ਬੇਅਦਬੀ ਬਿੱਲ: ਤ੍ਰਿਪਤ ਰਾਜਿੰਦਰ ਬਾਜਵਾ ਨੇ ਚੁੱਕਿਆ 'ਗੁਰੂ ਗ੍ਰੰਥ ਸਾਹਿਬ ਜੀ ਦੀ ਮਰਿਆਦਾ' ਦਾ ਅਹਿਮ ਮੁੱਦਾ; ਪੁਰਾਣੇ ਕੇਸਾਂ 'ਤੇ ਸਰਕਾਰ ਨੂੰ ਦਿੱਤੀ ਸਲਾਹ
ਚੰਡੀਗੜ੍ਹ, 13 ਅਪ੍ਰੈਲ 2026: ਪੰਜਾਬ ਵਿਧਾਨ ਸਭਾ ਵਿੱਚ ਬੇਅਦਬੀ ਵਿਰੋਧੀ ਬਿੱਲ 'ਤੇ ਬਹਿਸ ਦੌਰਾਨ ਕਾਂਗਰਸ MLA ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਬਹੁਤ ਹੀ ਸੰਜੀਦਾ ਨੁਕਤੇ ਉਠਾਏ। ਉਨ੍ਹਾਂ ਨੇ ਜਿੱਥੇ ਕਾਂਗਰਸ ਸਰਕਾਰ ਵੇਲੇ ਦੀ ਕਾਰਵਾਈ ਦਾ ਜ਼ਿਕਰ ਕੀਤਾ, ਉੱਥੇ ਹੀ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਸਮੇਂ ਪਵਿੱਤਰ ਸਰੂਪਾਂ ਦੀ ਮਰਿਆਦਾ ਕਾਇਮ ਰੱਖਣ ਲਈ ਸਰਕਾਰ ਨੂੰ ਸੁਚੇਤ ਕੀਤਾ।
ਤ੍ਰਿਪਤ ਬਾਜਵਾ ਨੇ ਸਦਨ ਨੂੰ ਯਾਦ ਦਿਵਾਇਆ ਕਿ ਬੇਅਦਬੀ ਦੇ ਕੇਸਾਂ ਨੂੰ ਸੀ.ਬੀ.ਆਈ. (CBI) ਕੋਲੋਂ ਵਾਪਸ ਲੈਣ ਲਈ ਕਾਂਗਰਸ ਸਰਕਾਰ ਨੇ ਲੰਬੀ ਲੜਾਈ ਲੜੀ ਸੀ। ਉਨ੍ਹਾਂ ਕਿਹਾ, ਜਦੋਂ CBI ਕੇਸ ਬੰਦ ਕਰਨ ਲੱਗੀ ਸੀ, ਉਦੋਂ ਵਿਧਾਨ ਸਭਾ ਵਿੱਚ ਮਤਾ ਪਾਸ ਕਰਕੇ ਕੇਸ ਪੰਜਾਬ ਪੁਲਿਸ ਨੂੰ ਸੌਂਪੇ ਗਏ ਸਨ। ਕਾਂਗਰਸ ਸਰਕਾਰ ਨੇ ਸੁਪਰੀਮ ਕੋਰਟ ਤੱਕ ਲੜਾਈ ਲੜੀ ਤਾਂ ਜੋ ਪੰਜਾਬ ਦੀ SIT ਆਪਣੀ ਜਾਂਚ ਸ਼ੁਰੂ ਕਰ ਸਕੇ। ਅੱਜ ਜਿਨ੍ਹਾਂ ਅਫ਼ਸਰਾਂ ਦੇ ਫੜੇ ਜਾਣ ਜਾਂ ਜ਼ਮਾਨਤ 'ਤੇ ਹੋਣ ਦੀ ਗੱਲ ਹੋ ਰਹੀ ਹੈ, ਉਨ੍ਹਾਂ ਵਿਰੁੱਧ ਕਾਰਵਾਈ ਦੀ ਸ਼ੁਰੂਆਤ ਉਸੇ ਵੇਲੇ ਹੋਈ ਸੀ।
ਸਰਕਾਰ ਨੂੰ ਅਹਿਮ ਸੁਝਾਅ- "ਕੇਸ ਪ੍ਰੋਪਰਟੀ" ਅਤੇ ਮਰਿਆਦਾ
ਬਾਜਵਾ ਨੇ ਇੱਕ ਬਹੁਤ ਹੀ ਸੰਵੇਦਨਸ਼ੀਲ ਕਾਨੂੰਨੀ ਅਤੇ ਧਾਰਮਿਕ ਨੁਕਤਾ ਉਠਾਇਆ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੰਬੋਧਨ ਕਰਦਿਆਂ ਕਿਹਾ, "ਮਾਨ ਸਾਹਿਬ, ਰੱਬ ਨਾ ਕਰੇ ਜੇ ਕਦੇ ਅਜਿਹੀ ਘਟਨਾ ਮੁੜ ਵਾਪਰਦੀ ਹੈ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਹੁੰਦੀ ਹੈ, ਤਾਂ ਉਹ ਪਵਿੱਤਰ ਸਰੂਪ ਕਾਨੂੰਨੀ ਤੌਰ 'ਤੇ 'ਕੇਸ ਪ੍ਰੋਪਰਟੀ' (ਸਬੂਤ) ਬਣ ਜਾਂਦੇ ਹਨ। ਮੇਰੀ ਬੇਨਤੀ ਹੈ ਕਿ ਬਿੱਲ ਵਿੱਚ ਇਹ ਸਪੱਸ਼ਟ ਕਰੋ ਕਿ ਉਸ ਸਮੇਂ ਗੁਰੂ ਸਾਹਿਬ ਦੇ ਸਰੂਪ ਨੂੰ ਥਾਣੇ ਜਾਂ ਮੈਜਿਸਟ੍ਰੇਟ ਕੋਲ ਰੱਖਣ ਦੀ ਬਜਾਏ ਗੁਰਦੁਆਰਾ ਸਾਹਿਬ ਵਿੱਚ ਪੂਰੀ ਮਰਿਆਦਾ ਨਾਲ ਕਿਵੇਂ ਰੱਖਿਆ ਜਾਵੇ।" ਉਨ੍ਹਾਂ ਕਿਹਾ ਕਿ ਇਸ ਬਾਰੇ ਵਿਚਾਰ ਕਰਨਾ ਬੇਹੱਦ ਜ਼ਰੂਰੀ ਹੈ ਤਾਂ ਜੋ ਕਾਨੂੰਨੀ ਕਾਰਵਾਈ ਦੌਰਾਨ ਗੁਰੂ ਸਾਹਿਬ ਦੀ ਮਰਿਆਦਾ ਨੂੰ ਕੋਈ ਠੇਸ ਨਾ ਪਹੁੰਚੇ।
ਤ੍ਰਿਪਤ ਬਾਜਵਾ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਭਾਵੇਂ ਨਵਾਂ ਕਾਨੂੰਨ ਬਣਾਇਆ ਜਾ ਰਿਹਾ ਹੈ, ਪਰ ਪੰਜਾਬ ਦੇ ਲੋਕਾਂ ਦੇ ਮਨਾਂ ਵਿੱਚ ਬਰਗਾੜੀ ਅਤੇ ਹੋਰ ਪੁਰਾਣੇ ਕੇਸਾਂ ਨੂੰ ਲੈ ਕੇ ਅਜੇ ਵੀ ਦਰਦ ਹੈ। ਉਨ੍ਹਾਂ ਕਿਹਾ ਕਿ ਕੇਸਾਂ ਦਾ ਪੰਜਾਬ ਤੋਂ ਬਾਹਰ ਜਾਣਾ ਚਿੰਤਾਜਨਕ ਹੈ ਅਤੇ ਸਰਕਾਰ ਨੂੰ ਇਨ੍ਹਾਂ ਕੇਸਾਂ ਨੂੰ ਗੰਭੀਰਤਾ ਨਾਲ ਲੈ ਕੇ ਇਨਸਾਫ਼ ਯਕੀਨੀ ਬਣਾਉਣਾ ਚਾਹੀਦਾ ਹੈ।
ਤ੍ਰਿਪਤ ਬਾਜਵਾ ਨੇ ਸਪੱਸ਼ਟ ਕੀਤਾ ਕਿ ਉਹ ਅਤੇ ਉਨ੍ਹਾਂ ਦੀ ਪਾਰਟੀ ਇਸ ਬਿੱਲ ਦੇ ਪੂਰੀ ਤਰ੍ਹਾਂ ਨਾਲ ਹਨ, ਪਰ ਸਰਕਾਰ ਨੂੰ ਇਨ੍ਹਾਂ ਬਾਰੀਕੀਆਂ 'ਤੇ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਇਹ ਕਾਨੂੰਨ ਸਿਰਫ਼ ਕਾਗਜ਼ੀ ਨਾ ਰਹੇ, ਸਗੋਂ ਲੋਕਾਂ ਦੀਆਂ ਭਾਵਨਾਵਾਂ ਅਤੇ ਧਾਰਮਿਕ ਮਰਿਆਦਾ ਦਾ ਵੀ ਰਾਖਾ ਬਣੇ।
Click to Follow Babushahi Facebook Page →