PM ਮੋਦੀ ਦੀ ਫੇਰੀ ਦੇ ਪ੍ਰਬੰਧਾਂ ਦਾ ਜਲੰਧਰ 'ਚ ਕੇਵਲ ਢਿੱਲੋਂ ਨੇ ਲਿਆ ਜਾਇਜ਼ਾ
ਕਰੋੜਾਂ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦੀ ਦੇਣਗੇ ਸੌਗਾਤ
ਚੰਡੀਗੜ੍ਹ 15 ਜੁਲਾਈ 2026- ਪੰਜਾਬ ਦੇ ਜਲੰਧਰ ਵਿੱਚ 17 ਜੁਲਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਫੇਰੀ ਦੇ ਪ੍ਰਬੰਧਾਂ ਦਾ ਅੱਜ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਵੱਲੋਂ ਜਾਇਜ਼ਾ ਲਿਆ ਗਿਆ। ਭਾਜਪਾ ਪ੍ਰਧਾਨ ਨੇ ਜਲੰਧਰ ਛਾਉਣੀ ਦੇ ਨਵੇਂ ਰੇਲਵੇ ਸਟੇਸ਼ਨ ਅਤੇ ਰੈਲੀ ਦੀ ਜਗ੍ਹਾ ਵਿਜਟ ਕੀਤੀ। ਇਸ ਮੌਕੇ ਉਨਾਂ ਨੇ ਪੁਲਿਸ, ਪ੍ਰਸ਼ਾਸਨ ਅਤੇ ਰੇਲਵੇ ਅਧਿਕਾਰੀਆਂ ਨਾਲ ਸਮਾਗਮ ਸਬੰਧੀ ਗੱਲਬਾਤ ਵੀ ਕੀਤੀ।
ਇਸ ਮੌਕੇ ਸੂਬਾ ਪ੍ਰਧਾਨ ਢਿੱਲੋਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ 17 ਜੁਲਾਈ ਨੂੰ ਪੰਜਾਬ ਵਿੱਚ ਵੱਡੇ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣ ਆ ਰਹੇ ਹਨ। ਉਹਨਾਂ ਦੇ ਸ਼ਾਨਦਾਰ ਸਵਾਗਤ ਲਈ ਪੂਰੀ ਪੰਜਾਬ ਭਾਜਪਾ ਅਤੇ ਸਾਰੇ ਪੰਜਾਬੀ ਪੱਬਾਂਭਾਰ ਹਨ। ਉਹਨਾਂ ਕਿਹਾ ਕਿ ਜਦੋਂ ਵੀ ਪ੍ਰਧਾਨ ਮੰਤਰੀ ਪੰਜਾਬ ਆਉਂਦੇ ਹਨ, ਸੂਬੇ ਲਈ ਕੋਈ ਨਾ ਕੋਈ ਵੱਡਾ ਤੋਹਫ਼ਾ ਲੈ ਕੇ ਆਉਂਦੇ ਹਨ। ਇਸ ਵਾਰ ਵੀ ਉਹ ਪੰਜਾਬ ਨੂੰ ਕਰੋੜਾਂ ਰੁਪਏ ਦੇ ਵੱਡੇ ਵਿਕਾਸ ਪ੍ਰੋਜੈਕਟਾਂ ਦੀ ਸੌਗਾਤ ਦੇਣ ਜਾ ਰਹੇ ਹਨ।
ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਪਣੇ ਇਸ ਦੌਰੇ ਦੌਰਾਨ ਪੰਜਾਬ ਦੇ ਚਾਰ ਵੱਡੇ ਰੇਲਵੇ ਸਟੇਸ਼ਨਾਂ ਜਲੰਧਰ, ਮੋਹਾਲੀ, ਸ੍ਰੀ ਮੁਕਤਸਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਦੇ ਨਵੀਨੀਕਰਨ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਇਨ੍ਹਾਂ ਸਟੇਸ਼ਨਾਂ ਨੂੰ ਪੂਰੀ ਤਰ੍ਹਾਂ ਵਿਸ਼ਵ ਪੱਧਰੀ ਬਣਾਇਆ ਜਾ ਰਿਹਾ ਹੈ, ਜਿੱਥੇ ਆਧੁਨਿਕ ਵੇਟਿੰਗ ਹਾਲ, ਮੁਫ਼ਤ ਵਾਈ-ਫਾਈ, ਅਪਗ੍ਰੇਡ ਕੀਤੇ ਪਲੇਟਫਾਰਮ, ਫੂਡ ਕੋਰਟ ਅਤੇ ਬਜ਼ੁਰਗਾਂ ਤੇ ਬੱਚਿਆਂ ਦੀ ਸਹੂਲਤ ਲਈ ਐਸਕੇਲੇਟਰ ਸਮੇਤ ਹੋਰ ਕਈ ਹਾਈਟੈਕ ਸਹੂਲਤਾਂ ਮਿਲਣਗੀਆਂ। ਇਸੇ ਦੌਰਾਨ ਜਲੰਧਰ ਵਿਖੇ ਵਿਸ਼ੇਸ਼ ਤੌਰ 'ਤੇ 'ਸੰਤ ਰਵਿਦਾਸ ਜੀ ਐਕਸਪ੍ਰੈਸ' ਰੇਲ ਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਜਾਵੇਗਾ।
ਉਹਨਾਂ ਦੱਸਿਆ ਕਿ ਰੇਲਵੇ ਸਟੇਸ਼ਨਾਂ ਦੇ ਨਾਲ-ਨਾਲ ਪੰਜਾਬ ਦੇ ਵਿਕਾਸ ਲਈ ਹੋਰ ਵੀ ਕਈ ਵੱਡੇ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਸੂਬੇ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਨਵੇਂ ਹਾਈਵੇ ਪ੍ਰੋਜੈਕਟਾਂ ਦੇ ਉਦਘਾਟਨ ਦੇ ਨਾਲ-ਨਾਲ ਸਿਹਤ ਸਹੂਲਤਾਂ ਦਾ ਵਿਸਥਾਰ ਕਰਦੇ ਹੋਏ ਪੀ.ਜੀ.ਆਈ. ਚੰਡੀਗੜ੍ਹ ਵਿੱਚ ਵੀ ਨਵੇਂ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਜਾਵੇਗੀ। ਪੰਜਾਬ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਲਈ ਇੱਕ ਮਲਟੀਪਰਪਜ਼ ਆਡੀਟੋਰੀਅਮ ਦਾ ਉਦਘਾਟਨ ਹੋਵੇਗਾ।
ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜੀ ਦਾ ਇੱਕੋ-ਇੱਕ ਮੁੱਖ ਟੀਚਾ ਭਾਰਤ ਨੂੰ ਦੁਨੀਆ ਦਾ ਸਭ ਤੋਂ ਉੱਤਮ ਮੁਲਕ ਬਣਾਉਣਾ ਹੈ, ਜਿਸ ਵਿੱਚ ਪੰਜਾਬ ਦੀ ਤਰੱਕੀ ਬੇਹੱਦ ਅਹਿਮ ਯੋਗਦਾਨ ਪਾਵੇਗੀ। ਇਸੇ ਸੋਚ ਤਹਿਤ ਸੂਬੇ ਦੇ ਪੁਰਾਣੇ ਰੇਲਵੇ ਸਟੇਸ਼ਨਾਂ ਦਾ ਆਧੁਨਿਕੀਕਰਨ ਕਰਕੇ ਉਨ੍ਹਾਂ ਨੂੰ ਬਿਲਕੁਲ ਨਵਾਂ ਰੂਪ ਦਿੱਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਅੱਜ ਜੋ ਵੀ ਵਿਕਾਸ ਹੋ ਰਿਹਾ ਹੈ ਉਹ ਕੇਂਦਰ ਦੀਆਂ ਸਕੀਮਾਂ ਨਾਲ ਹੋ ਰਿਹਾ ਹੈ। 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੇ ਲੋਕ ਭਾਜਪਾ ਦੀ ਇਸ ਵਿਕਾਸ ਯਾਤਰਾ ਦਾ ਸਾਥ ਦੇਣ ਲਈ ਤਿਆਰ ਹਨ ਤੇ 2027 ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ।
- Download Babushahi App
-
-