ਰਿਟਾਇਰਮੈਂਟ ਤੋਂ ਬਾਅਦ ਵੀ ਸਮਾਜ ਦੀ ਸੇਵਾ ਵਿੱਚ ਡਟੇ ਏਸੀਪੀ ਗੁਰਦੇਵ ਸਿੰਘ
ਸੁਖਮਿੰਦਰ ਭੰਗੂ
ਲੁਧਿਆਣਾ 28 ਮਈ 2026- ਅੱਜ ਦੇ ਸਮੇਂ ਵਿੱਚ ਜਿੱਥੇ ਜ਼ਿਆਦਾਤਰ ਲੋਕ ਸਰਕਾਰੀ ਨੌਕਰੀ ਤੋਂ ਰਿਟਾਇਰ ਹੋਣ ਤੋਂ ਬਾਅਦ ਆਰਾਮਦਾਇਕ ਜੀਵਨ ਬਤੀਤ ਕਰਨ ਨੂੰ ਤਰਜੀਹ ਦਿੰਦੇ ਹਨ, ਉੱਥੇ ਏਸੀਪੀ ਗੁਰਦੇਵ ਸਿੰਘ ਇੱਕ ਅਜਿਹਾ ਨਾਮ ਬਣ ਕੇ ਸਾਹਮਣੇ ਆਏ ਹਨ ਜੋ ਰਿਟਾਇਰਮੈਂਟ ਤੋਂ ਬਾਅਦ ਵੀ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਨਿਭਾ ਰਹੇ ਹਨ। ਉਹ ਨਾ ਸਿਰਫ ਆਪਣੇ ਇਲਾਕੇ ਦੇ ਲੋਕਾਂ ਨੂੰ ਟਰੈਫਿਕ ਨਿਯਮਾਂ ਬਾਰੇ ਜਾਗਰੂਕ ਕਰ ਰਹੇ ਹਨ, ਸਗੋਂ ਖੁਦ ਸੜਕਾਂ ‘ਤੇ ਖੜ੍ਹ ਕੇ ਲੋਕਾਂ ਨੂੰ ਸਹੀ ਤਰੀਕੇ ਨਾਲ ਟਰੈਫਿਕ ਫੋਲੋ ਕਰਨ ਦੀ ਸਿੱਖਿਆ ਵੀ ਦੇ ਰਹੇ ਹਨ।
ਟਰੈਫਿਕ ਦੀ ਸਮੱਸਿਆ ਅੱਜ ਹਰ ਸ਼ਹਿਰ ਦੀ ਇੱਕ ਵੱਡੀ ਚੁਣੌਤੀ ਬਣ ਚੁੱਕੀ ਹੈ। ਸੜਕਾਂ ‘ਤੇ ਵਧ ਰਹੀਆਂ ਗੱਡੀਆਂ, ਬੇਤਰਤੀਬ ਪਾਰਕਿੰਗ, ਸਿਗਨਲ ਤੋੜਨ ਦੀ ਆਦਤ ਅਤੇ ਬਿਨਾਂ ਹੈਲਮੈਟ ਜਾਂ ਸੀਟ ਬੈਲਟ ਦੇ ਸਫਰ ਕਰਨ ਵਾਲੇ ਲੋਕ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਅਜਿਹੇ ਹਾਲਾਤਾਂ ਵਿੱਚ ਏਸੀਪੀ ਗੁਰਦੇਵ ਸਿੰਘ ਵਰਗੇ ਜਾਗਰੂਕ ਅਤੇ ਤਜਰਬੇਕਾਰ ਵਿਅਕਤੀ ਦਾ ਮੈਦਾਨ ਵਿੱਚ ਉਤਰਨਾ ਇੱਕ ਮਿਸਾਲ ਹੈ।
ਉਹ ਲੋਕਾਂ ਨੂੰ ਸਮਝਾਉਂਦੇ ਹਨ ਕਿ ਟਰੈਫਿਕ ਨਿਯਮ ਸਿਰਫ ਪੁਲਿਸ ਦੇ ਡਰ ਕਾਰਨ ਨਹੀਂ, ਸਗੋਂ ਆਪਣੀ ਅਤੇ ਦੂਜਿਆਂ ਦੀ ਜ਼ਿੰਦਗੀ ਦੀ ਸੁਰੱਖਿਆ ਲਈ ਮੰਨੇ ਜਾਣੇ ਚਾਹੀਦੇ ਹਨ। ਉਹ ਖਾਸ ਤੌਰ ‘ਤੇ ਨੌਜਵਾਨਾਂ ਨੂੰ ਪ੍ਰੇਰਿਤ ਕਰਦੇ ਹਨ ਕਿ ਤੇਜ਼ ਰਫ਼ਤਾਰ, ਮੋਬਾਈਲ ਫੋਨ ਦੀ ਵਰਤੋਂ ਅਤੇ ਸਟੰਟਬਾਜ਼ੀ ਵਰਗੀਆਂ ਆਦਤਾਂ ਜ਼ਿੰਦਗੀ ਲਈ ਖਤਰਨਾਕ ਹੋ ਸਕਦੀਆਂ ਹਨ।
ਏਸੀਪੀ ਗੁਰਦੇਵ ਸਿੰਘ ਦੀ ਸਭ ਤੋਂ ਵੱਡੀ ਖੂਬੀ ਇਹ ਹੈ ਕਿ ਉਹ ਸਿਰਫ ਭਾਸ਼ਣ ਨਹੀਂ ਦਿੰਦੇ, ਸਗੋਂ ਖੁਦ ਮੈਦਾਨ ਵਿੱਚ ਖੜ੍ਹ ਕੇ ਲੋਕਾਂ ਨੂੰ ਟਰੈਫਿਕ ਦੀ ਮਹੱਤਤਾ ਸਮਝਾਉਂਦੇ ਹਨ। ਕਈ ਵਾਰ ਉਹ ਸਕੂਲਾਂ, ਕਾਲਜਾਂ ਅਤੇ ਸਮਾਜਿਕ ਸਮਾਗਮਾਂ ਵਿੱਚ ਜਾ ਕੇ ਵੀ ਟਰੈਫਿਕ ਜਾਗਰੂਕਤਾ ਮੁਹਿੰਮ ਚਲਾਉਂਦੇ ਹਨ। ਇਸ ਨਾਲ ਲੋਕਾਂ ਵਿੱਚ ਇੱਕ ਸਕਾਰਾਤਮਕ ਸੰਦੇਸ਼ ਜਾਂਦਾ ਹੈ ਕਿ ਜੇਕਰ ਹਰ ਨਾਗਰਿਕ ਆਪਣੀ ਜ਼ਿੰਮੇਵਾਰੀ ਨੂੰ ਸਮਝੇ ਤਾਂ ਸੜਕ ਹਾਦਸਿਆਂ ਵਿੱਚ ਵੱਡੀ ਕਮੀ ਆ ਸਕਦੀ ਹੈ।
ਅੱਜ ਦੇ ਸਮਾਜ ਵਿੱਚ ਜਿੱਥੇ ਲੋਕ ਅਕਸਰ ਆਪਣੀਆਂ ਜ਼ਿੰਮੇਵਾਰੀਆਂ ਤੋਂ ਪਿੱਛੇ ਹਟਦੇ ਨਜ਼ਰ ਆਉਂਦੇ ਹਨ, ਉੱਥੇ ਏਸੀਪੀ ਗੁਰਦੇਵ ਸਿੰਘ ਦੀ ਇਹ ਸੇਵਾ ਭਾਵਨਾ ਕਾਬਿਲ-ਏ-ਤਾਰੀਫ਼ ਹੈ। ਉਹ ਸਾਬਤ ਕਰ ਰਹੇ ਹਨ ਕਿ ਇੱਕ ਇਨਸਾਨ ਜੇ ਚਾਹੇ ਤਾਂ ਰਿਟਾਇਰਮੈਂਟ ਤੋਂ ਬਾਅਦ ਵੀ ਸਮਾਜ ਨੂੰ ਬਹੁਤ ਕੁਝ ਦੇ ਸਕਦਾ ਹੈ।
ਸਮਾਜ ਨੂੰ ਅਜਿਹੇ ਲੋਕਾਂ ਤੋਂ ਪ੍ਰੇਰਣਾ ਲੈਣ ਦੀ ਲੋੜ ਹੈ, ਕਿਉਂਕਿ ਟਰੈਫਿਕ ਨਿਯਮਾਂ ਦੀ ਪਾਲਣਾ ਸਿਰਫ ਕਾਨੂੰਨੀ ਜ਼ਿੰਮੇਵਾਰੀ ਨਹੀਂ, ਸਗੋਂ ਇੱਕ ਸੱਭਿਆਚਾਰਕ ਅਤੇ ਜ਼ਿੰਮੇਵਾਰ ਨਾਗਰਿਕ ਹੋਣ ਦੀ ਨਿਸ਼ਾਨੀ ਵੀ ਹੈ। ਏਸੀਪੀ ਗੁਰਦੇਵ ਸਿੰਘ ਵਰਗੇ ਵਿਅਕਤੀ ਸੱਚਮੁੱਚ ਸਮਾਜ ਲਈ ਇੱਕ ਪ੍ਰੇਰਣਾ ਸਰੋਤ ਹਨ।
- Download Babushahi App
-
-