Babushahi Special - ਮੀਂਹ ਦੇ ਪਾਣੀ ਦਾ ਮਸਲਾ : ਬੂਹੇ ’ਤੇ ਆਈ ਜੰਨ, ਨਗਰ ਨਿਗਮ ਵਿੰਨ੍ਹਣੇ ਭੁੱਲਿਆ ਕੁੜੀ ਦੇ ਕੰਨ
ਅਸ਼ੋਕ ਵਰਮਾ
ਬਠਿੰਡਾ , 2 ਅਗਸਤ 2026: ਬਠਿੰਡਾ ’ਚ ਪਾਣੀ ਦੀ ਨਿਕਾਸੀ ਦੇ ਮਾਮਲੇ ’ਚ ਸ਼ਹਿਰ ਵਾਸੀਆਂ ਦੀ ਸਥਿਤੀ ਜੀਵੇ ਆਸਾ , ਮਰੇ ਨਿਰਾਸ਼ਾ ਵਾਲੀ ਬਣੀ ਹੋਈ ਹੈ ਪਰ ਕੋਈ ਦਿਲਾਸਾ ਦੇਣ ਵਾਲਾ ਨਹੀਂ ਹੈ। ਪਿਛਲੇ ਕਈ ਦਹਾਕਿਆਂ ਤਾਂ ਬਾਰਸ਼ਾਂ ਦੇ ਪਾਣੀ ਦਾ ਸੰਤਾਪ ਹੰਢਾਉਂਦੇ ਲੋਕਾਂ ਨੂੰ ਕਦੇ ਰਾਹਤ ਦਾ ਇੱਕ ਦਿਨ ਵੀ ਨਸੀਬ ਨਹੀਂ ਹੋ ਸਕਿਆ ਹੈ। ਹੁਣ ਜਦੋਂ ਮਾਨਸੂਨ ਸਿਰ ’ਤੇ ਆਣ ਢੁੱਕੀ ਹੈ ਅਤੇ ਮੌਸਮ ਵਿਭਾਗ ਭਾਰੀ ਬਾਰਸ਼ ਦੀ ਪੇਸ਼ੀਨਗੋਈ ਕਰ ਰਿਹਾ ਹੈ ਤਾਂ ਲੋਕ ਆਪਣੇ ਕੀਮਤੀ ਸਮਾਨ ਅਤੇ ਜਾਨ ਮਾਲ ਨੂੰ ਲੈਕੇ ਡਰੇ ਹੋਏ ਹਨ। ਮਹੱਤਵਪੂਰਨ ਤੱਥ ਇਹ ਵੀ ਹੈ ਕਿ ਨਗਰ ਨਿਗਮ ਬਠਿੰਡਾ ਇਸ ਸਭ ਕਾਸੇ ਤੋਂ ਬੇਪ੍ਰਵਾਹ ਹੋਇਆ ਨਜ਼ਰ ਆ ਰਿਹਾ ਹੈ ਜਿਸ ਨੇ ਪਾਣੀ ਦਾ ਨਿਕਾਸ ਕਰਨ ’ਚ ਅਹਿਮ ਭੂਮਿਕਾ ਨਿਭਾਉਣ ਵਾਲੀਆਂ ਰੋਡ ਜਾਲੀਆਂ ਤੱਕ ਵੀ ਸਾਫ ਨਹੀਂ ਕਰਵਾਈਆਂ ਹਨ ਜੋਕਿ ਚਿੰਤਾ ਦਾ ਵਿਸ਼ਾ ਹੈ।
ਲੋਕ ਆਖਦੇ ਹਨ ਕਿ ਬਠਿੰਡਾ ਪ੍ਰਸ਼ਾਸ਼ਨ ਨੂੰ ਸ਼ਹਿਰ ’ਚ ਜਗ੍ਹਾ ਜਗ੍ਹਾ ਗੰਦਗੀ ਨਾਲ ਭਰੀਆਂ ਅਤੇ ਓਵਰਫਲੋ ਹੋ ਰਹੀਆਂ ਬਰਸਾਤੀ ਜਾਲੀਆਂ ਦਾ ਕੋਈ ਫਿਕਰ ਜਾਂ ਧਿਆਨ ਨਹੀਂ ਹੈ। ਸ਼ਹਿਰ ’ਚ ਦੇਖਣ ਤੋਂ ਪਤਾ ਲੱਗਦਾ ਹੈ ਕਿ ਹਜ਼ਾਰਾਂ ਗੰਦੀਆਂ ਰੋਡ ਜਾਲੀਆਂ ਨਗਰ ਨਿਗਮ ਦੇ ਦਾਅਵਿਆਂ ਦੀ ਪੋਲ ਖੋਹਲ ਰਹੀਆਂ ਹਨ। ਜਾਣਕਾਰੀ ਅਨੁਸਾਰ ਨਗਰ ਨਿਗਮ ਵੱਲੋਂ ਹਰ ਸਾਲ ਬਰਸਾਤੀ ਨਾਲਿਆਂ ਦੀ ਸਫਾਈ ਲਈ ਲੱਖਾਂ ਰੁਪਏ ਖਰਚ ਕੀਤੇ ਜਾਂਦੇ ਹਨ ਜਿੰਨ੍ਹਾਂ ਦਾ ਆਮ ਲੋਕਾਂ ਨੂੰ ਕੋਈ ਲਾਹਾ ਨਹੀਂ ਮਿਲ ਰਿਹਾ ਹੈ। ਇਸ ਵੇਲੇ ਸੌਣ ਦਾ ਮਹੀਨਾ ਚੱਲ ਰਿਹਾ ਹੈ ਅਤੇ ਬਰਸਾਤ ਦਾ ਮੌਸਮ ਵੀ ਹੈ ਅਤੇ ਕੋਈ ਨਹੀਂ ਜਾਣਦਾ ਕਿ ਮੀਂਹ ਕਦੋਂ ਤੇ ਕਿਸ ਸਮੇਂ ਆ ਜਾਵੇ। ਇਸ ਲਈ ਪਾਣੀ ਦੀ ਨਿਕਾਸੀ ਲਈ ਬਣਾਏ ਗਏ ਸ਼ਹਿਰ ਦੇ ਬਰਸਾਤੀ ਨਾਲਿਆਂ ਦੀ ਹਾਲਤ ਦੇਖ ਕੇ ਲੱਗਦਾ ਨਹੀਂ ਕਿ ਉਹ ਪਾਣੀ ਦੀ ਹਲਕੀ ਮਾਰ ਵੀ ਸਹਿ ਸਕਣਗੇ।
.jpg)
ਕਈ ਮੁਹੱਲਿਆਂ ਦੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕਿਆਂ ’ਚ ਹਾਲਾਤ ਇਹ ਹਨ ਕਿ ਕਈ ਥਾਵਾਂ ’ਤੇ ਬਰਸਾਤੀ ਨਾਲੇ ਚਿੱਕੜ, ਮਲਬੇ ਅਤੇ ਕੂੜੇ ਆਦਿ ਨਾਲ ਪੂਰੀ ਤਰ੍ਹਾਂ ਭਰੇ ਹੋਏ ਹਨ ਜਿਨ੍ਹਾਂ ਦੀ ਕਦੇ ਸਫਾਈ ਨਹੀਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅਜਿਹੀ ਸਥਿਤੀ ਵਿੱਚ ਬਰਸਾਤ ਦੇ ਮੌਸਮ ਦੌਰਾਨ ਬਰਸਾਤੀ ਪਾਣੀ ਦਾ ਨਿਕਾਸ ਕਰਨਾ ਅਸੰਭਵ ਹੀ ਨਹੀਂ ਬਲਕਿ ਨਾਮੁਮਕਿਨ ਹੈ। ਗਾਹਕ ਜਾਗੋ ਸੰਸਥਾ ਦੇ ਜਰਨਲ ਸਕੱਤਰ ਸੰਜੀਵ ਗੋਇਲ ਦਾ ਕਹਿਣਾ ਸੀ ਕਿ ਸ਼ਹਿਰ ’ਚ ਦਰਜਨਾਂ ਦੀ ਗਿਣਤੀ ’ਚ ਟੁੱਟ ਚੁੱਕੀਆਂ ਰੋਡ ਜਾਲੀਆਂ ਹਾਦਸਿਆਂ ਨੂੰ ਸੱਦਾ ਦੇ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਪ੍ਰਸਥਿਤੀਆਂ ’ਚ ਇਹ ਲਾਪਰਵਾਹੀ ਕਿਸੇ ਵੀ ਰਾਹਗੀਰ ਦੀ ਜਾਨ ਦਾ ਖੌਅ ਬਣ ਸਕਦੀ ਹੈ ਜਾਂ ਇਹ ਜਾਲੀਆਂ ਗੰਭੀਰ ਚੋਟਾਂ ਲੱਗਣ ਦਾ ਕਾਰਨ ਬਣ ਸਕਦੀਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਹਾਲੇ ਵੀ ਨਗਰ ਨਿਗਮ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ।
ਕਿਲਾ ਇਲਾਕੇ ਨਾਲ ਸਬੰਧਤ ਬਨਾਰਸੀ ਦਾਸ ਅਗਰਵਾਲ ਆਖਦੇ ਹਨ ਕਿ ਨਗਰ ਨਿਗਮ ਨੇ ਸ਼ਹਿਰ ’ਚ ਨਿਕਾਸੀ ਲਈ ਬਣਾਈਆਂ ਹਜ਼ਾਰਾਂ ਰੋਡ ਜਾਾਲੀਆਂ ਅਤੇ ਨਾਲਿਆਂ ਦੀ ਸਫਾਈ ਵੀ ਨਹੀਂ ਕਰਵਾਈ ਹੈ ਜੋ ਹਰ ਸਾਲ ਬਰਸਾਤਾਂ ਦੇ ਮੌਸਮ ਤੋਂ ਪਹਿਲਾਂ ਪਹਿਲਾਂ ਕਰਵਾਉਣੀ ਯਕੀਨੀ ਬਨਾਉਣੀ ਚਾਹੀਦੀ ਹੈ ਤਾਂ ਜੋ ਬਾਰਸ਼ ਆਉਣ ’ਤੇ ਮੀਂਹ ਪਾਣੀ ਦਾ ਨਿਕਾਸ ਜਲਦੀ ਤੋਂ ਜਲਦੀ ਹੋ ਸਕੇ। ਸ੍ਰੀ ਅਗਰਵਾਲ ਨੇ ਟੁੱਟੇ ਹੋਏ ਜਾਂ ਖੁੱਲ੍ਹੇ ਪਏ ਬਰਸਾਤੀ ਪਾਣੀ ਦੇ ਨਾਲਿਆਂ ਦੀ ਵੀ ਸਮੇਂ ਸਿਰ ਮੁਰੰਮਤ ਕਰਨ ਦੀ ਲੋੜ ’ਤੇ ਜੋਰ ਦਿੱਤਾ । ਉਨ੍ਹਾਂ ਕਿਹਾ ਕਿ ਨਾਲੀਆਂ ਕਾਰਨ ਕੋਈ ਹਾਦਸਾ ਨਾ ਵਾਪਰ ਸਕੇ ਇਸ ਤਰਫ ਵੀ ਧਿਆਨ ਦੇਣ ਦੀ ਜਰੂਰਤ ਹੈ। ਉਨ੍ਹਾਂ ਕਿਹਾ ਕਿ ਚਿੰਤਾਜਨਕ ਹੈ ਕਿ ਲੀਡਰਾਂ ਦੇ ਭਰੋਸੇ ਹਵਾਈ ਕਿਲੇ ਸਾਬਤ ਹੁੰਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਇਹ ਮਸਲਾ ਹੱਲ ਨਾਂ ਕੀਤਾ ਗਿਆ ਤਾਂ ਸ਼ਹਿਰ ਦਾ ਰੱਬ ਰਾਖਾ ਹੈ।
ਉੱਚ ਅਧਿਕਾਰੀਆਂ ਨੂੰ ਅਪੀਲ
ਗਾਹਕ ਜਾਗੋ ਆਗੂ ਸੰਜੀਵ ਗੋਇਲ ਨੇ ਉੱਚ ਅਧਿਕਾਰੀਆਂ ਨੂੰ ਬਠਿੰਡਾ ’ਚ ਮੀਂਹ ਦੇ ਪਾਣੀ ਨਾਲ ਸਬੰਧਤ ਬੁਨਿਆਦੀ ਢਾਂਚੇ ਦੀ ਹਾਲਤ ਸੁਧਾਰਨ ਲਈ ਤੁਰੰਤ ਦਖਲ ਦੇਣ ਦੀ ਅਪੀਲ ਕੀਤੀ ਹੈ । ਉਨ੍ਹਾਂ ਲੁੜੀਂਦੀ ਕਾਰਵਾਈ ਲਈ ਡਿਪਟੀ ਕਮਿਸ਼ਨਰ ਅਤੇ ਕਮਿਸ਼ਨਰ ਨਗਰ ਨਿਗਮ ਨੂੰ ਸ਼ਿਕਾਇਤ ਵੀ ਭੇਜੀ ਹੈ। ਉਨ੍ਹਾਂ ਸਥਿਤੀ ਵਿਗੜਨ ਤੋਂ ਰੋਕਣ ਅਤੇ ਆਮ ਲੋਕਾਂ ਤੇ ਰਾਹਗੀਰਾਂ ਨੂੰ ਅਸੁਵਿਧਾ ਤੋਂ ਬਚਾਉਣ ਲਈ ਤੁਰੰਤ ਢੁੱਕਵੇਂ ਕਦਮ ਚੁੱਕਣ ਦੀ ਮੰਗ ਕੀਤੀ ਹੈ ।
ਸਰਕਾਰ ਬੇਪਰਵਾਹ :ਸਿੰਗਲਾ
ਭਾਜਪਾ ਬਠਿੰਡਾ ਸ਼ਹਿਰੀ ਦੇ ਪ੍ਰਧਾਨ ਸਰੂਪ ਚੰਦ ਸਿੰਗਲਾ ਦਾ ਕਹਿਣਾ ਸੀ ਕਿ ਇਸ ਸਥਿਤੀ ਲਈ ਸਿੱਧੇ ਤੌਰ ਤੇ ਪੰਜਾਬ ਸਰਕਾਰ ਅਤੇ ਨਗਰ ਨਿਗਮ ’ਤੇ ਕਾਬਜ ਹਾਕਮ ਧਿਰ ‘ਆਪ’ ਜਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਵਿਧਾਇਕ ਨੇ ਵੀ ਬਾਰਸ਼ਾਂ ਦੇ ਪਾਣੀ ਤੋਂ ਰਾਹਤ ਦਿਵਾਉਣ ਦਾ ਵਾਅਦਾ ਕੀਤਾ ਸੀ ਜੋ ਹੁਣ ਤੱਕ ਵਫਾ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇ ‘ਆਪ’ ਸਰਕਾਰ ਨੂੰ ਬਠਿੰਡਾ ਦੀਆਂ ਤਕਲੀਫ਼ਾਂ ਨਾਲ ਸਰੋਕਾਰ ਹੁੰਦਾ ਤਾਂ ਇਹ ਹਾਲਤ ਨਹੀਂ ਬਣਨੇ ਸਨ।
ਕਮਿਸ਼ਨਰ ਨੇ ਫੋਨ ਨਹੀਂ ਚੁੱਕਿਆ
ਮਾਮਲੇ ਸਬੰਧੀ ਪੱਖ ਜਾਨਣ ਲਈ ਸੰਪਰਕ ਕਰਨ ’ਤੇ ਨਗਰ ਨਿਗਮ ਦੀ ਕਮਿਸ਼ਨਰ ਲਵਜੀਤ ਕਲਸੀ ਨੇ ਫੋਨ ਨਹੀਂ ਚੁੱਕਿਆ। ਉਂਜ ਇੱਕ ਹੋਰ ਸੀਨੀਅਰ ਅਧਿਕਾਰੀ ਦੇ ਦਾਅਵੇ ਅਨੁਸਾਰ ਰੋਡ ਜਾਲੀਆਂ ਦੀ ਸਫਾਈ ਕਰਵਾਈ ਜਾ ਰਹੀ ਹੈ ਜੋ ਅਗਲੇ ਦਿਨੀਂ ਮੁਕੰਮਲ ਹੋ ਜਾਏਗੀ।
- Download Babushahi App
-
-