ਰਾਸ਼ਟਰੀ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਨੇ ਪੀੜਤ ਸਫ਼ਾਈ ਕਾਮਿਆਂ ਨੂੰ ਮਿਲਕੇ ਜਾਣਿਆ ਹਾਲ
-ਸੀਨੀਅਰ ਪੁਲੀਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ; ਮੰਗੀ ਵਿਸਥਾਰਿਤ ਰਿਪੋਰਟ
ਅਸ਼ੋਕ ਵਰਮਾ
ਬਰਨਾਲਾ, 5 ਅਗਸਤ 2026 :ਰਾਸ਼ਟਰੀ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਕਿਸ਼ੋਰ ਮਕਵਾਨਾ ਅੱਜ ਬਰਨਾਲਾ ਪੁੱਜੇ ਅਤੇ ਲਾਠੀਚਾਰਜ ਪੀੜਤ ਸਫ਼ਾਈ ਕਾਮਿਆਂ ਨਾਲ ਮੁਲਾਕਾਤ ਕੀਤੀ। ਉਪਰੰਤ ਉਹਨਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਪੁੱਜ ਕੇ ਸੀਨੀਅਰ ਪੁਲੀਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਮਾਮਲੇ ਦੀ ਵਿਸਥਾਰਤ ਰਿਪੋਰਟ ਤਲਬ ਕੀਤੀ।
ਚੇਅਰਮੈਨ ਕਿਸ਼ੋਰ ਮਕਵਾਨਾ ਨੇ ਇੱਥੇ ਪੱਤੀ ਰੋਡ ਵਿਖੇ ਵਿਕਰਮਜੀਤ ਵਿੱਕੀ (ਵਿੱਕੀ ਵਾਲਮੀਕਿ) ਦੇ ਘਰ ਪੁੱਜ ਕੇ ਪਿਛਲੇ ਦਿਨੀਂ ਲਾਠੀਚਾਰਜ ਦੌਰਾਨ ਜ਼ਖਮੀ ਹੋਏ ਸਫ਼ਾਈ ਕਰਮਚਾਰੀਆਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਹਨਾਂ ਕਿਹਾ ਕਿ ਬਰਨਾਲਾ ਵਿੱਚ ਪਿਛਲੇ ਦਿਨੀਂ ਵਾਪਰੀ ਘਟਨਾ ਬੇਹੱਦ ਨਿੰਦਣਯੋਗ ਹੈ ਜਿਸ ਵਿਚ ਜ਼ਖਮੀ ਹੋਏ ਪੀੜਤਾਂ ਨਾਲ ਅੱਜ ਮੁਲਾਕਾਤ ਕੀਤੀ ਗਈ ਹੈ ਅਤੇ ਪੀੜਤ ਮਹਿਲਾਵਾਂ ਦਾ ਵੀ ਹਾਲ ਜਾਣਿਆ ਹੈ। ਕਿਹਾ ਕਿ ਉਹ ਜ਼ਮੀਨੀ ਪੱਧਰ 'ਤੇ ਮਾਮਲੇ ਦੀ ਰਿਪੋਰਟ ਲੈਣ ਲਈ ਅੱਜ ਵਿਸ਼ੇਸ਼ ਤੌਰ 'ਤੇ ਪੁੱਜੇ ਹਨ।ਇਸ ਮੌਕੇ ਵਾਲਮੀਕਿ ਭਾਈਚਾਰੇ ਤੋਂ ਵਿਕਰਮਜੀਤ ਵਿੱਕੀ ਨੇ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਕਿ ਸਫ਼ਾਈ ਕਰਮਚਾਰੀਆਂ ਵਲੋਂ ਸਰਕਾਰ ਨਾਲ ਗੱਲਬਾਤ ਪਿੱਛੋਂ ਧਰਨਾ ਖਤਮ ਕਰ ਦਿੱਤਾ ਗਿਆ ਹੈ। ਚੇਅਰਮੈਨ ਮਕਵਾਨਾ ਨੇ ਕਿਹਾ ਕਿ ਅਨੁਸੂਚਿਤ ਜਾਤੀਆਂ ਨਾਲ ਵਧੀਕੀ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਅਤੇ ਪੀੜਤਾਂ ਨੂੰ ਪੂਰਾ ਇਨਸਾਫ਼ ਦਿਵਾਉਣ ਲਈ ਰਾਸ਼ਟਰੀ ਅਨੁਸੂਚਿਤ ਜਾਤੀਆਂ ਕਮਿਸ਼ਨ ਪੂਰੀ ਤਰ੍ਹਾਂ ਵਚਨਬੱਧ ਹੈ।
ਇਸ ਮਗਰੋਂ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਕਿਸ਼ੋਰ ਮਕਵਾਨਾ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਸਪੈਸ਼ਲ ਡੀਆਈਜੀ (ਮਨੁੱਖੀ ਅਧਿਕਾਰਾਂ) ਨਰੇਸ਼ ਅਰੋੜਾ, ਡੀ ਆਈ ਜੀ (ਪਟਿਆਲਾ ਰੇਂਜ) ਕੁਲਦੀਪ ਚਹਿਲ, ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ, ਐੱਸ ਐੱਸ ਪੀ ਮੁਹੰਮਦ ਸਰਫਰਾਜ਼ ਆਲਮ ਸਮੇਤ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।
ਪੁਲੀਸ ਅਧਿਕਾਰੀਆਂ ਨੇ ਉਨ੍ਹਾਂ ਨੂੰ ਹੁਣ ਤੱਕ ਹੋਈ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮਾਮਲੇ ਦੀ ਸਮਾਂਬੱਧ ਪੜਤਾਲ ਲਈ ਐੱਸਆਈਟੀ ਦਾ ਗਠਨ ਕੀਤਾ ਜਾ ਚੁੱਕਿਆ ਹੈ। ਇਸ ਤੋਂ ਇਲਾਵਾ ਸਬੰਧਤ ਡੀ ਐੱਸ ਪੀ ਨੂੰ ਮੁਅੱਤਲ ਅਤੇ ਐੱਸਐਚਓ ਨੂੰ ਤਬਦੀਲ ਕਰ ਦਿੱਤਾ ਗਿਆ ਹੈ। ਜ਼ਖਮੀਆਂ ਨੂੰ ਢੁਕਵੀਂ ਮੈਡੀਕਲ ਅਤੇ ਵਿੱਤੀ ਸਹਾਇਤਾ ਦਿੱਤੀ ਗਈ ਹੈ।ਚੇਅਰਮੈਨ ਕਿਸ਼ੋਰ ਮਕਵਾਨਾ ਨੇ ਮਾਮਲੇ ਦੇ ਵੱਖ ਵੱਖ ਪਹਿਲੂਆਂ ਅਤੇ ਕਾਰਵਾਈ ਰਿਪੋਰਟ ਵਿਸਤ੍ਰਤ ਰੂਪ ਵਿਚ ਭੇਜਣ ਲਈ ਕਿਹਾ।ਇਸ ਮੌਕੇ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਨਾਲ ਡਾਇਰੈਕਟਰ (ਨਾਰਥ ਜ਼ੋਨ) ਸ੍ਰੀ ਪਰਮਿੰਦਰ ਸਿੰਘ, ਡਿਪਟੀ ਡਾਇਰੈਕਟਰ ਡਾ. ਆਰ ਸਟਾਲਿਨ ਵੀ ਮੌਜੂਦ ਸਨ।
- Download Babushahi App
-
-