ਸਾਂਝੇ ਵਿਦਿਆਰਥੀ ਮੋਰਚੇ ਨੇ ਪੰਜਾਬੀ ਯੂਨੀਵਰਸਿਟੀ ਵੱਲੋਂ ਕੀਤੇ ਗਏ ਭਾਰੀ ਫੀਸ ਵਾਧੇ ਖਿਲਾਫ਼ ਕੀਤਾ ਗਿਆ ਡੀਨ ਅਕਾਦਮਿਕ ਦਫਤਰ ਦਾ ਘਿਰਾਓ
ਰਵਿੰਦਰ ਸਿੰਘ
ਪਟਿਆਲਾ, 5 ਅਗਸਤ 2026- ਅੱਜ ਸਾਂਝੇ ਵਿਦਿਆਰਥੀ ਮੋਰਚੇ ਵਿੱਚ ਸ਼ਾਮਲ ਵਿਦਿਆਰਥੀ ਜਥੇਬੰਦੀਆਂ(ਪੰਜਾਬ ਸਟੂਡੈਂਟਸ ਯੂਨੀਅਨ, ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ, ਪੰਜਾਬ ਸਟੂਡੈਂਟਸ ਫੈਡਰੇਸ਼ਨ) ਵੱਲੋਂ ਵਿਦਿਆਰਥੀ ਮੰਗਾਂ ਨੂੰ ਲੈ ਕੇ ਡੀਨ ਅਕਾਦਮਿਕ ਦਫਤਰ ਦੇ ਬਾਹਰ ਧਰਨਾ ਦਿੱਤਾ ਗਿਆ।
ਪੀ.ਐੱਸ.ਯੂ ਤੋਂ ਗੁਰਦਾਸ ਸਿੰਘ ਨੇ ਕਿਹਾ ਕਿ ਵਿੱਦਿਅਕ ਸੈਸ਼ਨ 2026-27 ਦੀ ਸ਼ੁਰੂਆਤ ਵਿੱਚ ਹੀ ਪੰਜਾਬੀ ਯੂਨੀਵਰਸਿਟੀ ਦੁਆਰਾ ਵਿਦਿਆਰਥੀਆਂ ਦੀਆਂ ਹੋਸਟਲ ਅਤੇ ਵਿਭਾਗੀ ਫੀਸਾਂ ਵਿੱਚ ਭਾਰੀ ਵਾਧੇ ਕੀਤੇ ਗਏ ਹਨ। ਹੋਸਟਲ ਫੀਸਾਂ ਵਿੱਚ ਲਗਭਗ 30 ਤੋਂ ਲੈ ਕੇ 42% ਤੱਕ ਵਾਧਾ ਕੀਤਾ ਗਿਆ ਹੈ ਅਤੇ ਵਿਭਾਗੀ ਫੀਸਾਂ ਵਿੱਚ 10 ਫੀਸਦੀ ਤੋਂ ਲੈ ਕੇ 657 ਫੀਸਦੀ ਤੱਕ ਵਾਧੇ ਕੀਤੇ ਗਏ ਹਨ। ਜਿਵੇਂ ਕਿ ਫਿਲਮ ਮੇਕਿੰਗ ਵਿਭਾਗ ਵਿੱਚ ਫੀਸ 16 ਹਜਾਰ ਤੋਂ ਵਧਾ ਕੇ 122000 ਕਰ ਦਿੱਤੀ ਗਈ ਹੈ। MBA (international business) 2 ਲੱਖ 63ਹਜਾਰ ਤੋਂ ਵਧਾ ਕੇ 2 ਲੱਖ 90 ਹਜ਼ਾਰ ਕਰ ਦਿੱਤੀ ਹੈ, MPT ਦੀ ਫੀਸ 148000, ਬੀ.ਟੈਕ ਦੀ ਫੀਸ 129000 ਕਰ ਦਿੱਤੀ ਗਈ ਹੈ। ਵਿਦਿਆਰਥੀ ਜਥੇਬੰਦੀਆਂ ਇਸ ਦੇ ਖਿਲਾਫ ਸੰਘਰਸ਼ ਕਰ ਰਹੀਆਂ ਹਨ। ਉਹਨਾਂ ਦਾ ਕਹਿਣਾ ਇਹ ਹੈ ਕਿ ਸਿੱਖਿਆ ਕੋਈ ਜਿਨਸ ਨਹੀਂ ਹੈ ਜਿਸ ਨੂੰ ਖਰੀਦਿਆ ਤੇ ਵੇਚਿਆ ਜਾਂਦਾ ਹੈ ਇਹ ਸਰਕਾਰ ਦੀ ਜਿੰਮੇਵਾਰੀ ਹੈ ਤੇ ਸਿੱਖਿਆ ਹਰ ਵਿਅਕਤੀ ਦੇ ਪਹੁੰਚ ਵਿੱਚ ਹੋਣੀ ਚਾਹੀਦੀ ਹੈ।
ਐੱਸ.ਐਫ.ਆਈ ਤੋਂ ਰਮਨਦੀਪ ਸਿੰਘ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦਾ ਇਸ ਸਾਲ ਦਾ ਕੁੱਲ ਬਜਟ 732 ਕਰੋੜ ਦਾ ਹੈ ਜਿਸ ਵਿੱਚ 397 ਕਰੋੜ ਸਰਕਾਰ ਦੀ ਗਰਾਂਟ ਹੈ ਅਤੇ ਲਗਭਗ 240 ਕਰੋੜ ਵਿਦਿਆਰਥੀਆਂ ਦੀਆਂ ਫੀਸਾਂ ਤੋਂ ਇਕੱਠਾ ਹੁੰਦਾ ਹੈ। ਇਸ ਦੇ ਨਾਲ ਹੀ ਪੰਜਾਬੀ ਯੂਨੀਵਰਸਿਟੀ ਸਿਰ 150 ਕਰੋੜ ਦਾ ਕਰਜ਼ਾ ਵੀ ਹੈ। ਜਿਸ ਦਾ ਯੂਨੀਵਰਸਿਟੀ ਹਰ ਸਾਲ 14 ਕਰੋੜ ਵਿਆਜ ਦਿੰਦੀ ਹੈ। ਮੁੱਖ ਮੰਤਰੀ ਦੇ ਐਲਾਨ ਤੋਂ ਬਾਅਦ ਵੀ ਇਹ ਕਰਜ਼ਾ ਹਜੇ ਤੱਕ ਮਾਫ਼ ਨਹੀਂ ਹੋਇਆ।
ਪੀ.ਐਸ.ਐਫ ਤੋਂ ਗਗਨਦੀਪ ਸਿੰਘ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਵਿੱਚ ਹੋਸਟਲਾਂ ਦੀ ਵੀ ਵੱਡੀ ਘਾਟ ਹੈ, ਸਿਰਫ਼ 30% ਕੁੜੀਆਂ ਨੂੰ ਹੋਸਟਲ ਅਲੋਟ ਹੁੰਦਾ ਹੈ ਅਤੇ ਕੁਝ ਵਿਦਿਆਰਥਨਾਂ ਨੂੰ ਹੋਸਟਲ ਅਜੈਸਟਮੈਂਟ ਤੌਰ ਤੇ ਮਿਲਦਾ ਹੈ ਲਗਭਗ ਅੱਧੀਆਂ ਵਿਦਿਆਰਥਣਾਂ ਹੋਸਟਲ ਤੋਂ ਵਾਂਝੀਆਂ ਰਹਿ ਜਾਂਦੀਆਂ ਹਨ।ਵਿਦਿਆਰਥੀਆਂ ਨੇ ਸੰਘਰਸ਼ ਸਦਕਾ 2014 ਵਿੱਚ ਸਰਕਾਰ ਤੋਂ ਇੱਕ ਲੜਕੀਆਂ ਦਾ 500 ਕਮਰੇ ਦਾ ਹੋਸਟਲ ਪਾਸ ਕਰਵਾਇਆ ਸੀ। ਬਾਅਦ ਦੇ ਵਿੱਚ ਉਸ ਦਾ ਨਾਂ ਮਾਤਾ ਤ੍ਰਿਪਤਾ ਹੋਸਟਲ ਰੱਖਿਆ ਗਿਆ ਇਸਦੀ ਗਰਾਂਟ ਪੰਜਾਬੀ ਯੂਨੀਵਰਸਿਟੀ ਦੇ ਬਜਟ ਵਿੱਚ ਕਈ ਵਾਰ ਆਈ ਹੈ।ਪਰ 12 ਸਾਲ ਹੋ ਚੁੱਕੇ ਹਨ ਇਸ ਦੀ ਇੱਕ ਇੱਟ ਵੀ ਨਹੀਂ ਲੱਗੀ। ਪਿਛਲੇ ਵਿੱਦਿਅਕ ਵਰ੍ਹੇ 2025-26 ਦੌਰਾਨ ਹੋਸਟਲ ਲਈ 10 ਕਰੋੜ ਦੀ ਗਰਾਂਟ ਆਈ ਸੀ । ਜੋ ਦੋ ਹੋਸਟਲ ਕੇਂਦਰ ਸਰਕਾਰ ਵੱਲੋਂ ਦਿੱਤੇ ਗਏ ਉਸ ਦੀ ਉਸਾਰੀ ਦਾ ਕੰਮ ਵੀ ਨਹੀਂ ਸ਼ੁਰੂ ਹੋਇਆ। ਹੋਸਟਲ ਨਾ ਹੋਣ ਕਰਕੇ ਕੁਝ ਵਿਦਿਆਰਥੀ ਆਪਣਾ ਦਾਖਲਾ ਛੱਡ ਦਿੰਦੇ ਹਨ ਅਤੇ ਕੁਝ ਨੂੰ ਬਾਹਰ ਪੀਜੀ ਲੈਣੇ ਪੈਂਦੇ ਹਨ ਜੋ ਕਿ ਬਹੁਤ ਮਹਿੰਗੇ ਹਨ।
ਏ.ਆਈ.ਐਸ.ਐਫ ਦੇ ਆਗੂ ਰਾਹੁਲ ਨੇ ਕਿਹਾ ਕਿ ਮੌਜੂਦਾ ਹੋਸਟਲਾਂ ਦੀ ਹਾਲਤ ਵੀ ਖ਼ਸਤਾ ਹੋ ਚੁੱਕੀ ਹੈ ।ਹੋਸਟਲਾਂ ਦੀ ਸਮੇਂ ਤੇ ਮੁਰੰਮਤ ਨਾ ਹੋਣ ਕਰਕੇ ਛੱਤਾਂ ਗਲ਼ ਚੁੱਕੀਆਂ ਹਨ ਜਿਸ ਕਰਕੇ ਬਾਰਿਸ਼ ਦੌਰਾਨ ਸਾਰੀਆਂ ਛੱਤਾਂ ਵਿੱਚੋਂ ਪਾਣੀ ਸਿੰਮਦਾ ਹੈ । ਪਿਛਲੇ ਸਮੇਂ ਦੌਰਾਨ ਹੋਸਟਲ ਦੀ ਛੱਤਾ ਵਿੱਚੋਂ ਕੁਝ ਹਿੱਸੇ ਡਿੱਗਣ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਹਨ। ਕਈ ਹੋਸਟਲ ਅਜਿਹੇ ਹਨ ਜਿਨਾਂ ਦੀ ਇਮਾਰਤ ਸੱਤ ਮੰਜ਼ਲੀ ਹੈ ਪਰ ਲਿਫਟਾਂ ਕਈ ਸਾਲਾਂ ਤੋਂ ਬੰਦ ਪਈਆਂ ਹਨ ਜਿਵੇਂ ਕਿ ਬੰਦਾ ਸਿੰਘ ਬਹਾਦਰ ਹੋਸਟਲ ,ਮਾਈ ਭਾਗੋ ਹੋਸਟਲ ਅਤੇ ਬੇਬੇ ਨਾਨਕੀ ਹੋਸਟਲ।
ਇਸ ਪ੍ਰਦਰਸ਼ਨ ਦੇ ਦੌਰਾਨ ਡੀਨ ਵਿਦਿਆਰਥੀ ਭਲਾਈ ਦਫਤਰ ਚੋਂ ਅਧਿਕਾਰੀ ਪਹੁੰਚੇ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਹੋਈ। ਯੂਨੀਵਰਸਿਟੀ ਪ੍ਰਸ਼ਾਸਨ ਕੋਲ ਵਿਦਿਆਰਥੀਆਂ ਦੀਆਂ ਮੁਸ਼ਕਿਲਾਂ ਦਾ ਕੋਈ ਹੱਲ ਨਾ ਹੋਣ ਕਰਕੇ ਸਾਂਝੇ ਵਿਦਿਆਰਥੀ ਮੋਰਚੇ ਵੱਲੋਂ ਭਵਿੱਖ ਵਿੱਚ ਤਿੱਖਾ ਸੰਘਰਸ਼ ਕਰਨ ਦਾ ਐਲਾਨ ਕੀਤਾ ਗਿਆ। ਮੋਰਚੇ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਹੋਸਟਲ ਫੀਸਾਂ ਅਤੇ ਵਿਭਾਗੀ ਫੀਸਾਂ ਵਿੱਚ ਕੀਤੇ ਗਏ ਭਾਰੀ ਵਾਧੇ ਖਿਲਾਫ਼ ਸਾਂਝਾ ਸੰਘਰਸ਼ ਲੜਿਆ ਜਾਵੇਗਾ। ਮੋਰਚੇ ਵੱਲੋਂ ਯੂਨੀਵਰਸਿਟੀ ਵਿੱਚ ਸੰਘਰਸ਼ੀਲ ਵਿਦਿਆਰਥੀ ਜਥੇਬੰਦੀਆਂ ਨੂੰ ਇਸ ਫਰੰਟ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਵੇਗਾ।
- Download Babushahi App
-
-