ਭਾਈ ਖਾਲੜਾ ਦੀ ਤਸਵੀਰ ਭਾਰਤੀ ਪਾਰਲੀਮੈਂਟ 'ਚ ਲਗਾਈ ਜਾਵੇ, PM ਮੋਦੀ ਸ਼ਹੀਦ ਭਗਤ ਸਿੰਘ ਵਾਂਗ ਸਕੂਲਾਂ 'ਚ ਇਤਿਹਾਸ ਪੜ੍ਹਾਉਣ ਦਾ ਐਲਾਨ ਕਰਨ: ਰਾਜੀਵ ਸਿੰਘ ਰੰਧਾਵਾ
ਅੰਮ੍ਰਿਤਸਰ/ਚੰਡੀਗੜ੍ਹ, 14 ਜੁਲਾਈ 2026- ਮਨੁੱਖੀ ਅਧਿਕਾਰਾਂ ਦੇ ਮਹਾਨ ਰਾਖੇ ਭਾਈ ਜਸਵੰਤ ਸਿੰਘ ਖਾਲੜਾ ਅਤੇ 25 ਹਜ਼ਾਰ ਲਾਵਾਰਸ ਲਾਸ਼ਾਂ ਦੀ ਯਾਦ ਵਿੱਚ ਕਰਵਾਏ ਗਏ ਇੱਕ ਵਿਸ਼ੇਸ਼ ਸ਼ਰਧਾਂਜਲੀ ਸਮਾਗਮ ਦੌਰਾਨ, ਭਾਈ ਖਾਲੜਾ ਨੂੰ ਅਗਵਾ ਕੀਤੇ ਜਾਣ ਦੀ ਦਿਲ-ਕੰਬਾਊ ਘਟਨਾ ਦੇ ਮੁੱਖ ਅਤੇ ਚਸ਼ਮਦੀਦ ਗਵਾਹ ਰਾਜੀਵ ਸਿੰਘ ਰੰਧਾਵਾ ਨੇ ਸੰਗਤਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਆਪਣੇ ਭਾਸ਼ਣ ਵਿੱਚ ਸਿੱਖ ਕੌਮ ਦੇ ਦੇਸ਼ ਦੀ ਆਜ਼ਾਦੀ ਵਿੱਚ ਪਾਏ ਯੋਗਦਾਨ, ਭਾਈ ਖਾਲੜਾ ਦੇ ਪਰਿਵਾਰਕ ਪਿਛੋਕੜ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਕੀਤੇ ਸੰਘਰਸ਼ ਨੂੰ ਬਾਖ਼ੂਬੀ ਸਾਂਝਾ ਕੀਤਾ।
ਉਨ੍ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਜਿਵੇਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਇਤਿਹਾਸ ਹਰ ਸਕੂਲੀ ਕਿਤਾਬ ਵਿੱਚ ਪੜ੍ਹਾਇਆ ਜਾਂਦਾ ਹੈ, ਉਵੇਂ ਹੀ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਅਤੇ ਸੰਘਰਸ਼ ਨੂੰ ਦੇਸ਼ ਦੇ ਸਮੂਹ ਸਿੱਖਿਆ ਬੋਰਡਾਂ ਦੇ ਸਿਲੇਬਸ ਵਿੱਚ ਸ਼ਾਮਲ ਕੀਤਾ ਜਾਵੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਰਤ 'ਮਦਰ ਆਫ਼ ਡੈਮੋਕਰੇਸੀ' (ਲੋਕਤੰਤਰ ਦੀ ਮਾਂ) ਉਦੋਂ ਹੀ ਬਣੇਗਾ ਅਤੇ ਦੇਸ਼ ਦਾ ਸੰਵਿਧਾਨ ਉਦੋਂ ਹੀ ਸੁਰੱਖਿਅਤ ਰਹੇਗਾ, ਜਿਸ ਦਿਨ ਮਨੁੱਖੀ ਅਧਿਕਾਰਾਂ ਦੇ ਰਾਖੇ ਭਾਈ ਜਸਵੰਤ ਸਿੰਘ ਖਾਲੜਾ ਦੀ ਤਸਵੀਰ ਦੇਸ਼ ਦੀ ਪਾਰਲੀਮੈਂਟ (ਸੰਸਦ) ਵਿੱਚ ਸਨਮਾਨ ਸਹਿਤ ਲਗਾਈ ਜਾਵੇਗੀ।
- Download Babushahi App
-
-