Babushahi Special : ਅਧਿਆਪਕ ਮਸਲਿਆਂ ਦੇ ਹੱਲ ਲਈ ‘ਸਤੌਜ’ ਆਓ, ਫਿਰ ਤੋਹਫੇ ’ਚ ਪੁਲਿਸ ਤੋਂ ਚਲਾਨ ਕਟਵਾਓ
ਅਸ਼ੋਕ ਵਰਮਾ
ਸੰਗਰੂਰ , 29 ਜੂਨ 2026 : ਪੰਜਾਬ ਦੀਆਂ ਸੁਰੱਖਿਆ ਏਜੰਸੀਆਂ ਦੇ ਅੱਖੀਂ ਘੱਟਾ ਪਾਕੇ ਧਰਨਿਆਂ ਮੁਜਾਹਰਿਆਂ ਚੋਂ ਨਿਕਲੀ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪਿੰਡ ਸਤੌਜ ਪੁੱਜੇ 3704 ਅਤੇ 180 ਈਟੀਟੀ ਅਧਿਆਪਕਾਂ ਨੂੰ ਤੰਗ ਪ੍ਰੇਸ਼ਾਨ ਕਰਨ ਲਈ ਪੁਲਿਸ ਨੇ ਉਨ੍ਹਾਂ ਦੀਆਂ ਕਰੀਬ ਇੱਕ ਦਰਜਨ ਗੱਡੀਆਂ ਦੇ ਚਲਾਨ ਕੱਟ ਦਿੱਤੇ ਜਿਸ ਕਾਰਨ ਅਧਿਆਪਕ ਰੋਸ ਨਾਲ ਲੋਹੇ ਲਾਖੇ ਹੋਏ ਪਏ ਹਨ। ਹਾਲਾਂਕਿ ਹੱਕੀ ਮੰਗਾਂ ਲਈ ਧਰਨੇ ਮੁਜ਼ਾਹਰੇ ਕਰਨ ਦਾ ਇਤਿਹਾਸ ਕਾਫੀ ਪੁਰਾਣਾ ਹੈ ਪਰ ਹੈਰਾਨੀਜਨਕ ਹੈ ਕਿ ਅਧਿਆਪਕਾਂ ਦੇ ਰੋਹ ਅੱਗੇ ਬੇਵੱਸ ਪੁਲਿਸ ਪ੍ਰਸ਼ਾਸ਼ਨ ਨੇ ਆਪਣਾ ਗੁੱਸਾ ਸ਼ਾਂਤ ਕਰਨ ਮੁੱਖ ਮੰਤਰੀ ਦੇ ਪਿੰਡ ’ਚ ਚਲਾਨ ਕੱਟਣ ਵਾਲੀ ਕਾਰਵਾਈ ਅੰਜਾਮ ਦੇ ਦਿੱਤੀ। ਪੁਲਿਸ ਰੋਕਾਂ ਦੇ ਬਾਵਜੂਦ ਅਧਿਆਪਕਾਂ ਨੇ ਮੁੱਖ ਮੰਤਰੀ ਦੇ ਜੱਦੀ ਘਰ ਅੱਗੇ ਰੋਸ ਧਰਨਾ ਦਿੱਤਾ ਜਿਸ ਨੂੰ ਚੁਕਵਾਉਣ ਲਈ ਸੰਗਰੂਰ ਪ੍ਰਸ਼ਾਸ਼ਨ ਨੂੰ 7 ਜੁਲਾਈ ਤੱਕ ਮਸਲਾ ਹੱਲ ਕਰਨ ਦਾ ਵਾਅਦਾ ਕਰਨਾ ਪਿਆ ਹੈ।
ਇਸ ਮੌਕੇ ਅਧਿਆਪਕ ਆਗੂਆਂ ਨੇ ਦੋਸ਼ ਲਾਇਆ ਕਿ ਪੁਲਿਸ ਪ੍ਰਸ਼ਾਸ਼ਨ ਵੱਲੋਂ ਤੰਗ ਪ੍ਰੇਸ਼ਾਨ ਕਰਨ ਦੀ ਨੀਅਤ ਨਾਲ ਅੱਜ ਆਪਣੀਆਂ ਮੰਗਾਂ ਅਤੇ ਮਸਲਿਆਂ ਨੂੰ ਲੈਕੇ ਮੁੱਖ ਮੰਤਰੀ ਦੇ ਪਿੰਡ ਸਤੌਜ ਵਿੱਚ ਇਕੱਠੇ ਹੋਏ ਅਧਿਆਪਕਾਂ ਦੀਆਂ ਪਾਰਕਿੰਗ ’ਚ ਖਲੋਤੀਆਂ ਗੱਡੀਆਂ ਦੇ ਚਲਾਨ ਕਰ ਦਿੱਤੇ ਗਏ ਹਨ। ਅਧਿਆਪਕਾਂ ਨੇ ਦੱਸਿਆ ਕਿ ਉਹ ਸਰਕਾਰ ਦੀਆਂ ਅਜਿਹੀਆਂ ਗਿੱਦੜ ਧਮਕੀਆਂ ਤੋਂ ਡਰਨ ਵਾਲੇ ਨਹੀਂ ਅਤੇ ਉਹ ਆਪਣੀਆਂ ਮੰਗਾਂ ਮਨਵਾਏ ਬਿਨਾਂ ਆਪਣਾ ਸੰਘਰਸ਼ ਖਤਮ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਚਲਾਨ ਕੱਟਣ ਵਰਗੀਆਂ ਕਾਰਵਾਈਆਂ ਉਨ੍ਹਾਂ ਦੇ ਹੌਸਲੇ ਨਹੀਂ ਡੁਲਾ ਸਕਦੀਆਂ ਅਤੇ ਉਹ ਆਪਣੇ ਹੱਕ ਲੈਕੇ ਹੀ ਪੈਰ ਪਿੱਛੇ ਹਟਾਉਣਗੇ। ਉਨ੍ਹਾਂ ਪੁਲਿਸ ਅਤੇ ਸਿਵਲ ਪ੍ਰਸ਼ਾਸ਼ਨ ਨੂੰ ਅਲਟੀਮੇਟਮ ਦਿੰਦਿਆਂ ਕਿ ਅਧਿਆਪਕ ਅੱਜ ਅਧਿਕਾਰੀਆਂ ਦੇ ਭਰੋਸੇ ’ਤੇ ਵਾਪਿਸ ਪਰਤ ਰਹੇ ਹਨ ਅਤੇ ਜੇਕਰ 7 ਤਰੀਕ ਤੱਕ ਉਨ੍ਹਾਂ ਦਾ ਮਸਲਾ ਹੱਲ ਨਾਂ ਕੀਤਾ ਤਾਂ ਉਹ ਇੱਕ ਵਾਰ ਫਿਰ ਤੋਂ ਪਿੰਡ ਸਤੌਜ ’ਤੇ ਧਾਵਾ ਬੋਲਣ ਲਈ ਆਉਣਗੇ ।
ਉਨ੍ਹਾਂ ਕਿਹਾ ਕਿ ਇਹ ਪੰਜਾਬ ਸਰਕਾਰ ’ਤੇ ਨਿਰਭਰ ਕਰਦਾ ਹੈ ਕਿ ਉਸ ਨੇ ਮਸਲਿਆਂ ਦਾ ਹੱਲ ਕੱਢਣਾ ਹੈ ਜਾਂ ਫਿਰ ਜਬਰ ਦੇ ਰਾਹ ਪੈਣਾ ਹੈ। ਵਿੱਤ ਮੰਤਰੀ ਹਰਪਾਲ ਚੀਮਾ ਤੋਂ ਉਨ੍ਹਾਂ ਦੇ ਵਾਅਦੇ ਮੁਤਾਬਕ ਆਪਣੀਆਂ ਮੰਗਾਂ ਅਤੇ ਮਸਲਿਆਂ ਦਾ ਹੱਲ ਕਰਨ ਦੀ ਮੰਗ ਕਰਨ ਪੁੱਜੇ ਇੰਨ੍ਹਾਂ ਅਧਿਆਪਕਾਂ ਦੀ ਲੀਡਰਸ਼ਿਪ ਨੇ ਚਿਤਾਵਨੀ ਦਿੱਤੀ ਕਿ ਉਨ੍ਹਾਂ ਦਾ ਅਗਲਾ ਐਕਸ਼ਨ ਗੁਪਤ ਹੋ ਸਕਦਾ ਹੈ ਇਸ ਲਈ ਪ੍ਰਸ਼ਾਸ਼ਨ ਕਾਇਮ ਹੋਕੇ ਰਹੇ। ਅੱਜ ਸਤੌਜ ਵਿਖੇ ਮੁੱਖ ਮੰਤਰੀ ਦੇ ਜੱਦੀ ਘਰ ਸਾਹਮਣੇ ਪੁੱਜੇੇ 3704 ਅਧਿਆਪਕਾਂ ਦੇ ਆਗੂ ਹਰਜਿੰਦਰ ਸਿੰਘ ਅਤੇ ਈਟੀਟੀ ਅਧਿਆਪਕ ਯੂਨੀਅਨ ਦੇ ਪ੍ਰਧਾਨ ਕਮਲ ਠਾਕਰ ਨੇ ਦੱਸਿਆ ਕਿ ਸਾਡੀ ਭਰਤੀ ਪ੍ਰਕਿਰਿਆ ਅਤੇ ਮਨਜ਼ੂਰੀ ਪੰਜਾਬ ਦੇ ਪੇਅ ਸਕੇਲ ਅਨੁਸਾਰ ਜਾਰੀ ਕੀਤੀ ਗਈ ਸੀ । ਉਨ੍ਹਾਂ ਦੱਸਿਆ ਕਿ ਸੁਪਰੀਮ ਕੋਰਟ ਤੱਕ ਕਾਨੂੰਨੀ ਜਿੱਤ ਹਾਸਲ ਕਰਨ ਤੋਂ ਬਾਅਦ ਇਹਨਾਂ ਅਧਿਆਪਕਾਂ ਨੂੰ ਲਗਭਗ ਛੇ ਮਹੀਨੇ ਪੰਜਾਬ ਤਨਖਾਹ ਕਮਿਸ਼ਨ ਅਨੁਸਾਰ ਤਨਖਾਹ ਦਿੱਤੀ ਗਈ ਸੀ।
ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਮੁਨਕਰ ਹੋਈ ਸਰਕਾਰ ਨੇ ਫਿਰ ਤੋਂ ਕੇਂਦਰੀ ਪੇਅ ਸਕੇਲ ਲਾਗੂ ਕਰ ਦਿਤੇ। ਉਨ੍ਹਾਂ ਦੱਸਿਆ ਕਿ ਸਿੱਖਿਆ ਮੰਤਰੀ ਅਤੇ ਵਿੱਤ ਮੰਤਰੀ ਨੇ ਇਹਨਾਂ ਅਧਿਆਪਕਾਂ ਨੂੰ ਲਿਖਤੀ ਰੂਪ ਵਿੱਚ ਵੀ ਪੱਤਰ ਜਾਰੀ ਕਰ ਦਿੱਤੇ ਹਨ ਕਿ ਉਹਨਾਂ ਦਾ ਤਨਖਾਹ ਸਕੇਲ ਪੰਜਾਬ ਵਾਲਾ ਬਣਦਾ ਹੈ ਫਿਰ ਵੀ ਧੱਕੇਸ਼ਾਹੀ ਵਾਲੀ ਨੀਤੀ ਤਹਿਤ ਉਨ੍ਹਾਂ ਨੂੰ ਅਧੂਰੇ ਕੇਂਦਰੀ ਤਨਖਾਹ ਸਕੇਲ ਲੈਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜੇਕਰ ਪੁਲਿਸ ਪ੍ਰਸ਼ਾਸਨ ਸਰਕਾਰ ਦੀ ਸ਼ਹਿ ਤੇ ਕਿਸੇ ਪ੍ਰਕਾਰ ਦੀ ਕੋਈ ਧੱਕੇਸ਼ਾਹੀ ਕਰਦਾ ਹੈ ਤਾਂ ਗੁਪਤ ਐਕਸ਼ਨ ਉਲੀਕ ਕੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦੇ ਨੱਕ ਵਿੱਚ ਦਮ ਕਰ ਦਿੱਤਾ ਜਾਵੇਗਾ। ਦੱਸਣਯੋਗ ਹੈ ਕਿ ਦੋਵੇਂ ਅਧਿਆਪਕ ਜੱਥੇਬੰਦੀਆਂ ਪਿਛਲੇ ਸਾਢੇ ਚਾਰ ਸਾਲ ਤੋਂ ਲਗਾਤਾਰ ਪੰਜਾਬ ਦੇ ਤਨਖਾਹ ਸਕੇਲ ਬਹਾਲ ਕਰਨ ਲਈ ਸੰਘਰਸ਼ ਕਰਦੀਆਂ ਆ ਰਹੀਆਂ ਹਨ ਪਰ ਸਰਕਾਰ ਟਾਲਮਟੋਲ ਕਰਦੀ ਆ ਰਹੀ ਹੈ।
ਇਸ ਮੌਕੇ 3704 ਅਧਿਆਪਕ ਯੂਨੀਅਨ ਦੇ ਸੂਬਾ ਆਗੂ ਜਗਜੀਵਨਜੋਤ ਸਿੰਘ ਮਾਨਸਾ , ਦਵਿੰਦਰ ਸਿੰਘ ਸੰਗਰੂਰ , ਈਟੀਟੀ ਅਧਿਆਪਕ ਆਗੂ ਗੌਰਵ ਫਾਜ਼ਿਲਕਾ , ਗੁਰਮੁਖ ਸਿੰਘ ਪਟਿਆਲਾ , ਗੁਰਪ੍ਰੀਤ ਸਿੱਧੂ , ਅਜੈਬ ਸਿੰਘ ਮਾਨਸਾ ਅਤੇ ਭਰਾਤਰੀ ਜੱਥੇਬੰਦੀਆਂ ਗੌਰਮਿੰਟ ਟੀਚਰਜ਼ ਯੂਨੀਆਨ ਮਾਨਸਾ ਦੇ ਸਾਥੀ ਗੁਰਦਾਸ ਸਿੰਘ ਰਾਏਪੁਰ , ਬਲਵਿੰਦਰ ਸਿੰਘ ਉੱਲਕ , ਗੁਰਪ੍ਰੀਤ ਸਿੰਘ ਦਲੇਲਵਾਲਾ ਅਤੇ ਲਖਵਿੰਦਰ ਸਿੰਘ ਮਾਨ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਪੰਜਾਬੀਆਂ ਨੂੰ ਚੁਟਕਲੇ ਸੁਣਾਕੇ ਆਪਣਾ ਪੰਜ ਸਾਲ ਦਾ ਸਮਾਂ ਲੰਘਾਉਣ ਕੰਢੇ ਹਨ ਪਰ ਉਨ੍ਹਾਂ ਨੇ ਸਿਵਾਏ ਲਾਰੇ ਲਾਉਣ ਤੋਂ ਇਲਾਵਾ ਹਕੀਕੀ ਰੂਪ ’ਚ ਕੋਈ ਮਾਅਰਕੇਬਾਜੀ ਵਾਲਾ ਕੰਮ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸੇ ਟਰਕਾਊ ਨੀਤੀ ਕਾਰਨ ਹੀ ਵਿੱਤ ਮੰਤਰੀ ਹਰਪਾਲ ਚੀਮਾ ਦੇ ਦਿੜਬਾ ਹਲਕੇ ਨਾਲ ਸਬੰਧਤ ਪਿੰਡਾਂ ਵਿੱਚ ਪੰਜਾਬ ਸਰਕਾਰ ਦੇ ਉਹ ਚੋਣ ਵਾਅਦੇ ਲੋਕਾਂ ਦੀ ਕਚਹਿਰੀ ਵਿੱਚ ਰੱਖੇ ਜਾ ਰਹੇ ਹਨ ਜਿਨ੍ਹਾਂ ਵਿੱਚੋਂ ਕੋਈ ਇੱਕ ਵੀ ਪੂਰਾ ਨਹੀਂ ਹੋ ਸਕਿਆ ਹੈ।
- Download Babushahi App
-
-