ਸਿਰਫ਼ ਇੱਕ ਫੋਟੋ ਬਣੀ ਸਬੂਤ! ਜਵੈਲਰੀ ਸ਼ੋਰੂਮ 'ਚੋਂ ਲੱਖਾਂ ਦਾ ਸੋਨਾ ਚੋਰੀ ਕਰਨ ਵਾਲਾ ਸ਼ਾਤਿਰ ਦੋਸ਼ੀ ਕਾਬੂ, 27.97 ਗ੍ਰਾਮ ਸੋਨਾ ਬਰਾਮਦ
ਸੁਖਮਿੰਦਰ ਭੰਗੂ
ਲੁਧਿਆਣਾ, 29 ਜੂਨ 2026
ਕਮਿਸ਼ਨਰੇਟ ਪੁਲਿਸ ਲੁਧਿਆਣਾ ਨੇ ਚੋਰੀ ਦੀ ਇੱਕ ਸਨਸਨੀਖੇਜ਼ ਵਾਰਦਾਤ ਨੂੰ ਸੁਲਝਾਉਂਦੇ ਹੋਏ ਸਿਰਫ਼ ਇੱਕ ਫੋਟੋ ਦੇ ਆਧਾਰ 'ਤੇ ਸ਼ਾਤਿਰ ਚੋਰ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ 27.97 ਗ੍ਰਾਮ ਚੋਰੀ ਕੀਤਾ ਸੋਨਾ ਬਰਾਮਦ ਕਰਨ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ।
ਪੁਲਿਸ ਕਮਿਸ਼ਨਰ ਸਵਪਨ ਸ਼ਰਮਾ, ਆਈ.ਪੀ.ਐਸ. ਦੇ ਦਿਸ਼ਾ-ਨਿਰਦੇਸ਼ਾਂ ਹੇਠ ਚੱਲ ਰਹੀ ਵਿਸ਼ੇਸ਼ ਮੁਹਿੰਮ ਦੌਰਾਨ, ਏ.ਡੀ.ਸੀ.ਪੀ. ਜੋਨ-1 ਸਮੀਰ ਵਰਮਾ ਅਤੇ ਏ.ਸੀ.ਪੀ. ਸੈਂਟਰਲ ਅਨਿਲ ਕੁਮਾਰ ਭਨੋਟ ਦੀ ਰਹਿਨੁਮਾਈ ਹੇਠ ਥਾਣਾ ਡਵੀਜ਼ਨ ਨੰਬਰ-1 ਦੀ ਪੁਲਿਸ ਨੇ ਇਹ ਕਾਮਯਾਬੀ ਹਾਸਲ ਕੀਤੀ।
ਜਾਣਕਾਰੀ ਅਨੁਸਾਰ, 9 ਜੂਨ 2026 ਨੂੰ ਨੇਤਾ ਜੀ ਨਗਰ ਦੇ ਰਹਿਣ ਵਾਲੇ ਆਤਮ ਪ੍ਰਕਾਸ਼ ਭਸੀਨ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕੀਤਾ ਗਿਆ ਸੀ। ਇੱਕ ਅਣਪਛਾਤਾ ਵਿਅਕਤੀ ਗਾਹਕ ਬਣ ਕੇ ਜਵੈਲਰੀ ਸ਼ੋਰੂਮ ਵਿੱਚ ਦਾਖ਼ਲ ਹੋਇਆ ਅਤੇ ਸੋਨੇ ਦੇ ਗਹਿਣੇ ਦੇਖਣ ਦੇ ਬਹਾਨੇ ਸੋਨੇ ਦਾ ਹਾਰ, ਝੁਮਕਿਆਂ ਦੀ ਜੋੜੀ ਅਤੇ ਸੋਨੇ ਦਾ ਕਾਂਟਾ ਚੋਰੀ ਕਰਕੇ ਫ਼ਰਾਰ ਹੋ ਗਿਆ।
ਇੰਸਪੈਕਟਰ ਪਰਮਵੀਰ ਸਿੰਘ ਦੀ ਨਿਗਰਾਨੀ ਹੇਠ ਪੁਲਿਸ ਨੇ ਸੀਸੀਟੀਵੀ ਫੁਟੇਜ, ਟੈਕਨੀਕਲ ਜਾਂਚ ਅਤੇ ਖੁਫੀਆ ਸੂਚਨਾ ਦੀ ਮਦਦ ਨਾਲ ਸਿਰਫ਼ ਇੱਕ ਫੋਟੋ ਦੇ ਆਧਾਰ 'ਤੇ ਦੋਸ਼ੀ ਦੀ ਪਛਾਣ ਕਰ ਲਈ। ਦੋਸ਼ੀ ਮੁਹੰਮਦ ਅਫਸਰ, ਵਾਸੀ ਸ਼ਾਮਲੀ (ਉੱਤਰ ਪ੍ਰਦੇਸ਼), ਨੂੰ 25 ਜੂਨ ਨੂੰ ਨਵੀਂ ਦਿੱਲੀ ਦੇ ਹਜ਼ਰਤ ਨਿਜ਼ਾਮੁਦੀਨ ਵੈਸਟ ਇਲਾਕੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ।
ਪੁੱਛਗਿੱਛ ਦੌਰਾਨ ਦੋਸ਼ੀ ਨੇ ਕਬੂਲਿਆ ਕਿ ਉਸ ਨੇ ਚੋਰੀ ਕੀਤਾ ਸੋਨਾ ਮੇਰਠ ਵਿੱਚ ਵੇਚ ਦਿੱਤਾ ਸੀ। ਪੁਲਿਸ ਨੇ ਅਦਾਲਤ ਤੋਂ ਰਿਮਾਂਡ ਹਾਸਲ ਕਰਕੇ ਮੇਰਠ ਵਿੱਚ ਛਾਪੇਮਾਰੀ ਕੀਤੀ ਅਤੇ 27.97 ਗ੍ਰਾਮ ਚੋਰੀ ਕੀਤਾ ਸੋਨਾ ਸਫ਼ਲਤਾਪੂਰਵਕ ਬਰਾਮਦ ਕਰ ਲਿਆ।
ਮੁੱਢਲੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਦੋਸ਼ੀ ਨੇ ਹੋਰ ਸ਼ਹਿਰਾਂ ਵਿੱਚ ਵੀ ਇਸੇ ਤਰ੍ਹਾਂ ਦੀਆਂ ਚੋਰੀਆਂ ਨੂੰ ਅੰਜਾਮ ਦਿੱਤਾ ਹੋ ਸਕਦਾ ਹੈ। ਪੁਲਿਸ ਵੱਲੋਂ ਹੋਰ ਰਿਮਾਂਡ ਲੈ ਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਸ ਨਾਲ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
- Download Babushahi App
-
-