Punjab Breaking: NIA ਕੋਰਟ ਵੱਲੋਂ 3 ਵਿਦਿਆਰਥੀਆਂ ਨੂੰ 10-10 ਸਾਲ ਦੀ ਸਖ਼ਤ ਸਜ਼ਾ- ਜਲੰਧਰ ਦੇ ਕਾਲਜ ਹੋਸਟਲ 'ਚੋਂ ਹੋਈ ਸੀ ਗ੍ਰਿਫ਼ਤਾਰੀ
ਜਲੰਧਰ ਦੇ ਕਾਲਜ ਹੋਸਟਲ 'ਚੋਂ AK-56 ਰਾਈਫਲ, ਪਿਸਤੌਲ ਅਤੇ ਵਿਸਫੋਟਕ ਸਮੇਤ ਹੋਏ ਸਨ ਗ੍ਰਿਫ਼ਤਾਰ
ਦੇਸ਼ ਖ਼ਿਲਾਫ਼ ਸਾਜ਼ਿਸ਼ ਰਚਣ ਦੇ ਦੋਸ਼ ਹੇਠ UAPA, ਅਸਲਾ ਐਕਟ ਅਤੇ ਵਿਸਫੋਟਕ ਐਕਟ ਤਹਿਤ ਸੁਣਾਈ ਸਜ਼ਾ
ਮੋਹਾਲੀ/ਚੰਡੀਗੜ੍ਹ, 4 ਜੂਨ 2026: ਮੋਹਾਲੀ ਸਥਿਤ ਵਿਸ਼ੇਸ਼ ਐਨ.ਆਈ.ਏ. (NIA) ਅਦਾਲਤ ਨੇ ਇੱਕ ਵੱਡਾ ਫੈਸਲਾ ਸੁਣਾਉਂਦਿਆਂ ਪਾਬੰਦੀਸ਼ੁਦਾ ਅੱਤਵਾਦੀ ਜਥੇਬੰਦੀ 'ਅੰਸਾਰ ਗਜ਼ਵਾਤ-ਉਲ-ਹਿੰਦ' (AGH) ਨਾਲ ਜੁੜੇ ਤਿੰਨ ਕਸ਼ਮੀਰੀ ਵਿਦਿਆਰਥੀਆਂ ਨੂੰ 10-10 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ। ਇਹ ਸਜ਼ਾ 8 ਸਾਲ ਪੁਰਾਣੇ ਅੱਤਵਾਦੀ ਸਾਜ਼ਿਸ਼ ਰਚਣ ਦੇ ਮਾਮਲੇ ਵਿੱਚ ਦਿੱਤੀ ਗਈ ਹੈ। ਸਜ਼ਾ ਪਾਉਣ ਵਾਲੇ ਦੋਸ਼ੀਆਂ ਵਿੱਚੋਂ ਇੱਕ ਮਾਰਿਆ ਜਾ ਚੁੱਕੇ ਖੂੰਖਾਰ ਅੱਤਵਾਦੀ ਜ਼ਾਕਿਰ ਮੂਸਾ ਦਾ ਚਚੇਰਾ ਭਰਾ ਹੈ।
ਅਦਾਲਤ ਨੇ ਜੰਮੂ-ਕਸ਼ਮੀਰ ਦੇ ਰਹਿਣ ਵਾਲੇ ਤਿੰਨ ਵਿਦਿਆਰਥੀਆਂ ਜ਼ਾਹਿਦ ਗੁਲਜ਼ਾਰ, ਯਾਸਿਰ ਰਫ਼ੀਕ ਭੱਟ, ਅਤੇ ਮੁਹੰਮਦ ਇਦਰੀਸ ਸ਼ਾਹ ਨੂੰ 1 ਜੂਨ ਨੂੰ ਦੋਸ਼ੀ ਕਰਾਰ ਦਿੱਤਾ ਸੀ। ਵੀਰਵਾਰ ਨੂੰ ਇਨ੍ਹਾਂ ਤਿੰਨਾਂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਜੱਜ ਵੱਲੋਂ ਸਜ਼ਾ ਦਾ ਐਲਾਨ ਕੀਤਾ ਗਿਆ। ਇਹ ਤਿੰਨੋਂ ਇਸ ਸਮੇਂ ਜੇਲ੍ਹ ਵਿੱਚ ਬੰਦ ਹਨ। ਅਦਾਲਤ ਨੇ ਇਨ੍ਹਾਂ ਨੂੰ ਦੇਸ਼ ਵਿਰੁੱਧ ਸਾਜ਼ਿਸ਼ ਰਚਣ ਦਾ ਦੋਸ਼ੀ ਮੰਨਦਿਆਂ ਗੈਰ-ਕਾਨੂੰਨੀ ਗਤੀਵਿਧੀਆਂ ਰੋਕੂ ਐਕਟ (UAPA), ਅਸਲਾ ਐਕਟ ਅਤੇ ਵਿਸਫੋਟਕ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਸਜ਼ਾ ਸੁਣਾਈ ਹੈ। ਇਸੇ ਮਾਮਲੇ ਦੇ ਇੱਕ ਹੋਰ ਦੋਸ਼ੀ ਸੁਹੇਲ ਅਹਿਮਦ ਭੱਟ ਨੂੰ ਅਦਾਲਤ ਨੇ ਪਹਿਲਾਂ ਹੀ ਬਰੀ ਕਰ ਦਿੱਤਾ ਸੀ।
ਇਹ ਮਾਮਲਾ ਅਕਤੂਬਰ 2018 ਦਾ ਹੈ। ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਜਲੰਧਰ ਦੇ ਇੱਕ ਕਾਲਜ ਵਿੱਚ ਪੜ੍ਹਦੇ ਕੁਝ ਵਿਦਿਆਰਥੀ ਕਥਿਤ ਤੌਰ 'ਤੇ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਹਨ। ਇਸ ਸੂਚਨਾ 'ਤੇ ਕਾਰਵਾਈ ਕਰਦਿਆਂ ਪੁਲਿਸ ਨੇ 10 ਅਕਤੂਬਰ 2018 ਨੂੰ ਹੋਸਟਲ ਦੇ ਇੱਕ ਕਮਰੇ ਵਿੱਚ ਛਾਪੇਮਾਰੀ ਕਰਕੇ ਤਿੰਨ ਕਸ਼ਮੀਰੀ ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਫੜੇ ਗਏ ਨੌਜਵਾਨਾਂ ਦੀ ਪਛਾਣ ਜ਼ਾਹਿਦ ਗੁਲਜ਼ਾਰ (ਵਾਸੀ ਅਵੰਤੀਪੋਰਾ), ਯਾਸਿਰ ਰਫ਼ੀਕ ਭੱਟ (ਵਾਸੀ ਤਰਾਲ) ਅਤੇ ਮੁਹੰਮਦ ਇਦਰੀਸ ਸ਼ਾਹ (ਵਾਸੀ ਪੁਲਵਾਮਾ) ਵਜੋਂ ਹੋਈ ਸੀ। ਜਾਂਚਕਰਤਾਵਾਂ ਮੁਤਾਬਕ ਯਾਸਿਰ ਰਫ਼ੀਕ ਭੱਟ, ਅੱਤਵਾਦੀ ਜ਼ਾਕਿਰ ਮੂਸਾ ਦਾ ਚਚੇਰਾ ਭਰਾ ਹੈ। ਗ੍ਰਿਫ਼ਤਾਰੀ ਦੌਰਾਨ ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ AK-56 ਰਾਈਫਲ, ਇੱਕ .30-ਬੋਰ ਮਾਊਜ਼ਰ ਪਿਸਤੌਲ, ਭਾਰੀ ਮਾਤਰਾ ਵਿੱਚ ਗੋਲੀ-ਸਿੱਕਾ ਅਤੇ ਕਰੀਬ ਇੱਕ ਕਿੱਲੋ ਵਿਸਫੋਟਕ ਪਾਊਡਰ (ਜੋ ਕਿ ਅਮੋਨੀਅਮ ਨਾਈਟ੍ਰੇਟ ਦਾ ਮਿਸ਼ਰਣ ਸੀ) ਬਰਾਮਦ ਕੀਤਾ ਸੀ।
ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਦੋਸ਼ੀਆਂ ਦੇ ਸਬੰਧ ਅੱਤਵਾਦੀ ਸੰਗਠਨ ਅੰਸਾਰ ਗਜ਼ਵਾਤ-ਉਲ-ਹਿੰਦ (AGH) ਨਾਲ ਸਨ। ਜਾਂਚ ਏਜੰਸੀਆਂ ਦਾ ਦਾਅਵਾ ਸੀ ਕਿ ਇਹ ਗਰੁੱਪ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਅੱਤਵਾਦੀ ਹਮਲਿਆਂ ਨੂੰ ਅੰਜਾਮ ਦੇਣ ਲਈ ਪੰਜਾਬ ਵਿੱਚ ਪੜ੍ਹਦੇ ਕਸ਼ਮੀਰੀ ਵਿਦਿਆਰਥੀਆਂ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਜਾਂਚ ਵਿੱਚ ਇਹ ਵੀ ਖੁਲਾਸਾ ਹੋਇਆ ਸੀ ਕਿ ਆਪਣੀਆਂ ਗਤੀਵਿਧੀਆਂ ਦੇ ਸਬੰਧ ਵਿੱਚ ਦੋਸ਼ੀ ਅਕਸਰ ਚੰਡੀਗੜ੍ਹ ਵੀ ਆਉਂਦੇ-ਜਾਂਦੇ ਰਹਿੰਦੇ ਸਨ।
- Download Babushahi App
-
-