Babushahi Special - ਲਾਈਨਮੈਨਾਂ ਨੂੰ ਛੱੱਲੀਆਂ ਵਾਂਗ ਕੁੱਟਣ ਤੋਂ ਭੜਕੇ ਪੰਜਾਬ ਵੱਲੋਂ ਪਟਿਆਲਾ ਪੁਲਿਸ ਦੀ ਤੋਏ ਤੋਏ
ਅਸ਼ੋਕ ਵਰਮਾ
ਬਠਿੰਡਾ, 6 ਜੂਨ 2026 : ਸ਼ੁੱਕਰਵਾਰ ਨੂੰ ਪਾਵਰਕੌਮ ਦੇ ਦਫਤਰ ਅੱਗੇ ਸਹਾਇਕ ਲਾਈਨਮੈਨਾਂ ਦੀ ਅਪਰੈਂਟਿਸਸ਼ਿਪ ਕਰ ਰਹੇ ਨੌਜਵਾਨਾਂ ’ਤੇ ਕੀਤੇ ਵਹਿਸ਼ੀਆਨਾ ਜਬਰ ਅਤੇ ਡਾਂਗਾਂ ਨਾਲ ਛੱਲੀਆਂ ਵਾਂਗ ਕੁੱਟਣ ਨੂੰ ਲੈ ਕੇ ਪਟਿਆਲਾ ਪੁਲਿਸ ਦੀ ਚਾਰ ਚੁਫੇਰਿਓਂ ਨਿਖੇਧੀ ਅਤੇ ਤੋਏ ਤੋਏ ਹੋ ਰਹੀ ਹੈ। ਇਸ ਮਾਮਲੇ ਨੂੰ ਲੈਕੇ ਜਨਤਕ ਧਿਰਾਂ ਅਤੇ ਆਮ ਲੋਕਾਂ ਵੱਲੋਂ ਇੱਕ ਡੀਐਸਪੀ ਦੀ ਭੂਮਿਕਾ ਨੂੰ ਤਾਂ ਵਿਸ਼ੇਸ਼ ਤੌਰ ’ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜੋ ਨੌਜਵਾਨ ਨੂੰ ਡੰਡੇ ਨਾਲ ਕੁੱਟਦਾ ਨਜ਼ਰ ਆਉਂਦਾ ਹੈ। ਸੋਸ਼ਲ ਮੀਡੀਆ ’ਤੇ ਪੁਲਿਸ ਜਬਰ ਦੀ ਵੀਡੀਓ ਵਾਇਰਲ ਹੋਈ ਹੈ ਜਿਸ ਨੂੰ ਦੇਖਣ ਤੋਂ ਇੰਜ ਜਾਪਦਾ ਹੈ ਕਿ ਜਿਵੇਂ ਇਸ ਪੁਲਿਸ ਅਫਸਰ ਦੇ ਸਿਰ ’ਤੇ ਖੂਨ ਸਵਾਰ ਹੋਵੇ। ਇਸੇ ਤਰਾਂ ਹੀ ਵੀਡੀਓ ’ਚ ਪੁਲਿਸ ਮੁਲਾਜਮ ਦੀ ਫੋਟੋ ਵਾਇਰਲ ਹੋ ਰਹੀ ਹੈ ਜਿਸ ’ਤੇ ਇੱਕ ਨੌਜਵਾਨ ਦਾ ਮੋਬਾਇਲ ਖੋਹਣ ਦੇ ਦੋਸ਼ ਲਾਏ ਜਾ ਰਹੇ ਹਨ।
ਮਹੱਤਵਪੂਰਨ ਤੱਥ ਹੈ ਕਿ ਵਟਸਐਪ ਅਤੇ ਫੇਸਬੁੱਕ ਤੇ ਚੱਲ ਰਹੀਆਂ ਇੰਨ੍ਹਾਂ ਵੀਡੀੳਜ਼ ’ਤੇ ਆਮ ਲੋਕ ਪੁਲਿਸ ਦੀ ਇਸ ਕਾਰਵਾਈ ਕਾਰਨ ਸਰਕਾਰ ਦੀ ਥੂ ਥੂ ਕਰ ਰਹੇ ਹਨ। ਆਗੂਆਂ ਦਾ ਕਹਿਣਾ ਹੈ ਕਿ ਜੇਕਰ ਨੌਕਰੀ ਦੀ ਮੰਗ ਕਰ ਰਹੇ ਨੌਜਵਾਨਾਂ ਨੂੰ ਇਸ ਤਰਾਂ ਜਨਤਕ ਤੌਰ ’ਤੇ ਪਸ਼ੂਆਂ ਵਾਂਗ ਕੁੱਟਿਆ ਜਾ ਸਕਦਾ ਹੈ ਤਾਂ ਆਮ ਬੰਦੇ ਨਾਲ ਪੁਲਿਸ ਕੀ ਕਰ ਸਕਦੀ ਹੈ ਇਸ ਦਾ ਸਹਿਜੇ ਹੀ ਅੰਦਾਜਾ ਲਾਇਆ ਜਾ ਸਕਦਾ ਹੈ। ਜਮਹੂਰੀ ਅਧਿਕਾਰ ਸਭਾ ਦੇ ਸੀਨੀਅਰ ਆਗੂ ਡਾਕਟਰ ਅਜੀਤਪਾਲ ਸਿੰਘ ਦਾ ਕਹਿਣਾ ਸੀ ਕਿ ਆਪਣੇ ਆਪ ਨੂੰ ਆਮ ਆਦਮੀ ਕਹਾਉਣ ਲਈ ਅੱਡੀ ਚੋਟੀ ਦਾ ਜੋਰ ਲਾ ਰਹੇ ਹਾਕਮ ਅਮਨ ਕਾਨੂੰਨ ਕਾਇਮ ਰੱਖਣ ਵਾਲੀ ਪੁਲਿਸ ਨੂੰ ਆਪਣੇ ਨਿੱਜੀ ਦਸਤਿਆਂ ਦੀ ਤਰ੍ਹਾ ਇਸਤੇਮਾਲ ਕਰਨ ਲੱਗ ਪਏ ਹਨ ਜਿਸ ਦਾ ਸਿੱਟਾ ਪੰਜਾਬ ਦੇ ਲੋਕਾਂ ਨਾਲ ਦੁਸ਼ਮਣਾਂ ਵਰਗਾ ਵਿਹਾਰ ਕਰਨ ਦੇ ਰੂਪ ’ਚ ਨਿਕਲਣ ਲੱਗਿਆ ਹੈ।
ਕਿਸਾਨ ਆਗੂ ਸ਼ਿੰਗਾਰਾ ਸਿੰਘ ਮਾਨ ਨੇ ਨੌਜਵਾਨਾਂ ਨੂੰ ਛੱਲੀਆਂ ਵਾਂਗ ਕੁੱਟਣ ਅਤੇ ਇੱਕ ਪੁਲਿਸ ਅਧਿਕਾਰੀ ਵੱਲੋਂ ਕੀਤੇ ਗਏ ਤਸ਼ੱਦਦ ਦਾ ਜਿਕਰ ਕਰਦਿਆਂ ਕਿਹਾ ਕਿ ਲੋਕ ਰਾਜ ਵਿੱਚ ਹਰ ਨਾਗਰਿਕ ਨੂੰ ਆਪਣੀ ਅਵਾਜ ਚੁੱਕਣ ਦਾ ਹੱਕ ਹੈ ਪਰ ਪੰਜਾਬ ਸਰਕਾਰ ਜਨਤਾ ਦੀ ਅਵਾਜ ਡੰਡੇ ਦੇ ਜੋਰ ਨਾਲ ਦਬਾਉਣ ਦੇ ਰਾਹ ਤੇ ਤੁਰ ਪਈ ਹੈ । ਉਨ੍ਹਾਂ ਕਿਹਾ ਕਿ ਲੋਕ ਸੇਵਾ ’ਚ ਰਹਿਣ ਦਾ ਦਮ ਭਰਨ ਵਾਲੀ ਪੰਜਾਬ ਪੁਲਿਸ ਦਾ ਇਸ ਤਰਾਂ ਬੇਲਗਾਮ ਹੋਣਾ ਭਾਰਤੀ ਲੋਕਤੰਤਰ ਲਈ ਭਵਿੱਖ ’ਚ ਪੈਦਾ ਹੋਣ ਵਾਲੇੇ ਗੰਭੀਰ ਖਤਰਿਆਂ ਦੀ ਨਿਸ਼ਾਨਦੇਹੀ ਕਰਦਾ ਹੈ । ਦਿਹਾਤੀ ਮਜ਼ਦੂਰ ਸਭਾ ਦੇ ਸੀਨੀਅਰ ਆਗੂ ਕਾਮਰੇਡ ਮਾਹੀਪਾਲ ਨੇ ਪਟਿਆਲਾ ’ਚ ਕੀਤੇ ਪੁਲਿਸ ਜਬਰ ਨੂੰ ਪੂਰੀ ਤਰਾਂ ਜਾਲਿਮਾਨਾ, ਸਰਾਸਰ ਗੈਰ ਸੰਵਿਧਾਨਕ ਅਤੇ ਗੈਰ ਜਿੰਮੇਵਾਰਾਰਾਨਾ ਕਰਾਰ ਦਿੰਦਿਆਂ ਰਾਜਪਾਲ ਪੰਜਾਬ ਤੋਂ ਸਬੰਧਤ ਪੁਲਸ ਅਧਿਕਾਰੀਆਂ ਅਤੇ ਪੁਲਿਸ ਮੁਲਾਜਮਾਂ ਖਿਲਾਫ਼ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਉਨ੍ਹਾਂ ਸਵਾਲ ਕੀਤਾ ਕਿ ਕੀ ਆਪਣੇ ਆਪ ਨੂੰ ਸਧਾਰਨ ਮਨੁੱਖ ਦੱਸਣ ਵਾਲੇ ਮੁੱਖ ਮੰਤਰੀ ਪੰਜਾਬ ਨੂੰ ਉਨ੍ਹਾਂ ਦੀ ਜਮੀਰ ਨੇ ਨਹੀਂ ਝੰਜੋੜਿਆ ਜਦੋਂ ਉਨ੍ਹਾਂ ਦੇ ਰਾਜ ਦੀ ਪੁਲਿਸ ਵੱਲੋਂ ਨੌਕਰੀਆਂ ਮੰਗਦੇ ਮੁੰਡਿਆਂ ਦੀ ਜਾਨਵਰਾਂ ਵਾਂਗ ਕੁੱਟਮਾਰ ਕੀਤੀ ਜਾ ਰਹੀ ਸੀ। ਪੰਜਾਬ ਖੇਤ ਮਜਦੂਰ ਯੂਨੀਅਨ ਦੇ ਜਰਨਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਪੁਲਿਸ ਜਬਰ ਦੀ ਸਖਤ ਸ਼ਬਦਾਂ ’ਚ ਨਿਖੇਧੀ ਕਰਦਿਆਂ ਕਿਹਾ ਕਿ ਲਾਈਨਮੈਨਾਂ ਨਾਲ ਕੀਤੀ ਗਈ ਖਿੱਚ ਧੂਹ ਸਾਬਤ ਕਰਦੀ ਹੈ ਕਿ ਪੰਜਾਬ ਵਿੱਚ ਹੁਣ ਜੰਗਲ ਰਾਜ ਬਣ ਗਿਆ ਹੈ। ਉਨ੍ਹਾਂ ਆਖਿਆ ਕਿ ਸਰਕਾਰ ਦੇ ਨਿਰਦੇਸ਼ਾਂ ’ਤੇ ਪੁਲਿਸ ਨੇ ਅਨੈਨਿਕਤ ਦੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਉਨ੍ਹਾਂ ਆਖਿਆ ਕਿ ਜਿਸ ਡੀਐਸਪੀ ਨੂੰ ਸਥਿਤੀ ਸੰਭਾਲਣ ਲਈ ਧਰਨਾਕਾਰੀ ਨੌਜਵਾਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਸੀ ਉਸ ਵੱਲੋਂ ਬੇਰੁਜ਼ਗਾਰਾਂ ਨੂੰ ਇੰਜ ਕੁੱਟਣ ਤੋਂ ਜਾਪਦਾ ਹੈ ਕਿ ਪੰਜਾਬ ’ਚ ਤੁਗਲਕੀ ਰਾਜ ਦੇ ਦਿਨ ਪਰਤ ਆਏ ਹਨ।
ਠੇਕਾ ਮੁਲਾਜਮ ਸੰਘਰਸ਼ ਮੋਰਚਾ ਦੇ ਆਗੂ ਜਗਸੀਰ ਸਿੰਘ ਭੰਗੂ ਦਾ ਕਹਿਣਾ ਸੀ ਕਿ ਠੇਕਾ ਰਹਿਤ ਨੌਕਰੀਆਂ ਅਤੇ ਬੇਰੁਜ਼ਗਾਰੀ ਖਤਮ ਕਰਨ ਵਰਗੇ ਛਲਾਵਾਪੂਰਨ ਵਾਅਦਿਆਂ ਨਾਲ ਸੱਤਾ ’ਚ ਆਈ ‘ਆਪ’ ਸਰਕਾਰ ਰੁਜਗਾਰ ਦੇਣ ਦੇ ਫਰੰਟ ਤੇ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਅਤੇ ਰੁਜਗਾਰ ਮੰਗਣ ਵਾਲਿਆਂ ਨੂੰ ਪੁਲਿਸ ਰਾਹੀਂ ਦਬਾਉਣ ਦਾ ਰਸਤਾ ਅਖਤਿਆਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਘੜੀਸਣ ਦੀਆਂ ਖਬਰਾਂ ਦੱਸਦੀਆਂ ਹਨ ਕਿ ਪੁਲਿਸ ਨੇ ਲੋਕਾਂ ਦੀ ਅਵਾਜ ਬੰਦ ਕਰਨ ਦਾ ਜੋ ਮਨ ਬਣਾਇਆ ਹੈ ਉਸ ਖਿਲਾਫ ਲੋਕ ਹੁਣ ਫੈਸਲਾਕੁੰਨ ਲੜਾਈ ਲੜਨਗੇ। ਸਰਕਾਰ ਦੇ ਦੰਦ ਹਾਥੀ ਵਾਂਗ ਖਾਣ ਤੇ ਦਿਖਾਉਣ ਦੇ ਵੱਖਰੇ ਦੱਸਦਿਆਂ ਉਨ੍ਹਾਂ ਪੰਜਾਬੀਆਂ ਨੂੰ ਇਹ ਜਾਬਰ ਹੱਲੇ ਠੱਲ੍ਹਣ ਲਈ ਸਾਂਝੀ ਲੜਾਈ ਲੜਨ ਦਾ ਸੱਦਾ ਦਿੱਤਾ ਅਤੇ ਸਰਕਾਰ ਨੂੰ ਜਬਰ ਦੀ ਥਾਂ ਬੇਰੁਜ਼ਗਾਰਾਂ ਕਿਸਾਨਾਂ ,ਮਜਦੂਰਾਂ ਅਤੇ ਮੁਲਾਜਮਾਂ ਦੇ ਮਸਲੇ ਹੱਲ ਕਰਨ ਦੇ ਰਾਹ ਤੁਰਨ ਦੀ ਨਸੀਹਤ ਦਿੱਤੀ।
ਇਹ ਹੈ ਲਾਈਨਮੈਨਾਂ ਦਾ ਮਸਲਾ
ਗੌਰਤਲਬ ਹੈ ਕਿ ਸਹਾਇਕ ਲਾਈਨਮੈਨ ਦੀ ਅਪ੍ਰੈਂਟਿਸਸ਼ਿਪ ਕਰ ਰਹੇ ਨੌਜਵਾਨਾਂ ਨੇ ਪਾਵਰਕੌਮ ਦਫ਼ਤਰ ਅੱਗੇ ਪੱਕਾ ਮੋਰਚਾ ਲਾਇਆ ਹੋਇਆ ਸੀ ਜਿਸ ਦੌਰਾਨ ਧਰਨਕਾਰੀਆਂ ਨੇ ਦਫਤਰ ਦਾ ਗੇਟ ਬੰਦ ਕਰ ਦਿੱਤਾ। ਗੇਟ ਖੁਲ੍ਹਵਾਉਣ ਲਈ ਪੁਲਿਸ ਨੇ ਅਚਾਨਕ ਹੱਲਾ ਬੋਲਿਆ ਅਤੇ ਲਾਠੀਚਾਰਜ ਕਰ ਦਿੱਤਾ ਜਿਸ ਕਰਕੇ ਵੱਡੀ ਗਿਣਤੀ ਨੌਜਵਾਨ ਜਖਮੀ ਹੋ ਗਏ ਅਤੇ ਕਈਆਂ ਦੀਆਂ ਪਗੜੀਆਂ ਉੱਤਰ ਗਈਆਂ । ਜਖਮੀ ਹੋਣ ਕਾਰਨ ਚਾਰ ਯੂਨੀਅਨ ਆਗੂਆਂ ਅਤੇ ਇੱਕ ਪੁਲੀਸ ਮੁਲਾਜ਼ਮ ਨੂੰ ਹਸਪਤਾਲ ਦਾਖਲ ਕਰਵਾਉਣ ਦੀ ਗੱਲ ਵੀ ਸਾਹਮਣੇ ਆਈ ਹੈ।
- Download Babushahi App
-
-