ਜਗਰਾਉਂ: ਮਾਈਨਿੰਗ ਵਿਵਾਦ ਨੂੰ ਲੈ ਕੇ ਹੱਦਬੰਦੀ ਦੌਰਾਨ ਖੂਨੀ ਟਕਰਾਅ; ਹਾਕਮ ਧਿਰ ਦੇ ਲੋਕਾਂ 'ਤੇ ਸਰਪੰਚ ਅਤੇ ਸਾਥੀ ਦੀ ਕੁੱਟਮਾਰ ਦੇ ਦੋਸ਼
ਪਿੰਡ ਗੋਰਸੀਆਂ ਖਾਨ ਮਹੁੰਮਦ ਨਜਦੀਕ ਕੀਤੀ ਜਾਣ ਵਾਲੀ ਹੱਦਬੰਦੀ ਉਪਰੰਤ ਹਾਕਮ ਧਿਰ ਦੇ ਲੋਕਾਂ ਵੱਲੋਂ ਸਰਪੰਚ ਅਤੇ ਉਸ ਦੇ ਸਾਥੀ ਦੀ ਕੁੱਟਮਾਰ ਕੀਤੀ।
ਮਾਈਨਿੰਗ ਅਧਿਕਾਰੀਆਂ ਨੇ ਆਖਿਆ ਕਿ ਅਸੀਂ ਪਹਿਲਾਂ ਹੀ ਫੋਨ ਕਰਕੇ ਪੁਲਿਸ ਭੇਜਣ ਦੀ ਕੀਤੀ ਸੀ ਗਲ
ਦੀਪਕ ਜੈਨ
ਜਗਰਾਉਂ 18 ਅਪ੍ਰੈਲ 2026- ਦੋ ਦਿਨ ਪਹਿਲਾਂ ਜਦੋਂ ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਅਤੇ ਪਨਗਰੇਨ ਦੇ ਚੇਅਰਮੈਨ ਡਾ.ਤੇਜਪਾਲ ਸਿੰਘ ਗਿੱਲ ਵੱਲੋਂ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਨਾਲ ਲੈ ਕੇ ਲਾਗਲੇ ਪਿੰਡ ਗੋਰਸੀਆਂ ਖਾਨਮਹੁੰਮਦ ਦੇ ਨਜ਼ਦੀਕ ਜਿਲ੍ਹਾ ਲੁਧਿਆਣਾ ਵਾਲੇ ਪਾਸੇ ਜਿਲ੍ਹਾ ਜਲੰਧਰ ਨਾਲ ਸੰਬੰਧਿਤ ਪਿੰਡ ਉਮਰੋਵਾਲ ਬਘੇਲਾ ਦੀ ਚੱਲ ਰਹੀ ਇੱਕ ਖੰਡ ਵਿੱਚ ਅਚਨਚੇਤ ਛਾਪੇਮਾਰੀ ਕੀਤੀ ਸੀ ਤਾਂ ਉਨਾਂ ਉਸ ਸਮੇਂ ਚੱਲ ਰਹੀ ਇਸ ਪਿੰਡ ਨੂੰ ਇਹ ਕਹਿਕੇ ਰੁਕਵਾ ਦਿੱਤਾ ਸੀ ਕਿ ਇਹ ਖੇਡ ਜਿਲ੍ਹਾ ਜਲੰਧਰ ਦੇ ਪਿੰਡ ਉਮਰੇਵਾਲ ਬਘੇਲਾ ਵਿਚ ਨਹੀਂ ਸਗੋਂ ਲੁਧਿਆਣਾ ਦੇ ਪਿੰਡ ਗੋਰਸੀਆਂ ਖਾਨ ਮਹੁੰਮਦ ਵਾਲੇ ਰਕਬੇ ਵਿੱਚ ਨਜਾਇਜ ਚਲਾਈ ਜਾ ਰਹੀ ਹੈ ਜਿਸ ਨਾਲ ਪਿੰਡ ਗੋਰਸੀਆਂ ਖਾਨ ਮਹੁੰਮਦ ਦੀਆਂ ਬਣੀਆਂ ਸੜਕਾਂ ਦਾ ਵੀ ਨੁਕਸਾਨ ਹੋ ਰਿਹਾ ਹੈ।ਉਸ ਸਮੇਂ ਚੇਅਰਮੈਨ ਗਿੱਲ ਨੂੰ ਪਿੰਡ ਦੇ ਕੁਝ ਲੋਕਾਂ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ ਸੀ। ਭਾਂਵੇ ਉਸ ਸਮੇਂ ਖੰਡ ਚਲਾ ਰਹੀ ਰਜਿੰਦਰਾ ਨਾਂ ਦੀ ਕੰਪਨੀ ਅਤੇ ਮਾਈਨਿੰਗ ਵਿਭਾਗ ਵੱਲੋਂ ਵੀ ਸਫਾਈ ਦਿੱਤੀ ਸੀ ਕਿ ਮਾਈਨਿੰਗ ਵਾਲਾ ਰਕਬਾ ਦਰਿਆ ਸਤਲੁਜ ਪਾਰਲੇ ਪਿੰਡ ਉਮਰੇਵਾਲ ਬਘੇਲਾ ਵਿੱਚ ਪੈਂਦਾ ਹੈ ਅਤੇ ਕੰਪਨੀ ਇਸ ਦੀ ਨਿਕਾਸੀ ਜਿਲ੍ਹਾ ਲੁਧਿਆਣਾ ਵਾਲੇ ਪਾਸੇ ਤੋਂ ਕਰਨ ਦੀ ਮਨਜੂਰੀ ਵੀ ਲਈ ਹੋਈ ਹੈ।ਪਰ ਚੇਅਰਮੈਨ ਗਿੱਲ ਨੇ ਉਸ ਸਮੇਂ ਦੋਹਾਂ ਪਿੰਡਾਂ ਦੀ ਹੱਦਬੰਦੀ ਮਾਲ ਮਹਿਕਮੇ ਤੋਂ ਕਰਵਾਉਣ ਲਈ ਆਖਿਆ। ਅੱਜ ਜਦੋਂ ਏ.ਡੀ.ਸੀ. ਜਗਰਾਉਂ ਦੀ ਦਿਸ਼ਾ ਨਿਰਦੇਸ਼ 'ਤੇ ਤਹਿਸਲਦਾਰ ਰੇਸ਼ਮ ਸਿੰਘ, ਕੰਨਗੋ ਅਭਿਸ਼ੇਕ ਅਰੋੜਾ, ਜੇ.ਈ. ਮਾਈਨਿੰਗ ਕਰਮਪ੍ਰੀਤ ਸਿੰਘ ਲੁਧਿਆਣਾ, ਜੇ.ਈ. ਬੀਰਇੰਦਰ ਸਿੰਘ ਲੁਧਿਆਣਾ. ਜੇ.ਈ. ਮਨਪ੍ਰੀਤ ਸਿੰਘ ਜਲੰਧਰ ਅਤੇ ਹਲਕਾ ਪਟਵਾਰੀ ਸੁਖਵਿੰਦਰ ਸਿੰਘ ਉਕਤ ਦੋਹਾਂ ਪਿੰਡਾਂ ਦੀ ਹੱਦਬੰਦੀ ਲਈ ਪੁੱਜੇ।ਇਸ ਮੌਕੇ 'ਤੇ ਹਾਕਮ ਧਿਰ ਅਤੇ ਮੌਜੂਦਾ ਸਰਪੰਚ ਧਿਰ ਦੇ ਲੋਕ ਵੀ ਹਾਜ਼ਰ ਸਨ। ਜਦ ਅਧਿਕਾਰੀਆਂ ਵੱਲੋਂ ਕੀਤੀ ਗਈ ਹੱਦਬੰਦੀ ਉਪਰੰਤ ਇਹ ਸਾਫ ਹੋ ਗਿਆ ਕਿ ਚੱਲ ਰਹੀ ਖੇਡ ਪਿੰਡ ਉਮਰੇਵਾਲ ਬਘੇਲਾ ਦੇ ਰਕਬੇ ਵਿੱਚ ਹੀ ਪੈਂਦੀ ਹੈ ਤਾਂ ਹਾਕਮ ਧਿਰ ਦੇ ਲੋਕ ਤੇਸ਼ ਵਿੱਚ ਆ ਗਏ। ਉਨਾਂ ਨੇ ਅਧਿਕਾਰੀਆਂ ਤੋਂ ਹੋਰ ਅੱਗੇ ਜਾ ਕੇ ਨਿਸ਼ਾਨਦੇਹੀ ਕਰਨ ਦੀ ਮੰਗ ਕੀਤੀ ਗਈ।ਉਸ ਸਮੇਂ ਵੀ ਪੱਤਰਕਾਰਾਂ ਅਤੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਵੀ ਦੋਹਾਂ ਧਿਰਾਂ ਵਿਚ ਧੱਕਾ ਮੁੱਕੀ ਹੋਈ। ਪਰ ਉਨਾਂ ਨੂੰ ਸ਼ਾਂਤ ਕਰ ਦਿੱਤਾ ਗਿਆ। ਇਸ ਉਪਰੰਤ ਜਦੋਂ ਸਾਰੇ ਮੁਲਾਜਮ ਨਿਸ਼ਾਨਦੇਹੀ ਵਾਲੀ ਜਗ੍ਹਾ ਤੋਂ ਬਾਹਰ ਆ ਗਏ ਤਾਂ ਕੁਝ ਲੋਕਾਂ ਨੇ ਅਚਨਾਕ ਪਿੰਡ ਦੇ ਸਰਪੰਚ ਜਗਦੇਵ ਸਿੰਘ ਪੁੱਤਰ ਕਿਸ਼ਨ ਸਿੰਘ ਅਤੇ ਉਸ ਦੇ ਇੱਕ ਹੋਰ ਸਾਥੀ ਗੁਰਦੀਪ ਸਿੰਘ ਪੁੱਤਰ ਲਾਭਸਿੰਘ ਨੇ ਹਮਲਾ ਕਰਕੇ ਗੁਰਦੀਪ ਸਿੰਘ ਨੂੰ ਤਾਂ ਕਿਸੇ ਮਾਰੂ ਹਥਿਆਰ ਨਾਲ ਲਹੂ ਲੁਹਾਨ ਕਰ ਦਿੱਤਾ। ਜਖਮੀ ਵਿਅਕਤੀਆਂ ਨੇ ਇਸ ਮੌਕੇ ਮੌਜੂਦ ਤਹਿਸੀਲਦਾਰ ਰੇਸਮ ਸਿੰਘ ਨੂੰ ਦੱਸਿਆ ਕਿ ਸਾਡੇ 'ਤੇ ਹਾਕਮ ਧਿਰ ਨਾਲ ਸੰਬੰਧਿਤ ਬੰਦਿਆਂ ਨੇ ਹਮਲਾ ਕੀਤਾ ਹੈ ਜਿੰਨਾਂ ਨੂੰ ਤੁਹਾਡੇ ਵੱਲੋਂ ਹੱਦਬੰਦੀ ਦਾ ਕੀਤਾ ਫੈਸਲਾ ਮਨਜੂਰ ਨਹੀਂ ਹੈ।ਇਸ ਮੌਕੇ ਦਿਹਾਤੀ ਮਜਦੂਰ ਸਭਾ ਦੇ ਜਿਲ੍ਹਾ ਪ੍ਰਧਾਨ ਕਾਮ ਬਲਜੀਤ ਸਿੰਘ ਨੇ ਵੀ ਹਾਕਮ ਧਿਰ ਨੂੰ ਕਟਿਹਰੇ ਵਿੱਚ ਖੜ੍ਹਾ ਕਰਦੇ ਹੋਏ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ। ਉਨਾਂ ਆਖਿਆ ਕਿ ਜੇਕਰ ਦੋਸੀਆਂ ਖਿਲਾਫ ਜਲਦੀ ਸ਼ਾਮਲਾ ਨਾਂ ਦਰਜ ਕੀਤਾ ਤਾਂ ਅਸੀਂ ਵੱਡਾ ਧਰਨਾ ਦੇਣ ਲਈ ਮਜਬੂਰ ਹੋਵਾਂਗੇ । ਦੂਜੇ ਪਾਸੇ ਸਰਪੰਚ ਅਤੇ ਉਸ ਦੇ ਸਾਥੀ 'ਤੇ ਹਮਲਾ ਕਰਨ ਵਾਲੇ ਲੋਕਾਂ 'ਤੇ ਹੈਰਾਨੀ ਪ੍ਰਗਟ ਕਰਦੇ ਹੋਏ ਤਹਿਸੀਲਦਾਰ ਰੇਸ਼ਮ ਸਿੰਘ ਨੇ ਆਖਿਆ ਕਿ ਉਹ ਇਸ ਸੰਬੰਧੀ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਗੱਲ ਕਰ ਰਹੇ ਹਨ। ਇਸ ਮੌਕੇ ਮਾਈਨਿੰਗ ਅਧਿਕਾਰੀਆਂ ਨੇ ਤਾਂ ਇਹ ਵੀ ਦੱਸਿਆ ਕਿ ਅਸੀਂ ਇਸ ਸਬੰਧੀ ਥਾਣਾ ਸਿੱਧਵਾਂ ਬੇਟ ਨੂੰ ਸੂਚਿਤ ਕਰਕੇ ਮੌਕੇ 'ਤੇ ਪੁਲਿਸ ਨਫਰੀ ਭੇਜਣ ਦੀ ਮੰਗ ਕੀਤੀ ਸੀ। ਪਰ ਕੋਈ ਵੀ ਪੁਲਿਸ ਕਰਮੀ ਮੌਕੇ 'ਤੇ ਨਾਂ ਹੋਣ ਕਾਰਨ ਇਹ ਭਾਣਾ ਵਰਤ ਗਿਆ।
Click to Follow Babushahi Facebook Page →