ਖੇਤੀਬਾੜੀ ਵਿਭਾਗ ਨੇ ਜੀਵਨ ਸਿੰਘ ਵਾਲਾ ਵਿਖੇ ਕਿਸਾਨ ਸਿਖਲਾਈ ਕੈਂਪ ਲਾਇਆ
ਅਸ਼ੋਕ ਵਰਮਾ
ਬਠਿੰਡਾ, 6 ਜੂਨ 2026 : ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਡਾ. ਗੁਰਜੀਤ ਸਿੰਘ ਬਰਾੜ ਦੇ ਦਿਸ਼ਾ-ਨਿਰਦੇਸ਼ਾਂ ਹੇਠ ਡਾ. ਪ੍ਰਭਜੋਤ ਕੌਰ ਜਿਲਾ ਸਿਖਲਾਈ ਅਫਸਰ, ਬਠਿੰਡਾ ਦੀ ਅਗਵਾਈ ਨਾਲ ਪਿੰਡ ਜੀਵਨ ਸਿੰਘ ਵਾਲਾ ਬਲਾਕ ਤਲਵੰਡੀ ਸਾਬੋ ਵਿਖੇ ਸਟਾਫ ਦੇ ਸਹਿਯੋਗ ਨਾਲ ਬਲਾਕ ਪੱਧਰੀ ਕਿਸਾਨ ਸਿਖਲਾਈ ਕੈਂਪ ਆਯੋਜਿਤ ਕੀਤਾ ਗਿਆ।
ਡਾ. ਜਸਵਿੰਦਰ ਕੌਰ ਏਡੀਓ (ਟਰੇਨਿੰਗ) ਬਠਿੰਡਾ ਨੇ ਨਰਮੇ ਦੀ ਫ਼ਸਲ ਤੇ ਰਸ ਚੂਸਕ ਕੀੜੇ ਜਿਵੇਂ ਕਿ ਚਿੱਟੀ ਮੱਖੀ, ਤੇਲਾ ਅਤੇ ਭੂਰੀ ਜੂੰ ਦੇ ਕੰਟਰੋਲ ਲਈ ਸ਼ੁਰੂਆਤੀ ਅਵਸਥਾ ਵਿੱਚ ਨਿੰਮ ਦੇ ਤੇਲ ਦੀਆਂ ਸਪਰੇਹਾਂ ਕਰਨ ਬਾਰੇ ਕਿਹਾ ਅਤੇ ਜੇਕਰ ਕੀੜਿਆਂ ਦਾ ਹਮਲਾ ਆਰਥਿਕ ਕਗਾਰ ਤੋਂ ਵੱਧਦਾ ਹੈ ਤਾਂ ਹੀ ਰਸਾਇਣਕ ਸਪਰੇਅ ਕੀਤੀ ਜਾਵੇ। ਜਦੋਂ ਨਰਮੇ ਦੀ ਫਸਲ ਤੇ ਫੁੱਲ ਡੋਡੀਆਂ ਪੈਣ ਉਸ ਟਾਈਮ ਦੇ ਵਿੱਚ ਗੁਲਾਬੀ ਸੁੰਡੀ ਦਾ ਲਗਾਤਾਰ ਸਰਵੇਖਣ ਕੀਤਾ ਜਾਵੇ, ਤਾਂ ਜੋ ਸਮੇਂ-ਸਿਰ ਗੁਲਾਬੀ ਸੁੰਡੀ ਨੂੰ ਕਾਬੂ ਕੀਤਾ ਜਾ ਸਕੇ। ਖੇਤਾਂ ਦੇ ਆਲੇ ਦੁਆਲੇ ਨੂੰ ਨਦੀਨ ਰਾਹਤ ਰੱਖਣ ਬਾਰੇ ਅਪੀਲ ਕੀਤੀ। ਡਾ ਜਸਵਿੰਦਰ ਨੇ ਨਰਮੇ ਵਿੱਚ ਮੈਗਨੀਸ਼ੀਅਮ ਘਾਟ ਕਰਕੇ ਲਾਟ ਨਿਕਲਣ ਦੇ ਲੱਛਣ ਅਤੇ ਹੱਲ ਬਾਰੇ ਦੱਸਿਆ। ਕਿਸਾਨਾਂ ਨੂੰ ਨਰਮੇ ਦੀ ਫਸਲ ਤੇ ਫੁੱਲ ਡੋਡੀ ਨਿਕਲਣ ਤੇ 13:0:45 ਦੀਆਂ ਚਾਰ ਸਪਰੇਹਾਂ ਹਫਤੇ ਹਫਤੇ ਦੇ ਵਖਵੇ ਤੇ ਕਰਨ ਲਈ ਕਿਹਾ।
ਡਾ ਯਾਦਵੀਰ ਕੌਰ ਨੇ ਕਿਸਾਨਾਂ ਨੂੰ ਮਿੱਟੀ ਪਾਣੀ ਦੇ ਨਮੂਨੇ ਲੈਣ ਦੇ ਢੰਗ ਬਾਰੇ ਦੱਸਦਿਆਂ ਹੋਇਆ ਪਰਖ ਕਰਵਾਉਣ ਲਈ ਕਿਹਾ ਤਾਂ ਜੋ ਅਗਲੀ ਫਸਲ ਵਿੱਚ ਖਾਦਾਂ ਦੀ ਸੁਚੱਜੀ ਵਰਤੋ ਕੀਤੀ ਜਾ ਸਕੇ। ਉਹਨਾਂ ਨੇ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ 1500 ਰੁਪਏ ਦੀ ਵਿਤੀ ਮਦਦ ਮਿਲੇਗੀ ,ਇਸ ਬਾਬਤ ਆਪਣੀ ਰਜਿਸਟਰੇਸ਼ਨ 15 ਜੂਨ ਤੋਂ ਪਹਿਲਾਂ ਕਰਨ ਨੂੰ ਕਿਹਾ। ਝੋਨੇ ਦੀ ਤਰ ਵੱਤਰ ਤਰੀਕੇ ਨਾਲ ਸਿੱਧੀ ਬਿਜਾਈ ਕਰਨ ਨਾਲ 15-20% ਪਾਣੀ ਦੀ ਬੱਚਤ ਹੁੰਦੀ ਹੈ ਅਤੇ ਜਮੀਨ ਵਿੱਚ ਪਾਣੀ ਦਾ ਰਿਚਾਰਜ ਜਿਆਦਾ ਹੁੰਦਾ, ਨਾਲ ਹੀ ਜੜਾਂ ਡੂੰਘੀਆਂ ਜਾਂਦੀਆਂ ਹਨ ਜਿਸ ਕਾਰਨ ਲੋਹੇ ਦੀ ਘਾਟ ਨਹੀਂ ਆਉਂਦੀ।
ਡਾ. ਹਰਦੀਪ ਸਿੰਘ, ਵਿਸ਼ਾ ਵਸਤੂ ਮਾਹਰ, ਬਠਿੰਡਾ ਵਲੋਂ ਝੋਨੇ ਦੀ ਪਨੀਰੀ ਦੀ ਬਿਜਾਈ ਦੇ ਸਹੀ ਸਮੇਂ ਅਤੇ ਸਹੀ ਤਰੀਕੇ ਨਾਲ ਪਨੀਰੀ ਤਿਆਰ ਕਰਨ ਦੇ ਢੰਗ ਬਾਰੇ ਕਿਸਾਨਾਂ ਨੂੰ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਪਨੀਰੀ ਵਿਰਲੀ ਹਰੀ ਜਾਂ ਪੀਲੀ ਹੋਣ ਤੇ ਮਧਰੇਪਣ ਦੇ ਰੋਗ ਦੇ ਕਾਰਨਾਂ ਅਤੇ ਰੋਕਥਾਮ ਬਾਰੇ ਦੱਸਿਆ। ਡਾ. ਹਰਦੀਪ ਨੇ ਝੋਨੇ ਵਿੱਚ ਖਾਦਾਂ ਦੀ ਸੰਤੁਲਿਤ ਵਰਤੋ ਬਾਰੇ ਵਿਸਥਾਰ ਪੂਰਵਕ ਦੱਸਿਆ। ਉਨਾਂ ਨੇ ਝੋਨੇ ਵਿੱਚ ਯੂਰੀਏ ਦੀ ਬਿਜਾਈ ਦੀ ਨਿਖੇਦੀ ਕਰਦਿਆਂ ਹੋਇਆ ਯੂਰੀਏ ਨੂੰ ਤਿੰਨ ਵਾਰੀਆਂ ਚ ਵੰਡ ਕੇ ਪਾਉਣ ਬਾਰੇ ਕਿਹਾ। ਡਾ. ਹਰਦੀਪ ਨੇ ਪਕਾਵੀਂ ਮੱਕੀ ਦੇ ਬਿਜਾਈ ਦੇ ਸਮੇਂ ਅਤੇ ਢੰਗ ਬਾਰੇ, ਸਿਫਾਰਿਸ਼ ਖਾਦਾਂ ਬਾਰੇ, ਨਦੀਨਾਂ ਦੀ ਰੋਕਥਾਮ ਅਤੇ ਫਾਲ ਆਰਮੀਵਰਮ ਦੀ ਪਹਿਛਾਣ ਅਤੇ ਰੋਕਥਾਮ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।
ਐਚ.ਡੀ.ਓ ਪ੍ਰਭਜੋਤ ਕੌਰ ਸਬਜ਼ੀਆਂ ਅਤੇ ਬਾਗਾਂ ਤੇ ਮਿਲਣ ਵਾਲੀ ਸਬਸਿਡੀ ਬਾਰੇ ਦੱਸਿਆ। ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਵਿਭਾਗ ਵੱਲੋਂ ਮੋਬਾਇਲ ਮਿੱਟੀ ਪਾਣੀ ਵੈਨ ਭੇਜੀ ਗਈ ਤਾਂ ਜੋ ਮੌਕੇ ਤੇ ਹੀ ਮਿੱਟੀ ਪਾਣੀ ਪਰਖ ਕੀਤਾ ਜਾ ਸਕੇ।
ਸਰਕਲ ਇੰਚਾਰਜ ਡਾ ਗੁਰਪਿੰਦਰ ਸਿੰਘ ਏਡੀਓ ਨੇ ਐਗਰੀ ਸਟੈਕ ਤੇ ਫਾਰਮਰ ਆਈਡੀ ਦੀ ਮਹੱਤਤਾ ਅਤੇ ਬਣਾਉਣ ਬਾਰੇ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ।ਅੰਤ ਵਿੱਚ ਡਾ ਪ੍ਰਭਜੋਤ ਕੌਰ ਨੇ ਕਿਸਾਨਾਂ ਦਾ ਕੈਂਪ ਵਿੱਚ ਆਉਣ ਤੇ ਧੰਨਵਾਦ ਕੀਤਾ।
- Download Babushahi App
-
-