ਚੀਮਾ ਦੀ ਅਗਵਾਈ ਹੇਠ ਸਿਟੀ-1 ਪੁਲਿਸ ਸਮੇਤ ਕਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ। ਸ਼ਾਮ ਲਗਭਗ 7:30 ਵਜੇ ਸ਼ਿਕਾਇਤ ਮਿਲਦਿਆਂ ਹੀ ਪੁਲਿਸ ਟੀਮਾਂ ਨੇ ਸਕੂਲ ਅਤੇ ਆਲੇ-ਦੁਆਲੇ ਦੇ ਖੇਤਰਾਂ ਦੀ ਸੀਸੀਟੀਵੀ ਫੁਟੇਜ ਖੰਘਾਲਣੀ ਸ਼ੁਰੂ ਕਰ ਦਿੱਤੀ। ਸ਼ੁਰੂਆਤੀ ਤਫਤੀਸ਼ ਅਤੇ ਫੁਟੇਜ ਵਿੱਚ ਬੱਚੀਆਂ ਸਕੂਲ ਤੋਂ ਬਾਹਰ ਆਟੋ-ਰਿਕਸ਼ਾ ਅਤੇ ਹੋਰ ਜਨਤਕ ਆਵਾਜਾਈ ਦੇ ਸਾਧਨਾਂ ਰਾਹੀਂ ਜਾਂਦੀਆਂ ਦਿਖਾਈ ਦਿੱਤੀਆਂ। ਪੁਲਿਸ ਨੇ ਮੋਬਾਈਲ ਲੋਕੇਸ਼ਨ, ਸੋਸ਼ਲ ਮੀਡੀਆ ਖਾਤਿਆਂ ਅਤੇ ਹੋਰ ਡਿਜੀਟਲ ਪੈਰਾਂ ਦੇ ਨਿਸ਼ਾਨਾਂ ਨੂੰ ਟਰੈਕ ਕਰਦਿਆਂ ਤੁਰੰਤ ਕਾਰਵਾਈ ਕੀਤੀ ਅਤੇ ਬੱਚੀਆਂ ਨੂੰ ਪਾਣੀਪਤ ਸਟੇਸ਼ਨ ਤੋਂ ਸਹੀ-ਸਲਾਮਤ ਲੱਭ ਲਿਆ।
ਐਸਪੀ ਸਿਟੀ ਪਲਵਿੰਦਰ ਚੀਮਾ ਨੇ ਦੱਸਿਆ ਕਿ ਪੁਲਿਸ ਦੀ ਮੁੱਖ ਤਰਜੀਹ ਤਿੰਨਾਂ ਕੁੜੀਆਂ ਨੂੰ ਸੁਰੱਖਿਅਤ ਬਰਾਮਦ ਕਰਨਾ ਸੀ ਅਤੇ ਜਲਦੀ ਹੀ ਉਨ੍ਹਾਂ ਨੂੰ ਮਾਪਿਆਂ ਦੇ ਹਵਾਲੇ ਕਰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਪੁਲਿਸ ਪ੍ਰਸ਼ਾਸਨ ਨੇ ਆਮ ਲੋਕਾਂ ਅਤੇ ਸੋਸ਼ਲ ਮੀਡੀਆ ਵਰਤੋਂਕਾਰਾਂ ਨੂੰ ਅਪੀਲ ਕੀਤੀ ਹੈ ਕਿ ਨਾਬਾਲਗ ਵਿਦਿਆਰਥਣਾਂ ਦੀ ਸੁਰੱਖਿਆ ਅਤੇ ਨਿੱਜਤਾ ਦੇ ਮੱਦੇਨਜ਼ਰ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ਜਾਂ ਅਣ-ਪ੍ਰਮਾਣਿਤ ਜਾਣਕਾਰੀ ਨੂੰ ਸਾਂਝਾ ਕਰਨ ਤੋਂ ਗੁਰੇਜ਼ ਕੀਤਾ ਜਾਵੇ।
- Download Babushahi App
-
-