ਗੱਡੀਆਂ ਦੀ ਲੁੱਟ-ਖੋਹ ਮਾਮਲੇ ਵਿੱਚ ਵੱਡੀ ਕਾਮਯਾਬੀ: ਦੋ ਸਾਲਾਂ ਤੋਂ ਫ਼ਰਾਰ ਭਗੌੜਾ ਮੁਲਜ਼ਮ ਪੁਲਿਸ ਅੜਿੱਕੇ
ਸੁਖਮਿੰਦਰ ਭੰਗੂ
ਲੁਧਿਆਣਾ, 15 ਜੁਲਾਈ 2026- ਕਮਿਸ਼ਨਰੇਟ ਪੁਲਿਸ ਲੁਧਿਆਣਾ ਨੂੰ ਗੱਡੀਆਂ ਦੀ ਲੁੱਟ-ਖੋਹ ਦੇ ਇੱਕ ਅਹਿਮ ਮਾਮਲੇ ਵਿੱਚ ਵੱਡੀ ਸਫਲਤਾ ਮਿਲੀ ਹੈ। ਥਾਣਾ ਮਾਡਲ ਟਾਊਨ ਦੀ ਪੁਲਿਸ ਨੇ ਲੰਬੇ ਸਮੇਂ ਤੋਂ ਫ਼ਰਾਰ ਚੱਲ ਰਹੇ ਅਤੇ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤੇ ਗਏ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ।
ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਸਵਪਨ ਸ਼ਰਮਾ, ਆਈ.ਪੀ.ਐਸ., ਸਹਾਇਕ ਕਮਿਸ਼ਨਰ ਪੁਲਿਸ ਰੁਪਿੰਦਰ ਸਿੰਘ, ਆਈ.ਪੀ.ਐਸ., ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜੋਨ-3 ਦੇਵ ਸਿੰਘ, ਆਈ.ਪੀ.ਐਸ. ਅਤੇ ਸਹਾਇਕ ਕਮਿਸ਼ਨਰ ਪੁਲਿਸ ਸਿਵਲ ਲਾਈਨ ਸਰਬਜੀਤ ਸਿੰਘ, ਪੀ.ਪੀ.ਐਸ. ਦੀ ਯੋਗ ਅਗਵਾਈ ਹੇਠ ਇੰਸਪੈਕਟਰ ਗੁਰਸਿੰਦਰ ਕੌਰ ਦੀ ਅਗਵਾਈ ਵਾਲੀ ਟੀਮ ਨੇ ਇਹ ਕਾਰਵਾਈ ਅਮਲ ਵਿੱਚ ਲਿਆਂਦੀ।
ਪੁਲਿਸ ਵੱਲੋਂ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਥਾਣਾ ਮਾਡਲ ਟਾਊਨ ਵਿੱਚ ਦਰਜ ਮੁਕੱਦਮਾ ਨੰਬਰ 81 ਮਿਤੀ 3 ਜੂਨ 2023 ਅਧੀਨ ਧਾਰਾ 379-ਬੀ(2), 34, 411 ਅਤੇ 201 ਤਹਿਤ ਲੋੜੀਂਦੇ ਮੁਲਜ਼ਮ ਪ੍ਰਿਤਪਾਲ ਸਿੰਘ ਉਰਫ਼ ਬੱਬਲੂ ਪੁੱਤਰ ਪਿੰਦਰ ਸਿੰਘ ਵਾਸੀ ਪੱਤੀ ਭੁੱਲਰ, ਪਿੰਡ ਬੁੱਟਰ, ਜ਼ਿਲ੍ਹਾ ਮੋਗਾ ਨੂੰ 14 ਜੁਲਾਈ 2026 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਪੁਲਿਸ ਅਨੁਸਾਰ ਮੁਲਜ਼ਮ ਗੱਡੀਆਂ ਦੀ ਲੁੱਟ-ਖੋਹ ਦੇ ਮਾਮਲੇ ਵਿੱਚ ਕਾਫ਼ੀ ਸਮੇਂ ਤੋਂ ਫ਼ਰਾਰ ਚੱਲ ਰਿਹਾ ਸੀ। ਇਸ ਦੇ ਲਗਾਤਾਰ ਗੈਰਹਾਜ਼ਰ ਰਹਿਣ ਕਾਰਨ ਮਾਨਯੋਗ ਅਦਾਲਤ ਦੀ ਜੱਜ ਸ਼੍ਰੀਮਤੀ ਸਾਰੂ ਮਹਿਤਾ ਕੌਸ਼ਿਕ ਵੱਲੋਂ ਇਸ ਨੂੰ ਭਗੌੜਾ ਐਲਾਨਿਆ ਗਿਆ ਸੀ।
ਗ੍ਰਿਫ਼ਤਾਰੀ ਤੋਂ ਬਾਅਦ ਮੁਲਜ਼ਮ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਦਿੱਤਾ ਗਿਆ ਹੈ। ਕਮਿਸ਼ਨਰੇਟ ਪੁਲਿਸ ਵੱਲੋਂ ਅਪਰਾਧੀਆਂ ਅਤੇ ਭਗੌੜੇ ਮੁਲਜ਼ਮਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਆਉਣ ਵਾਲੇ ਦਿਨਾਂ ਵਿੱਚ ਵੀ ਅਜਿਹੀਆਂ ਕਾਰਵਾਈਆਂ ਜਾਰੀ ਰਹਿਣਗੀਆਂ।
- Download Babushahi App
-
-