ਲੁਧਿਆਣਾ ਦੀ ਸਿਟੀ ਬੱਸ ਸੇਵਾ 'ਤੇ ਸੰਕਟ ਦੇ ਬੱਦਲ! 120 ਬੱਸਾਂ ਦੀ ਨਿਲਾਮੀ ਦੇ ਹੁਕਮ, ਹਜ਼ਾਰਾਂ ਯਾਤਰੀਆਂ ਦੀਆਂ ਵਧੀਆਂ ਚਿੰਤਾਵਾਂ
ਸੁਖਮਿੰਦਰ ਭੰਗੂ
ਲੁਧਿਆਣਾ, 21 ਜੂਨ 2026
ਉਦਯੋਗਿਕ ਨਗਰੀ ਲੁਧਿਆਣਾ ਦੀ ਜਨਤਕ ਆਵਾਜਾਈ ਪ੍ਰਣਾਲੀ ਨੂੰ ਵੱਡਾ ਝਟਕਾ ਲੱਗਿਆ ਹੈ। ਸਥਾਨਕ ਅਦਾਲਤ ਵੱਲੋਂ 'ਲੁਧਿਆਣਾ ਸਿਟੀ ਬੱਸ ਸਰਵਿਸਿਜ਼ ਲਿਮਟਿਡ' ਦੀਆਂ ਕਰੀਬ 120 ਬੱਸਾਂ ਨੂੰ ਕੁਰਕ ਕਰਕੇ ਨਿਲਾਮ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਫ਼ੈਸਲੇ ਨਾਲ ਸ਼ਹਿਰ ਵਿੱਚ ਚੱਲ ਰਹੀ ਸਿਟੀ ਬੱਸ ਸੇਵਾ ਦੇ ਪੂਰੀ ਤਰ੍ਹਾਂ ਠੱਪ ਹੋਣ ਦਾ ਖ਼ਤਰਾ ਪੈਦਾ ਹੋ ਗਿਆ ਹੈ।
ਅਦਾਲਤ ਦੀ ਵਿਸ਼ੇਸ਼ ਟੀਮ ਵੱਲੋਂ ਮਾਤਾ ਰਾਣੀ ਚੌਕ ਸਥਿਤ ਨਗਰ ਨਿਗਮ ਦੇ ਜ਼ੋਨ-ਏ ਦਫ਼ਤਰ ਦੇ ਬਾਹਰ ਨਿਲਾਮੀ ਸਬੰਧੀ ਨੋਟਿਸ ਵੀ ਚਪਕਾ ਦਿੱਤਾ ਗਿਆ ਹੈ। ਬੱਸਾਂ ਦੀ ਨਿਲਾਮੀ ਲਈ 2 ਜੁਲਾਈ ਦੀ ਤਰੀਕ ਨਿਰਧਾਰਤ ਕੀਤੀ ਗਈ ਹੈ, ਜਦਕਿ ਕਾਰਵਾਈ ਦੀ ਰਿਪੋਰਟ 7 ਜੁਲਾਈ ਤੱਕ ਅਦਾਲਤ ਵਿੱਚ ਪੇਸ਼ ਕੀਤੀ ਜਾਵੇਗੀ।
ਇਹ ਮਾਮਲਾ ਨਗਰ ਨਿਗਮ ਅਤੇ ਨਿੱਜੀ ਬੱਸ ਆਪਰੇਟਰ ਕੰਪਨੀ ਹੋਰਾਈਜ਼ਨ ਕਨੈਕਟ ਟਰਾਂਸਵੇਜ਼ ਪ੍ਰਾਈਵੇਟ ਲਿਮਟਿਡ ਵਿਚਾਲੇ ਕਿਰਾਏ ਵਿੱਚ ਵਾਧੇ ਨੂੰ ਲੈ ਕੇ ਚੱਲ ਰਹੇ ਵਿਵਾਦ ਨਾਲ ਜੁੜਿਆ ਹੋਇਆ ਹੈ। ਕੰਪਨੀ ਦਾ ਦੋਸ਼ ਸੀ ਕਿ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਦੇ ਬਾਵਜੂਦ ਕਿਰਾਇਆ ਨਾ ਵਧਾਏ ਜਾਣ ਕਾਰਨ ਉਸ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪਿਆ। ਅਦਾਲਤ ਨੇ ਪਹਿਲਾਂ ਹੀ ਕੰਪਨੀ ਦੇ ਹੱਕ ਵਿੱਚ 6.88 ਕਰੋੜ ਰੁਪਏ ਮੁਆਵਜ਼ੇ ਦਾ ਫ਼ੈਸਲਾ ਸੁਣਾਇਆ ਸੀ।
ਹਾਲਾਂਕਿ ਨਗਰ ਨਿਗਮ ਨੇ ਇਸ ਫ਼ੈਸਲੇ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ, ਪਰ ਅਦਾਲਤ ਵੱਲੋਂ ਨਿਰਧਾਰਤ ਰਕਮ ਜਮ੍ਹਾਂ ਕਰਵਾਉਣ ਦੀ ਸ਼ਰਤ ਪੂਰੀ ਨਾ ਹੋਣ ਕਾਰਨ ਹੁਣ ਬੱਸਾਂ ਦੀ ਕੁਰਕੀ ਅਤੇ ਨਿਲਾਮੀ ਦੀ ਕਾਰਵਾਈ ਸ਼ੁਰੂ ਹੋ ਗਈ ਹੈ।

ਨਵੇਂ ਨਿਯੁਕਤ ਨਗਰ ਨਿਗਮ ਕਮਿਸ਼ਨਰ ਓਜਸਵੀ ਅਲੰਕਾਰ ਨੇ ਕਿਹਾ ਹੈ ਕਿ ਮਾਮਲੇ ਦੀ ਕਾਨੂੰਨੀ ਜਾਂਚ ਕੀਤੀ ਜਾ ਰਹੀ ਹੈ ਅਤੇ ਕੋਈ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਜੇਕਰ 2 ਜੁਲਾਈ ਨੂੰ ਬੱਸਾਂ ਦੀ ਨਿਲਾਮੀ ਹੋ ਜਾਂਦੀ ਹੈ ਤਾਂ ਲੁਧਿਆਣਾ ਦੇ ਆਖ਼ਰੀ ਦੋ ਬੱਸ ਰੂਟਾਂ 'ਤੇ ਨਿਰਭਰ ਹਜ਼ਾਰਾਂ ਗਰੀਬ, ਮਜ਼ਦੂਰ ਅਤੇ ਮੱਧਵਰਗੀ ਯਾਤਰੀਆਂ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸ਼ਹਿਰ ਦੀ ਜਨਤਕ ਆਵਾਜਾਈ ਲਈ ਇਹ ਇੱਕ ਗੰਭੀਰ ਚੇਤਾਵਨੀ ਮੰਨੀ ਜਾ ਰਹੀ ਹੈ।
"ਕੀ ਲੁਧਿਆਣਾ ਦੀ ਸਿਟੀ ਬੱਸ ਸੇਵਾ ਬਚ ਸਕੇਗੀ ਜਾਂ 2 ਜੁਲਾਈ ਤੋਂ ਬਾਅਦ ਸੜਕਾਂ ਤੋਂ ਗਾਇਬ ਹੋ ਜਾਵੇਗੀ?" — ਇਹ ਸਵਾਲ ਹੁਣ ਹਰ ਸ਼ਹਿਰ ਵਾਸੀ ਦੇ ਮਨ ਵਿੱਚ ਹੈ।
- Download Babushahi App
-
-