Political Special ਬਠਿੰਡਾ ਹਲਕੇ ’ਚ ਭਾਜਪਾ ਦੇ ਟਕਸਾਲੀਆਂ ਅਤੇ ਨਵੇਂ ਆਗੂਆਂ ਵਿਚਕਾਰ ਅੰਦਰੋ ਅੰਦਰੀ ਖੜਕੀ
ਅਸ਼ੋਕ ਵਰਮਾ
ਬਠਿੰਡਾ , 23 ਮਾਰਚ 2026 : ਬਠਿੰਡਾ ਸ਼ਹਿਰੀ ਹਲਕੇ ’ਚ ਭਾਜਪਾ ਦੇ ਟਕਸਾਲੀਆਂ ਅਤੇ ਦਲ ਬਦਲਕੇ ਬੀਜੇਪੀ ’ਚ ਸ਼ਾਮਲ ਹੋਏ ਆਗੂਆਂ ਵਿਚਕਾਰ ਅੰਦਰੋ ਅੰਦਰੀ ਖੜਕ ਗਈ ਹੈ ਜਿਸ ਦਾ ਪ੍ਰਭਾਵ ਪਾਰਟੀ ’ਤੇ ਪੈਣ ਦੀ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ ਹੈ। ਮਾਮਲਾ ਦੋ ਦਿਨ ਪਹਿਲਾਂ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਤਖ਼ਤ ਸ੍ਰੀ ਦਮਦਮਾ ਸਾਹਿਬ ਰੇਲ Çਲੰਕ ਦਾ ਐਲਾਨ ਕਰਨ ਲਈ ਬਠਿੰਡਾ ਦੌਰੇ ਨਾਲ ਜੁੜਿਆ ਹੈ। ਟਕਸਾਲੀ ਆਗੂਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮੰਤਰੀ ਦੀ ਪ੍ਰੈਸ ਕਾਨਫਰੰਸ ਕਰਨ ਸਬੰਧੀ ਸੱਦਿਆ ਨਹੀਂ ਗਿਆ ਹੈ। ਹੈਰਾਨੀ ਵਾਲੀ ਗੱਲ ਇਹ ਵੀ ਹੈ ਕਿ ਪਾਰਟੀ ਦੇ ਸਹਾਇਕ ਮੀਡੀਆ ਇੰਚਰਾਜ ਸੁਨੀਲ ਸਿੰਗਲਾ ਵਾਸੀ ਬਠਿੰਡਾ ਤੱਕ ਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਸੀ। ਹਾਲਾਂਕਿ ਪਾਰਟੀ ’ਚ ਠੰਢੀ ਜੰਗ ਤੋਂ ਪਹਿਲਾਂ ਤੋਂ ਹੀ ਚੱਲਦੀ ਆ ਰਹੀ ਸੀ ਪਰ ਤਾਜਾ ਮਾਮਲੇ ਨੇ ਬਲਦੀ ’ਤੇ ਤੇਲ ਪਾਉਣ ਦਾ ਕੰਮ ਕੀਤਾ ਹੈ।
ਬਠਿੰਡਾ ਭਾਜਪਾ ’ਚ ਸ਼ੁਰੂ ਹੋਏ ਇਸ ਨਵੇਂ ਕਾਟੋ ਕਲੇਸ਼ ਦੀ ਪੁਸ਼ਟੀ ਕਈ ਆਗੂਆਂ ਨੇ ਆਪਣਾ ਨਾਮ ਨਾਂ ਛਾਪਣ ਦੀ ਸ਼ਰਤ ’ਤੇ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਪਿਛੇ ਲੰਮੇਂ ਸਮੇਂ ਤੋਂ ਨਜ਼ਰ ਅੰਦਾਜ਼ਗੀ ਦਾ ਦਰਦ ਹੰਢਾ ਰਹੇ ਸਨ ਪਰ ਹੁਣ ਤਾਂ ਹੱਦ ਹੀ ਹੋ ਗਈ ਜਦੋਂ ਪੰਜਾਬ ਖਾਸ ਤੌਰ ’ਤੇ ਸਿੱਖ ਸੰਗਤ ਦੀਆਂ ਭਾਵਨਾਵਾਂ ਨਾਲ ਜੁੜੇ ਤਖਤ ਸ਼ੀ ਦਮਦਮਾ ਸਾਹਿਬ ਰੇਲ Çਲੰਕ ਦੇ ਐਲਾਨ ਲਈ ਸੱਦੀ ਪ੍ਰੈਸ ਕਾਨਫਰੰਸ ’ਚ ਸ਼ਾਮਲ ਹੋਣ ਵਾਸਤੇ ਉਨ੍ਹਾਂ ਨੂੰ ਸੱਦਿਆ ਨਹੀਂ ਗਿਆ ਹੈ। ਚਰਚਾ ਹੈ ਕਿ ਕਿਧਰੇ ਅੰਦਰੋ ਅੰਦਰੀ ਟਕਸਾਲੀਆਂ ਨੂੰ ਠਿੱਬੀ ਲਾਉਣ ਦੀ ਤਿਆਰੀ ਤਾਂ ਨਹੀਂ ਕਿਉਂਕਿ ਕਈ ਮਹੀਨੇ ਪਹਿਲਾਂ ਵੀ ਇੱਕ ਮੁੱਦੇ ’ਤੇ ਦੋਵਾਂ ਧਿਰਾਂ ’ਚ ਕਲੇਸ਼ ਪੈਣ ਲੱਗਿਆ ਸੀ ਪਰ ਇੱਕ ਸੀਨੀਅਰ ਆਗੂ ਦੇ ਦਖਲ ਨਾਲ ਬਚਾਅ ਹੋ ਗਿਆ ਸ। ਹੁਣ ਜਦੋਂ 2027 ਦੀਆਂ ਤਿਆਰੀਆਂ ਚੱਲ ਰਹੀਆਂ ਹਨ ਤਾਂ ਬਠਿੰਡਾ ਸ਼ਹਿਰੀ ਹਲਕੇ ’ਚ ਨਵੀਂ ਤਰੇੜ ਪੈਣ ਲੱਗੀ ਹੈ।
ਰੌਚਕ ਪਹਿਲੂ ਇਹ ਵੀ ਹੈ ਕਿ ਇਹ ਨਵਾਂ ਪੁਆੜਾ ਉਸ ਵਕਤ ਪਿਆ ਹੈ ਜਦੋਂ ਖੁਫੀਆ ਏਜੰਸੀਆਂ ਇਹ ਮੰਨਕੇ ਚੱਲ ਰਹੀਆਂ ਹਨ ਕਿ ਜੇਕਰ ਬਠਿੰਡਾ ਭਾਜਪਾ ਦੇ ਸਮੂਹ ਆਗੂ ਇੱਕ ਮੋਰੀ ਨਿਕਲ ਜਾਣ ਤਾਂ ਸ਼ਹਿਰੀ ਹਲਕੇ ’ਚ ਕਮਲ ਦਾ ਫੁੱਲ ਖਿੜਾਇਆ ਜਾ ਸਕਦਾ ਹੈ। ਦਰਅਸਲ ਸ਼੍ਰੋਮਣੀ ਅਕਾਲੀ ਦਲ ਸਹਾਰੇ ਰਾਜਨੀਤੀ ਕਰਨ ਕਾਰਨ ਭਾਜਪਾ ਆਗੂਆਂ ਨੂੰ ਆਪਣਾ ਬਹੁਤਾ ਪ੍ਰਭਾਵ ਦਿਖਾਉਣ ਦਾ ਮੌਕਾ ਨਹੀਂ ਮਿਲ ਸਕਿਆ ਸੀ। ਪਾਰਟੀ ’ਚ ਆਈ ਖੜੋਤ ਨੂੰ ਦੇਖਦਿਆਂ ਪਾਰਟੀ ਹਾਈਕਮਾਂਡ ਨੇ ਬਾਦਲਾਂ ਦੇ ਗੜ੍ਹ ’ਚ ਸਾਬਕਾ ਅਕਾਲੀ ਵਿਧਾਇਕ ਸਰੂਪ ਚੰਦ ਸਿੰਗਲਾ ਨੂੰ ਪਾਰਟੀ ’ਚ ਲਿਆਂਦਾ ਅਤੇ ਜਿਲ੍ਹਾ ਪ੍ਰਧਾਨ ਬਣਾਇਆ। ਸਾਲ 2024 ਦੀਆਂ ਲੋਕ ਸਭਾ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਆ ਆਗੂ ਸਿਕੰਦਰ ਸਿੰਘ ਮਲੂਕਾ ਦੀ ਸਾਬਕਾ ਆਈਏਐਸ ਅਫਸਰ ਨੂੰਹ ਪਰਮਪਾਲ ਕੌਰ ਸਿੱਧੂ ਨੂੰ ਭਾਜਪਾ ’ਚ ਸ਼ਾਮਲ ਕੀਤਾ ਅਤੇ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਦੇ ਮੁਕਾਬਲੇ ਚੋਣ ਲੜਨ ਲਈ ਬਠਿੰਡਾ ਹਲਕੇ ਤੋਂ ਟਿਕਟ ਦਿੱਤੀ।
ਬੇਸ਼ੱਕ ਪਰਮਪਾਲ ਕੌਰ ਚੋਣ ਤਾਂ ਨਹੀਂ ਜਿੱਤ ਸਕੀ ਪਰ ਉਨ੍ਹਾਂ ਸ਼ਹਿਰੀ ਹਲਕੇ ਤੋਂ 36 ਹਜ਼ਾਰ 287 ਵੋਟਾਂ ਹਾਸਲ ਕਰਨ ’ਚ ਸਫਲਤਾ ਹਾਸਲ ਕੀਤੀ ਸੀ ਜਦੋਂਕਿ ਵਿਧਾਨ ਸਭਾ ਚੋਣਾਂ 2022 ਦੌਰਾਨ ਭਾਜਪਾ ਉਮੀਦਵਾਰ ਨੂੰ 12 ਹਜ਼ਾਰ 761 ਵੋਟਾਂ ਪਈਆਂ ਸਨ। ਸੰਸਦੀ ਚੋਣਾਂ ਮੌਕੇ ਸਰੂਪ ਸਿੰਗਲਾ ਦੀ ਅਗਵਾਈ ਹੇਠ ਪਰਮਪਾਲ ਕੌਰ ਸਿੱਧੂ ਨੇ ਅਕਾਲੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੂੰ ਵੀ ਪਛਾੜ ਦਿੱਤਾ ਸੀ ,ਇਹ ਵੱਖਰੀ ਗੱਲ ਹੈ ਕਿ ਫਰਕ ਵੱਡਾ ਨਹੀਂ ਸੀ। ਗਠਜੋੜ ਟੁੱਟਣ ਤੋਂ ਬਾਅਦ ਬਾਦਲਾਂ ਦੀ ਸਿਆਸੀ ਰਾਜਧਾਨੀ ਬਠਿੰਡਾ ’ਚ ਭਾਜਪਾ ਵੱਲੋਂ ਕੀਤਾ ਗਿਆ ਇਹ ਵੱਡਾ ਸਿਆਸੀ ਧਮਾਕਾ ਸੀ। ਇਸੇ ਕਾਰਨ ਹੀ ਪਾਰਟੀ ਹਾਈਕਮਾਂਡ ਦਲਬਦਲੀ ਕਰਵਾਕੇ ਪੈਰ ਜਮਾਉਣ ਵਾਲੇ ਆਪਣੇ ਫਾਰਮੂਲੇ ਨੂੰ ਦਰੁਸਤ ਮੰਨਦੀ ਆ ਰਹੀ ਹੈ। ਉਹ ਵੀ ਉਸ ਵਕਤ ਜਦੋਂ ਸਰੂਪ ਚੰਦ ਸਿੰਗਲਾ ਦੇ ਚਲੇ ਜਾਣ ਤੋਂ ਬਾਅਦ ਬੈਕਫੁੱਟ ’ਤੇ ਆਏ ਸ਼ੋਮਣੀ ਅਕਾਲੀ ਦਲ ਨੂੰ ਸ਼ਹਿਰੀ ਹਲਕੇ ’ਚ ਸੰੰਭਲਣਾ ਮੁਸ਼ਕਲ ਹੋ ਰਿਹਾ ਹੈ।
ਬਿਨਾਂ ਕਾਰਨ ਨਜ਼ਰ ਅੰਦਾਜ
ਇੱਕ ਟਕਸਾਲੀ ਆਗੂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਬਿਨਾਂ ਵਜ੍ਹਾ ਤੋਂ ਦਰਕਿਨਾਰ ਕਰਕੇ ਚਹੇਤਿਆਂ ੂ ਅੱਗੇ ਲਿਆਂਦਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਪ੍ਰਾਪਤੀ ਦੇ ਬਾਵਜੂਦ ਪਾਰਟੀ ਉਹ ਮੁਕਾਮ ਹਾਸਲ ਨਹੀਂ ਕਰ ਸਕੀ ਜੋ ਹੋਣਾ ਚਾਹੀਦਾ ਸੀ। ਉਨ੍ਹਾਂ ਮੰਨਿਆ ਕਿ ਜੇਕਰ ਨਵੀਂ ਲੀਡਰਸ਼ਿਪ ਟਕਸਾਲੀਆਂ ਨੂੰ ਨਾਲ ਲੈਕੇ ਚੱਲੇ ਤਾਂ 2027 ’ਚ ਨਤੀਜਾ ਵੱਖਰਾ ਹੋ ਸਕਦਾ ਹੈ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਬਠਿੰਡਾ ਹਲਕੇ ’ਚ ਪੱਕੇ ਪੈਰੀਂ ਹੋਣ ਲਈ ਨਵਾਂ ਪੁਰਾਣਿਆਂ ’ਚ ਤਾਲਮੇਲ ਅਤੇ ਏਕਤਾ ਜਰੂਰੀ ਹੈ।
ਮੈਨੂੰ ਦੱਸਿਆ ਨਹੀਂ: ਸੁਨੀਲ ਸਿੰਗਲਾ
ਭਾਜਪਾ ਪੰਜਾਬ ਦੇ ਕੋ ਮੀਡੀਆ ਇੰਚਾਰਜ ਸੁਨੀਲ ਸਿੰਗਲਾ ਬਠਿੰਡਾ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਦੇ ਆਉਣ ਸਬੰਧੀ ਕਿਸੇ ਨੇ ਨਹੀਂ ਦੱਸਿਆ ਸੀ। ਉਨ੍ਹਾਂ ਕਿਹਾ ਕਿ ਇਸ ਕਰਕੇ ਉਨ੍ਹਾਂ ਨੇ ਪੱਤਰਕਾਰਾਂ ਨੂੰ ਸੱਦਾ ਨਹੀਂ ਦਿੱਤਾ ਸੀ। ਉਨ੍ਹਾਂ ਹੋਰ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।
ਜਾਣਕਾਰੀ ਨਹੀਂ: ਅਸ਼ਵਨੀ ਸ਼ਰਮਾ
ਭਾਜਪਾ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਇਸ ਸਬੰਧੀ ਕੁੱਝ ਵੀ ਪਤਾ ਨਹੀਂ ਹੈ ਅਤੇ ਕਿਸੇ ਨੇ ਜਾਣਕਾਰੀ ਵੀ ਨਹੀਂ ਦਿੱਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪਾਰਟੀ ਪੂਰੀ ਤਰਾਂ ਇੱਕਜੁਟ ਹੈ ਅਤੇ ਜੇਕਰ ਕੋਈ ਮਸਲਾ ਹੋਇਆ ਤਾਂ ਮਿਲ ਬੈਠਕੇ ਸੁਲਝਾ ਲਿਆ ਜਾਏਗਾ।
Click to Follow Babushahi Facebook Page →