ਪਾਣੀ ਦੀ ਬਚਤ ਤੇ ਲੱਖਾਂ ਦੀ ਕਮਾਈ: ਬਰਨਾਲਾ ਦੇ ਕਿਸਾਨ ਸਤਨਾਮ ਸਿੰਘ ਨੇ 'ਡ੍ਰੈਗਨ ਫਰੂਟ' ਦੀ ਖੇਤੀ ਨਾਲ ਪੇਸ਼ ਕੀਤੀ ਮਿਸਾਲ
Kamaljit Singh Sandhu
ਬਰਨਾਲਾ, 15 ਜੁਲਾਈ 2026- ਪੰਜਾਬ ਵਿੱਚ ਲਗਾਤਾਰ ਡਿੱਗ ਰਹੇ ਪਾਣੀ ਦੇ ਪੱਧਰ ਦਰਮਿਆਨ ਬਰਨਾਲਾ ਜ਼ਿਲ੍ਹੇ ਦੇ ਪਿੰਡ ਠੁੱਲੇਵਾਲ ਦੇ ਇੱਕ ਅਗਾਂਹਵਧੂ ਕਿਸਾਨ ਸਤਨਾਮ ਸਿੰਘ ਨੇ ਖੇਤੀਬਾੜੀ ਵਿੱਚ ਇੱਕ ਨਵੀਂ ਮਿਸਾਲ ਕਾਇਮ ਕੀਤੀ ਹੈ। ਰਵਾਇਤੀ ਕਣਕ-ਝੋਨੇ ਦੇ ਫਸਲੀ ਚੱਕਰ ਨੂੰ ਛੱਡ ਕੇ ਸਤਨਾਮ ਸਿੰਘ ਪਿਛਲੇ ਕੁਝ ਸਾਲਾਂ ਤੋਂ ਸਫਲਤਾਪੂਰਵਕ 'ਡ੍ਰੈਗਨ ਫਰੂਟ' (Dragon Fruit) ਦੀ ਖੇਤੀ ਕਰ ਰਹੇ ਹਨ।
ਤਕਰੀਬਨ 10 ਸਾਲ ਪਹਿਲਾਂ ਸਿਰਫ਼ ਅੱਧੇ ਏਕੜ ਤੋਂ ਸ਼ੁਰੂਆਤ ਕਰਨ ਵਾਲੇ ਸਤਨਾਮ ਸਿੰਘ ਅੱਜ 4 ਏਕੜ ਰਕਬੇ ਵਿੱਚ ਇਸ ਦੀ ਖੇਤੀ ਕਰ ਰਹੇ ਹਨ। ਇਸ ਵਿੱਚੋਂ 3 ਏਕੜ ਵਿੱਚ ਰਵਾਇਤੀ ਤਰੀਕੇ ਨਾਲ ਅਤੇ 1 ਏਕੜ ਵਿੱਚ ਖੇਤੀਬਾੜੀ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨੈੱਟ ਹਾਊਸ ਲਗਾ ਕੇ ਖੇਤੀ ਕੀਤੀ ਜਾ ਰਹੀ ਹੈ।
ਕਿਸਾਨ ਸਤਨਾਮ ਸਿੰਘ ਅਨੁਸਾਰ ਡ੍ਰੈਗਨ ਫਰੂਟ ਦੀ ਖੇਤੀ ਵਿੱਚ 98 ਫੀਸਦੀ ਤੱਕ ਪਾਣੀ ਦੀ ਬਚਤ ਹੁੰਦੀ ਹੈ। ਮੀਂਹ, ਤਾਲਾਬ ਅਤੇ ਨਹਿਰੀ ਪਾਣੀ ਨੂੰ ਇਕੱਠਾ ਕਰਕੇ ਇਸ ਦੀ ਸਿੰਚਾਈ ਆਸਾਨੀ ਨਾਲ ਕੀਤੀ ਜਾ ਸਕਦੀ ਹੈ, ਜਿਸ ਨਾਲ ਧਰਤੀ ਹੇਠਲੇ ਪਾਣੀ 'ਤੇ ਨਿਰਭਰਤਾ ਖਤਮ ਹੁੰਦੀ ਹੈ।
ਮੁਨਾਫ਼ੇ ਦੀ ਗੱਲ ਕਰੀਏ ਤਾਂ ਇਸ ਫਸਲ ਤੋਂ ਉਨ੍ਹਾਂ ਨੂੰ ਪ੍ਰਤੀ ਏਕੜ 30 ਤੋਂ 35 ਕੁਇੰਟਲ ਦਾ ਝਾੜ ਮਿਲਦਾ ਹੈ, ਜਿਸ ਨਾਲ ਉਹ ਸਾਲਾਨਾ ਤਕਰੀਬਨ 3 ਲੱਖ ਰੁਪਏ ਪ੍ਰਤੀ ਏਕੜ ਤੱਕ ਦੀ ਸ਼ੁੱਧ ਆਮਦਨ ਕਮਾ ਰਹੇ ਹਨ। ਇਸ ਦੇ ਨਾਲ ਹੀ ਉਹ ਖਾਲੀ ਬਚੀ ਜਗ੍ਹਾ 'ਤੇ ਸਹਿ-ਫਸਲਾਂ (Intercropping) ਬੀਜ ਕੇ ਵਾਧੂ ਮੁਨਾਫਾ ਵੀ ਲੈ ਰਹੇ ਹਨ।
ਇਸ ਸਹਾਇਕ ਧੰਦੇ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ 50 ਫੀਸਦੀ ਤੱਕ ਸਬਸਿਡੀ ਵੀ ਦਿੱਤੀ ਜਾ ਰਹੀ ਹੈ, ਜਿਸ ਦਾ ਲਾਭ ਸਤਨਾਮ ਸਿੰਘ ਲੈ ਚੁੱਕੇ ਹਨ। ਆਪਣੀ ਇਸ ਨਿਵੇਕਲੀ ਪਹਿਲਕਦਮੀ ਲਈ ਸਤਨਾਮ ਸਿੰਘ ਨੂੰ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਵੱਲੋਂ ਕਈ ਵਾਰ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ।
ਡ੍ਰੈਗਨ ਫਰੂਟ ਨੂੰ ਬੇਹੱਦ ਪੌਸ਼ਟਿਕ ਫਲ ਮੰਨਿਆ ਜਾਂਦਾ ਹੈ। ਇਸ ਵਿੱਚ ਓਮੇਗਾ-3, ਓਮੇਗਾ-6, ਫਾਈਬਰ ਅਤੇ ਕਈ ਕੁਦਰਤੀ ਪੌਸ਼ਟਿਕ ਤੱਤ ਭਰਪੂਰ ਮਾਤਰਾ ਵਿੱਚ ਹੁੰਦੇ ਹਨ। ਕਈ ਬਿਮਾਰੀਆਂ ਵਿੱਚ ਡਾਕਟਰ ਵੀ ਇਸ ਫਲ ਨੂੰ ਖਾਣ ਦੀ ਸਲਾਹ ਦਿੰਦੇ ਹਨ, ਜਿਸ ਕਾਰਨ ਬਾਜ਼ਾਰ ਵਿੱਚ ਇਸ ਦੀ ਮੰਗ ਲਗਾਤਾਰ ਵੱਧ ਰਹੀ ਹੈ।
ਕਿਸਾਨ ਸਤਨਾਮ ਸਿੰਘ ਨੇ ਦੂਜੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ, "ਮੈਂ ਸਾਰੇ ਕਿਸਾਨ ਭਰਾਵਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਪਾਣੀ ਬਚਾਉਣ ਵਾਲੀਆਂ ਫਸਲਾਂ ਵੱਲ ਕਦਮ ਵਧਾਉਣ। ਡ੍ਰੈਗਨ ਫਰੂਟ ਦੀ ਖੇਤੀ ਵਿੱਚ ਘੱਟ ਪਾਣੀ, ਵਧੀਆ ਮੁਨਾਫਾ ਅਤੇ ਸਰਕਾਰੀ ਸਬਸਿਡੀ ਤਿੰਨਾਂ ਦਾ ਫਾਇਦਾ ਮਿਲਦਾ ਹੈ।"
- Download Babushahi App
-
-