ਸਾਹਿਤ ਸਿਰਜਣਾ ਮੰਚ ਬਠਿੰਡਾ ਦੀ ਮਹੀਨਾਵਾਰ ਮਿਲਣੀ ਵਿੱਚ ਨਵੇਂ ਸ਼ਾਇਰਾਂ ਨੇ ਵਾਹ- ਵਾਹ ਕਰਵਾਈ
ਅਸ਼ੋਕ ਵਰਮਾ
ਬਠਿੰਡਾ , 15 ਜੁਲਾਈ 2026 : ਸਾਹਿਤ ਸਿਰਜਣਾ ਮੰਚ(ਰਜਿ.) ਬਠਿੰਡਾ ਦੀ ਮਹੀਨਾ ਵਾਰ ਮਿਲਣੀ ਇੱਥੋਂ ਦੇ ਟੀਚਰਜ਼ ਹੋਮ ਵਿਖੇ ਮੰਚ ਦੇ ਪ੍ਰਧਾਨ ਸੁਰਿੰਦਰਪ੍ਰੀਤ ਘਣੀਆਂ ਦੀ ਪ੍ਰਧਾਨਗੀ ਹੇਠ ਹੋਈ। ਮਿਲਣੀ ਦੀ ਕਾਰਵਾਈ ਚਲਾ ਰਹੇ ਸਭਾ ਦੇ ਸਕੱਤਰ ਡਾ. ਜਸਪਾਲਜੀਤ ਦੇ ਸੱਦੇ 'ਤੇ ਸੁਰਿੰਦਰਪ੍ਰੀਤ ਘਣੀਆਂ ਨੇ ਹਾਜ਼ਰ ਮੈਂਬਰਾਂ ਨੂੰ ਹਾਰਦਿਕ ਜੀ ਆਇਆਂ ਕਹਿੰਦਿਆਂ ਮੀਟਿੰਗ ਦੇ ਏਜੰਡੇ ਸਾਂਝੇ ਕੀਤੇ। ਇਸ ਮੌਕੇ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੀ ਅਕਤੂਬਰ- 2026 ਵਿੱਚ ਹੋਣ ਜਾ ਰਹੀ ਚੋਣ ਲਈ ਨਵੀਂ ਮੈਂਬਰਸ਼ਿਪ ਕਰਨ ਲਈ ਹਾਜ਼ਰ ਲੇਖਕਾਂ ਨੂੰ ਅਪੀਲ ਕਰਦਿਆਂ ਸ੍ਰੀ ਘਣੀਆਂ ਨੇ ਕਿਹਾ ਕਿ ਸਥਾਪਿਤ ਲੇਖਕਾਂ ਤੋਂ ਇਲਾਵਾ ਨਵੇਂ ਲੇਖਕਾਂ ਨੂੰ ਵੀ ਖਾਸ ਤੌਰ ਤੇ ਕੇਂਦਰੀ ਸਭਾ ਦੇ ਮੈਂਬਰ ਬਣਾਇਆ ਜਾਵੇ। ਸਰਬਸੰਮਤੀ ਨਾਲ ਕੀਤੇ ਇਕ ਫੈਸਲੇ ਅਨੁਸਾਰ ਸਭਾ ਵੱਲੋਂ ਨੇੜਲੇ ਭਵਿੱਖ ਵਿੱਚ ਸੁਖਦਰਸ਼ਨ ਗਰਗ ਦੇ ਰੁਬਾਈ ਸੰਗ੍ਰਹਿ 'ਧਰਤ ਪਿਆਸੀ' ਉੱਪਰ ਗੋਸ਼ਟੀ ਅਤੇ ਕਵੀ ਦਰਬਾਰ ਕਰਵਾਉਣ ਦਾ ਫੈਸਲਾ ਕੀਤਾ ਗਿਆ।
ਰਚਨਾਵਾਂ ਦੇ ਦੌਰ ਵਿੱਚ ਸੁਖਦਰਸ਼ਨ ਗਰਗ ਨੇ ਤਿੰਨ ਰੁਬਾਈਆਂ, ਪ੍ਰੋ.ਤਰਸੇਮ ਨਰੂਲਾ, ਮੀਤ ਬਠਿੰਡਾ ਅਤੇ ਸੁਰਿੰਦਰਪ੍ਰੀਤ ਘਣੀਆਂ ਨੇ ਭਾਵਪੂਰਤ ਗ਼ਜ਼ਲਾਂ ਸੁਣਾਈਆਂ। ਅਮਰਜੀਤ ਕੌਰ ਹਰੜ, ਲੀਲਾ ਸਿੰਘ ਰਾਏ ਤੋਂ ਇਲਾਵਾ ਨਵੇਂ ਸ਼ਾਇਰਾਂ ਸੁਖਨੂਰ ਖ਼ਿਆਲੀ, ਜਸਵਿੰਦਰ ਖੁੱਡੀਆਂ, ਪ੍ਰੋ. ਜਸਕਰਨ ਜਸ ਅਤੇ ਅਰਸ਼ਦੀਪ ਨੇ ਪ੍ਰੋੜ ਅਤੇ ਭਾਪੂਰਤ ਰਚਨਾਵਾਂ ਸੁਣਾ ਕੇ ਵਿਸ਼ੇਸ਼ ਵਾਹ- ਵਾਹ ਕਰਵਾਈ। ਇਸ ਤੋਂ ਇਲਾਵਾ ਡਾ.ਅਜੀਤਪਾਲ ਸਿੰਘ ਨੇ ਕਵਿਤਾ 'ਮਿਹਨਤਕਸ਼ਾਂ ਨੂੰ ਵੰਗਾਰ', ਡਾ. ਜਸਪਾਲਜੀਤ ਨੇ ਵਿਅੰਗਾਤਮਕ ਕਵਿਤਾ 'ਕੁਲੀਗਨਾਵਾਂ,' ਰਾਮ ਦਿਆਲ ਸੇਖੋਂ ਨੇ ਕਵਿਤਾ 'ਰਿਸ਼ਤੇ', ਪੋਰਿੰਦਰ ਕੁਮਾਰ ਸਿੰਗਲਾ ਨੇ ਮਨੁੱਖੀ ਭਾਵਨਾਵਾਂ ਅਤੇ ਵਰਤਮਾਨ ਹਾਲਾਤਾਂ ਨੂੰ ਪੇਸ਼ ਕਰਦੀਆਂ ਪ੍ਰੋੜ ਰਚਨਾਵਾਂ ਹਾਜ਼ਰੀਨ ਨਾਲ ਸਾਂਝੀਆਂ ਕੀਤੀਆਂ ।
ਇਸ ਮੌਕੇ ਸਭਾ ਦੇ ਮੁੱਖ ਸਲਾਹਕਾਰ ਪ੍ਰਿੰ. ਜਗਮੇਲ ਸਿੰਘ ਜਠੌਲ, ਸਲਾਹਕਾਰ ਅਮਰਜੀਤ ਪੇਂਟਰ ਅਤੇ ਕਾਰਜਕਾਰੀ ਮੈਂਬਰ ਹਰਕਮਲਜੀਤ ਗਿੱਲ ਵੀ ਹਾਜ਼ਰ ਸਨ। ਪੜ੍ਹੀਆਂ ਗਈਆਂ ਉਪਰੋਕਤ ਰਚਨਾਵਾਂ ਸਬੰਧੀ ਪ੍ਰੋ. ਜਸਕਰਨ ਜਸ ਨੇ ਆਪਣਾ ਸਮੁੱਚਾ ਪ੍ਰਭਾਵ ਪ੍ਰਗਟਾਉਂਦਿਆਂ ਕਿਹਾ ਕਿ ਸਾਰੇ ਹੀ ਲੇਖਕਾਂ ਨੇ ਆਪਣੀਆਂ ਰਚਨਾਵਾਂ ਵਿੱਚ ਵਰਤਮਾਨ ਰਾਜਨੀਤਕ, ਧਾਰਮਿਕ, ਸਮਾਜਿਕ ਅਤੇ ਸੱਭਿਆਚਾਰ ਦੇ ਕਰੂਰ ਯਥਾਰਥ ਨੂੰ ਬਾਖੂਬੀ ਪੇਸ਼ ਕਰਦਿਆਂ ਗੰਭੀਰ ਸਵਾਲ ਖੜੇ ਕੀਤੇ ਹਨ। ਉਹਨਾਂ ਕਿਹਾ ਕਿ ਇੱਕ ਚੰਗੀ ਰਚਨਾ ਦੇ ਅਨੇਕਾਂ ਪਾਸਾਰ ਅਤੇ ਪਰਤਾਂ ਹੁੰਦੀਆਂ ਹਨ ਜਿਨਾਂ ਨੂੰ ਆਲੋਚਕਾਂ ਅਤੇ ਪਾਠਕਾਂ ਨੇ ਸਮਝ ਕੇ ਆਤਮਸਾਤ ਕਰਨਾ ਹੁੰਦਾ ਹੈ। ਪ੍ਰੋੜ ਗ਼ਜ਼ਲਗੋ ਸੁਰਿੰਦਰਪ੍ਰੀਤ ਘਣੀਆਂ ਨੇ ਨਵੇਂ ਸ਼ਾਇਰਾਂ ਨਾਲ ਗ਼ਜ਼ਲ ਦੇ ਕਈ ਮਹੱਤਵਪੂਰਨ ਬੁਨਿਆਦੀ ਨੁਕਤੇ ਸਾਂਝੇ ਕਰਦਿਆਂ ਕਿਹਾ ਕਿ ਮਹਿਜ਼ ਕਾਫ਼ੀਏ ਮਿਲਾਉਣੇ ਹੀ ਗ਼ਜ਼ਲਕਾਰੀ ਨਹੀਂ ਹੁੰਦੀ ।
ਗਜ਼ਲ ਵਿੱਚ ਗ਼ਜ਼ਲਕਾਰ ਨੂੰ ਆਪਣੇ ਸੱਭਿਆਚਾਰ ਵਿੱਚੋਂ ਢੁਕਵੇਂ ਸ਼ਬਦ ,ਬਿੰਬ, ਪ੍ਰਤੀਕ, ਮੁਹਾਵਰੇ ਕਹਾਵਤਾਂ ਆਦਿ ਰਾਹੀਂ ਆਪਣੀ ਦਾਰਸ਼ਨਿਕਤਾ ਨੂੰ ਕਲਾਤਮਿਕ ਢੰਗ ਨਾਲ ਪੇਸ਼ ਕਰਨਾ ਹੁੰਦਾ ਹੈ। ਇਸ ਮੌਕੇ ਸਰਬਸੰਮਤੀ ਨਾਲ ਪਾਸ ਕੀਤੇ ਗਏ ਇੱਕ ਮਤੇ ਰਾਹੀਂ ਮਨੁੱਖੀ ਅਧਿਕਾਰ ਕਾਰਕੁੰਨ ਮਰਹੂਮ ਜਸਵੰਤ ਸਿੰਘ ਖਾਲੜਾ ਦੇ ਜੀਵਨ ਸੰਘਰਸ਼, ਮਨੁੱਖੀ ਅਧਿਕਾਰਾਂ ਅਤੇ ਉਹਨਾਂ ਦੀ ਸ਼ਹਾਦਤ ਨੂੰ ਪੇਸ਼ ਕਰਦੀ ਫਿਲਮ 'ਸਤਲੁਜ' 'ਤੇ ਕੇਂਦਰ ਸਰਕਾਰ ਵੱਲੋਂ ਪਾਬੰਦੀ ਲਾਉਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਇਸ ਨੂੰ ਕਲਾ, ਸਾਹਿਤ,ਫਿਲਮਾਂ ਅਤੇ ਹੋਰ ਮਾਧਿਅਮਾਂ ਰਾਹੀਂ ਬੋਲਣ ਦੀ ਆਜ਼ਾਦੀ ਦੇ ਪ੍ਰਗਟਾਵੇ 'ਤੇ ਵੱਡਾ ਹਮਲਾ ਕਰਾਰ ਦਿੱਤਾ। ਅੰਤ ਵਿੱਚ ਪ੍ਰੋ. ਤਰਸੇਮ ਨਰੂਲਾ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ।
- Download Babushahi App
-
-