ਜਗਰਾਓਂ: ਜਿਊਲਰਜ਼ ਦੀ ਦੁਕਾਨ ‘ਤੇ ਹਥਿਆਰਾਂ ਦੀ ਨੋਕ ‘ਤੇ ਲੁੱਟ ਦੀ ਵਾਰਦਾਤ
ਕਥਿਤ ਲੁਟੇਰੇ ਸੋਨੇ ਦੀ ਚੈਨ ਅਤੇ ਚਾਂਦੀ ਦੇ ਗਹਿਣੇ ਲੈ ਕੇ ਫਰਾਰ, ਇੱਕ ਵਿਅਕਤੀ ਜ਼ਖਮੀ
ਦੀਪਕ ਜੈਨ
ਜਗਰਾਓਂ, 28 ਮਈ 2026- ਜਗਰਾਓਂ ਦੇ ਕੱਚਾ ਮਲਕ ਰੋਡ ‘ਤੇ ਉਸ ਵੇਲੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਮੋਟਰਸਾਈਕਲ ਸਵਾਰ ਕਥਿਤ ਲੁਟੇਰਿਆਂ ਵੱਲੋਂ ਇੱਕ ਜਿਊਲਰਜ਼ ਦੀ ਦੁਕਾਨ ‘ਤੇ ਹਥਿਆਰਾਂ ਦੀ ਨੋਕ ‘ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਕੱਚਾ ਮਲਕ ਰੋਡ ‘ਤੇ ਸਥਿਤ “ਕੰਡਾ ਜਿਊਲਰਜ਼” ਨਾਮੀ ਦੁਕਾਨ ‘ਤੇ ਦੇਰ ਸ਼ਾਮ ਤਿੰਨ ਨੌਜਵਾਨ ਪਹੁੰਚੇ, ਜਿਨ੍ਹਾਂ ਕੋਲ ਨੰਗੀ ਕਿਰਪਾਨ ਅਤੇ ਦੋ ਪਿਸਤੌਲ ਹੋਣ ਦੀ ਗੱਲ ਦੱਸੀ ਜਾ ਰਹੀ ਹੈ। ਪੀੜਤ ਦੁਕਾਨਦਾਰ ਮੁਤਾਬਕ ਇਸ ਤੋਂ ਪਹਿਲਾਂ ਕਿ ਉਹ ਕੁਝ ਸਮਝ ਸਕਦੇ, ਉਕਤ ਨੌਜਵਾਨਾਂ ਨੇ ਦੁਕਾਨ ‘ਤੇ ਮੌਜੂਦ ਇੱਕ ਗ੍ਰਾਹਕ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਜ਼ਖਮੀ ਹੋ ਗਿਆ।
ਦੁਕਾਨਦਾਰ ਨੇ ਦੱਸਿਆ ਕਿ ਇਸ ਤੋਂ ਬਾਅਦ ਕਥਿਤ ਲੁਟੇਰਿਆਂ ਵੱਲੋਂ ਦੁਕਾਨ ਵਿੱਚੋਂ ਸੋਨੇ ਦੀ ਚੈਨ ਅਤੇ ਚਾਂਦੀ ਦੇ ਗਹਿਣਿਆਂ ਦੇ ਡੱਬੇ ਲੁੱਟ ਕੇ ਲਿਜਾਣ ਦੀ ਗੱਲ ਕਹੀ ਗਈ ਹੈ। ਉਸ ਦੇ ਅਨੁਸਾਰ ਇਸ ਵਾਰਦਾਤ ਦੌਰਾਨ ਲਗਭਗ 2.5 ਲੱਖ ਰੁਪਏ ਦੇ ਨੁਕਸਾਨ ਦਾ ਅੰਦਾਜ਼ਾ ਹੈ।
ਪੀੜਤ ਨੇ ਇਹ ਵੀ ਦੱਸਿਆ ਕਿ ਜਾਂਦੇ ਸਮੇਂ ਕਥਿਤ ਲੁਟੇਰੇ ਇੱਕ ਥੈਲਾ ਉੱਥੇ ਛੱਡ ਗਏ, ਜਿਸ ਨੂੰ ਨੇੜਲੇ ਦੁਕਾਨਦਾਰ ਵੱਲੋਂ ਖੋਲ੍ਹਿਆ ਗਿਆ।
ਘਟਨਾ ਵਾਲੀ ਥਾਂ ਦੇ ਨੇੜੇ ਸਕੂਟਰ ਅਤੇ ਮੋਟਰਸਾਈਕਲ ਰਿਪੇਅਰ ਦੀ ਦੁਕਾਨ ਚਲਾ ਰਹੇ ਆਕਾਸ਼ਦੀਪ ਸਿੰਘ ਨੇ ਦੱਸਿਆ ਕਿ ਤਿੰਨ ਨੌਜਵਾਨ ਕਾਫੀ ਦੇਰ ਤੋਂ ਉਸ ਦੀ ਦੁਕਾਨ ਦੇ ਸਾਹਮਣੇ ਖੜੇ ਰਹੇ ਅਤੇ ਉਨ੍ਹਾਂ ਵੱਲੋਂ ਪਾਣੀ ਵੀ ਪੀਤਾ ਗਿਆ।
ਉਸ ਨੇ ਦੱਸਿਆ ਕਿ ਜਦੋਂ ਉਹ ਬਾਜ਼ਾਰ ਤੋਂ ਸਮਾਨ ਲੈਣ ਗਿਆ ਅਤੇ ਵਾਪਸ ਆਇਆ ਤਾਂ ਉਸਨੇ ਦੇਖਿਆ ਕਿ ਉਕਤ ਨੌਜਵਾਨਾਂ ਵੱਲੋਂ ਸਾਹਮਣੇ ਸਥਿਤ ਜਿਊਲਰਜ਼ ਦੀ ਦੁਕਾਨ ‘ਤੇ ਲੁੱਟ ਦੀ ਵਾਰਦਾਤ ਕੀਤੀ ਜਾ ਰਹੀ ਸੀ।
ਚਸ਼ਮਦੀਦ ਮੁਤਾਬਕ ਜਦੋਂ ਉਸਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇੱਕ ਨੌਜਵਾਨ ਨੇ ਰਿਵਾਲਵਰ ਦਿਖਾ ਕੇ ਧਮਕੀ ਦਿੱਤੀ, ਜਿਸ ਤੋਂ ਬਾਅਦ ਉਹ ਪਿੱਛੇ ਹਟ ਗਿਆ। ਉਸ ਨੇ ਦੱਸਿਆ ਕਿ ਵਾਰਦਾਤ ਤੋਂ ਬਾਅਦ ਤਿੰਨੇ ਨੌਜਵਾਨ ਮੋਟਰਸਾਈਕਲ ‘ਤੇ ਸ਼ਹਿਰ ਵੱਲ ਫਰਾਰ ਹੋ ਗਏ।
ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਟੀਮ ਮੌਕੇ ‘ਤੇ ਪਹੁੰਚ ਗਈ ਸੀ।
ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਲਾਕੇ ਦੀਆਂ ਸੀਸੀਟੀਵੀ ਫੁਟੇਜ ਖੰਗਾਲੀਆਂ ਜਾ ਰਹੀਆਂ ਹਨ। ਪੁਲਿਸ ਮੁਤਾਬਕ ਜਾਂਚ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ, ਉਨ੍ਹਾਂ ਦੇ ਆਧਾਰ ‘ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
- Download Babushahi App
-
-