BKU ਸਿੱਧੂਪੁਰ ਯੂਨੀਅਨ ਨੇ ਦੱਪਰ ਟੋਲ ਪਲਾਜ਼ਾ 5 ਘੰਟੇ ਲਈ ਕੀਤਾ ਟੋਲ ਮੁਕਤ; ਕੇਂਦਰ ਤੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ
ਮਲਕੀਤ ਸਿੰਘ ਮਲਕਪੁਰ
ਲਾਲੜੂ 14 ਜੁਲਾਈ 2026: ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਸੋਮਵਾਰ ਨੂੰ ਅੰਬਾਲਾ-ਚੰਡੀਗੜ੍ਹ ਕੌਮੀਮਾਰਗ ਸਥਿਤ ਦੱਪਰ ਟੋਲ ਪਲਾਜ਼ਾ ਨੂੰ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਟੋਲ ਮੁਕਤ ਰੱਖਿਆ ਗਿਆ ਅਤੇ ਇਸ ਸਮੇਂ ਦੌਰਾਨ ਲੰਘਣ ਵਾਲੇ ਵਾਹਨਾਂ ਤੋਂ ਕੋਈ ਟੋਲ ਫੀਸ ਨਹੀਂ ਵਸੂਲਣ ਦਿੱਤੀ ਗਈ।ਇਹ ਪ੍ਰੋਗਰਾਮ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਟਿਵਾਣਾ ਦੀ ਦੇਖ-ਰੇਖ ਹੇਠ ਅਤੇ ਬਲਾਕ ਪ੍ਰਧਾਨ ਜਸਪਾਲ ਸਿੰਘ ਭਾਂਖਰਪੁਰ ਦੀ ਅਗਵਾਈ ਵਿੱਚ ਕਰਵਾਇਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੜ ਲਿਆਂਦੀ ਜਾ ਰਹੀ ਲੈਂਡ ਪੂਲਿੰਗ ਸਕੀਮ ਕਿਸਾਨਾਂ ਦੇ ਹਿੱਤਾਂ ਦੇ ਵਿਰੁੱਧ ਹੈ ਅਤੇ ਪੰਜਾਬ ਭਰ ਵਿੱਚ ਲੈਂਡ ਮੋਰਗੇਜ ਬੈਂਕਾਂ ਦੀਆਂ ਨੀਤੀਆਂ ਕਿਸਾਨ ਵਿਰੋਧੀ ਹਨ, ਜਿਸ ਨੂੰ ਸਹੀ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਦੀ ਸਹਿਮਤੀ ਤੋਂ ਬਿਨਾਂ ਜ਼ਮੀਨਾਂ ਹਾਸਲ ਕਰਨ ਦੀ ਕੋਸ਼ਿਸ਼ ਨਾ ਕਰੇ।ਆਗੂਆਂ ਨੇ ਕੇਂਦਰ ਸਰਕਾਰ ਵੱਲੋਂ ਅਮਰੀਕਾ ਨਾਲ ਕੀਤੇ ਜਾ ਰਹੇ ਸੰਭਾਵੀ ਵਪਾਰ ਸਮਝੌਤੇ ਦਾ ਵੀ ਵਿਰੋਧ ਕੀਤਾ।
ਉਨ੍ਹਾਂ ਕਿਹਾ ਕਿ ਅਜਿਹੇ ਸਮਝੌਤਿਆਂ ਨਾਲ ਦੇਸ਼ ਦੇ ਕਿਸਾਨਾਂ, ਖ਼ਾਸ ਕਰਕੇ ਪੰਜਾਬ ਦੀ ਖੇਤੀਬਾੜੀ ਅਤੇ ਖੇਤੀ ਉਤਪਾਦਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਧਰਨੇ ਦੌਰਾਨ ਤੇਜਿੰਦਰ ਸਿੰਘ ਭਾਂਖਰਪੁਰ, ਰਣਧੀਰ ਸਿੰਘ, ਹਰੀ ਸਿੰਘ ਦੱਪਰ, ਪਰਮਜੀਤ ਸਿੰਘ ਬਸੌਲੀ, ਬਿੱਲਾ ਮੁਬਾਰਕਪੁਰ, ਮਨਜੀਤ ਸਿੰਘ ਝੁੰਗੀਆਂ, ਜਗਤਾਰ ਸਿੰਘ ਪੰਡਵਾਲਾ, ਜਸਵਿੰਦਰ ਸਿੰਘ ਜਨੇਤਪੁਰ, ਪ੍ਰੇਮ ਸਿੰਘ ਰਾਣਾ, ਸੁਭਾਸ਼ ਰਾਣਾ, ਕੁਲਦੀਪ ਸਿੰਘ ਰਾਣਾ, ਗੁਰਚਰਨ ਸਿੰਘ ਜੋਲਾ, ਹਰਪਾਲ ਸਿੰਘ ਬੇਰਮਾਜਰਾ, ਕੁਲਵਿੰਦਰ ਸਿੰਘ ਆਗਾਪੁਰ, ਹਰਜੀਤ ਸਿੰਘ ਅਤੇ ਹੋਰ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਜਥੇਬੰਦੀ ਦੇ ਆਗੂ ਮੌਜੂਦ ਰਹੇ। ਦੱਪਰ ਟੋਲ ਪਲਾਜ਼ਾ ਦੇ ਅਧਿਕਾਰੀ ਸੰਤੋਸ਼ ਕੁਮਾਰ ਨੇ ਦੱਸਿਆ ਕਿ ਅੱਜ ਆਮ ਦਿਨਾਂ ਦੇ ਮੁਕਾਬਲੇ ਟੋਲ ਪਲਾਜ਼ਾ ਤੋਂ ਵਾਹਨਾਂ ਦੀ ਆਵਾਜਾਈ ਵੱਧ ਰਹੀ। ਕਿਸਾਨਾਂ ਵੱਲੋਂ ਟੋਲ ਮੁਕਤ ਕੀਤੇ ਜਾਣ ਕਾਰਨ ਟੋਲ ਪਲਾਜ਼ਾ ਨੂੰ ਕਰੀਬ 6 ਲੱਖ ਰੁਪਏ ਦਾ ਆਰਥਿਕ ਨੁਕਸਾਨ ਹੋਇਆ ਹੈ, ਜਿਸ ਦਾ ਅੰਤਿਮ ਮੁਲਾਂਕਣ ਕੀਤਾ ਜਾ ਰਿਹਾ ਹੈ।
- Download Babushahi App
-
-